ਸੁਸ਼ਾਂਤ ਸਰੀਨ
ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਟੈਲੀਗ੍ਰਾਫ, ਦਿ ਇਕੋਨੋਮਿਸਟ, ਸਾਊਥ ਚਾਈਨਾ ਮੋਰਨਿੰਗ ਪੋਸਟ, ਸੀਐੱਨਐੱਨ, ਬੀਬੀਸੀ, ਰਾਇਟਰਜ਼, ਬਲੂਮਬਰਗ ਆਦਿ ਦੇ ਨਾਲ-ਨਾਲ ਪਾਕਿਸਤਾਨ ਪ੍ਰਸਤ ਤੁਰਕੀ ਦੇ ਟੀਆਰਟੀ ਅਤੇ ਅਲਕਾਇਦਾ ਦੇ ਭੋਂਪੂ ਰਹੇ ਕਤਰ ਦੇ ਅਲਜਜੀਰਾ ਜਿਹੇ ਚੈਨਲ ਭਾਰਤ ਵਿਰੁੱਧ ਮਾਹੌਲ ਸਿਰਜਦੇ ਰਹੇ।
ਜਨਰਲ ਬਿਪਿਨ ਰਾਵਤ ਨੇ ਦੇਸ਼ ਦੇ ਅੱਗੇ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ ਜਿਸ ਢਾਈ ਮੋਰਚੇ ਦੀ ਗੱਲ ਕੀਤੀ ਸੀ, ਉਸ ਦੀ ਆਪ੍ਰੇਸ਼ਨ ਸਿੰਧੂਰ ਦੇ ਸਮੇਂ ਖ਼ੂਬ ਚਰਚਾ ਹੋਈ ਪਰ ਇਸ ਅੱਧੇ ਮੋਰਚੇ ਨੇ ਹੁਣ ਇਕ ਪੂਰੇ ਮੋਰਚੇ ਦਾ ਰੂਪ ਲੈ ਲਿਆ ਹੈ। ਇਹ ਸਭ ਜਾਣਦੇ ਹਨ ਕਿ ਪਹਿਲੇ ਅਤੇ ਦੂਜੇ ਮੋਰਚੇ ਦੇ ਰੂਪ ਵਿਚ ਪਾਕਿਸਤਾਨ ਤੇ ਚੀਨ ਹਨ ਪਰ ਅੱਧੇ ਤੋਂ ਪੂਰਾ ਮੋਰਚਾ ਬਣ ਗਏ ਤੀਜੇ ਮੋਰਚੇ ਦੀ ਸੱਚਾਈ-ਡੂੰਘਾਈ ਤੋਂ ਜ਼ਿਆਦਾਤਰ ਲੋਕ ਅਣਜਾਣ ਹੀ ਭਾਸਦੇ ਹਨ।ਇਸ ਮੋਰਚੇ ਵਿਚ ਸਿਰਫ਼ ਵੱਖਵਾਦੀ, ਮਾਓਵਾਦੀ, ਸਿੱਖ ਗਰਮ-ਖ਼ਿਆਲੀ ਤੇ ਭਾਰਤ ਨੂੰ ਇਸਲਾਮੀ ਦੇਸ਼ ਬਣਾਉਣ, ਗਜਵਾ-ਏ-ਹਿੰਦ ਕਰਨ ਦਾ ਮੁਗਾਲਤਾ ਪਾਲ ਕੇ ਬੈਠੇ ਜਹਾਦੀ ਅਤੇ ਪਾਕਿਸਤਾਨ ਤੇ ਚੀਨ ਪ੍ਰਸਤ ਤੱਤ ਹੀ ਨਹੀਂ ਹਨ।
ਇਸ ਵਿਚ ਰਾਜਨੀਤੀ, ਸਿਵਲ ਸੁਸਾਇਟੀ, ਅਕਾਦਮਿਕ ਬੌਧਿਕ ਜਗਤ ਦੇ ਨਾਲ-ਨਾਲ ਮੀਡੀਆ, ਇੰਟਰਨੈੱਟ ਮੀਡੀਆ ਵਿਚ ਸਰਗਰਮ ਲੋਕ ਵੀ ਹਨ ਜੋ ਰਾਇ ਬਦਲਣ ਵਾਲੀਆਂ ਤਾਕਤਾਂ ਹਨ। ਇਨ੍ਹਾਂ ਦੀ ਪਹੁੰਚ ਸ਼ਾਸਨ-ਪ੍ਰਸ਼ਾਸਨ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਹੈ। ਇਸ ਮੋਰਚੇ ਵਿਚ ਉਨ੍ਹਾਂ ਭਾਰਤੀਆਂ ਨੂੰ ਵੀ ਗਿਣੋ ਜੋ ਵਿਦੇਸ਼ ਵਿਚ ਜਾ ਕੇ ਵਸੇ ਹਨ ਜਾਂ ਫਿਰ ਜੋ ਦੇਸ਼ ਵਿਚ ਹੀ ਰਹਿ ਕੇ ਅਮਰੀਕਾ, ਚੀਨ ਜਾਂ ਪਾਕਿਸਤਾਨ ਦੇ ਏਜੰਡੇ ਦੀ ਪੈਰਵੀ ਖੁੱਲ੍ਹੇਆਮ ਜਾਂ ਲੁਕਵੇਂ ਢੰਗ ਨਾਲ ਕਰਦੇ ਹਨ। ਆਪ੍ਰੇਸ਼ਨ ਸਿੰਧੂਰ ਦੇ ਸਮੇਂ ਇਸ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੋਰਚੇ ਦੇ ਇਕ ਵੱਡੇ ਹਿੱਸੇ ਨੂੰ ਚੰਗੀ ਤਰ੍ਹਾਂ ਕਾਬੂ ਕੀਤਾ ਗਿਆ। ਮਾਓਵਾਦੀਆਂ ਦੇ ਸਫ਼ਾਏ ਦੀ ਮੁਹਿੰਮ ਜਾਰੀ ਰਹੀ, ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੇ ਖ਼ਾਤਮੇ ਦੇ ਨਾਲ-ਨਾਲ ਉਨ੍ਹਾਂ ਦੇ ਹਮਾਇਤੀਆਂ ਦੀ ਧਰਪਕੜ ਹੁੰਦੀ ਰਹੀ। ਬੰਗਲਾਦੇਸ਼ੀ ਘੁਸਪੈਠੀਆਂ ਨੂੰ ਫੜਿਆ ਗਿਆ। ਪਾਕਿਸਤਾਨ ਲਈ ਕੰਮ ਕਰਨ ਵਾਲੇ ਅਨਸਰਾਂ ਦੀ ਗ੍ਰਿਫ਼ਤਾਰੀ ਵੀ ਹੁੰਦੀ ਰਹੀ ਜਿਵੇਂ ਕਿ ਯੂਟਿਊਬਰ ਜੋਤੀ ਮਲਹੋਤਰਾ, ਗਜਾਲਾ, ਨੋਮਾਨ, ਅਰਮਾਨ, ਤਾਰੀਫ, ਸੁਖਪ੍ਰੀਤ ਸਿੰਘ ਆਦਿ।
ਅਜਿਹੇ ਲੋਕਾਂ ਦੀ ਗਿਣਤੀ ਕਰਨਾ ਕਠਿਨ ਹੈ। ਪਹਿਲਗਾਮ ਦੀ ਭਿਆਨਕ ਅੱਤਵਾਦੀ ਘਟਨਾ ਤੋਂ ਬਾਅਦ ਵੀ ਦੇਸ਼ ਵਿਚ ਫ਼ਿਰਕਾਪ੍ਰਸਤੀ ਵਾਲਾ ਵੈਰ ਦੇਖਣ ਨੂੰ ਨਹੀਂ ਮਿਲਿਆ। ਖ਼ੁਦ ਕਸ਼ਮੀਰ ’ਚ ਮੁਸਲਮਾਨ ਅੱਤਵਾਦ ਵਿਰੁੱਧ ਖੜ੍ਹੇ ਹੋ ਗਏ। ਦੇਸ਼ ਭਰ ਵਿਚ ਇਕਜੁੱਟਤਾ ਦਿਖਾਈ ਦਿੱਤੀ।
ਇਸ ਏਕੇ ਦੀ ਤਾਕਤ ਨੇ ਦੁਸ਼ਮਣਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਨ ਦਾ ਕੰਮ ਕੀਤਾ। ਉਹ ਹਿੰਦੂਆਂ-ਮੁਸਲਮਾਨਾਂ ਨੂੰ ਆਪਸ ਵਿਚ ਲੜਾਉਣ ਦੇ ਆਪਣੇ ਮਕਸਦ ਵਿਚ ਕਾਮਯਾਬ ਨਾ ਹੋ ਸਕੇ। ਮੁਸ਼ਕਲ ਸਮੇਂ ਕਿਸੇ ਵੀ ਮੁਲਕ ਦੇ ਅਵਾਮ ਦਾ ਏਕਾ ਹੀ ਉਸ ਦੀ ਵੱਡੀ ਤਾਕਤ ਹੁੰਦੀ ਹੈ। ਇਸ ਦੇ ਬਾਵਜੂਦ ਭਾਰਤ ਦੇ ਦੁਸ਼ਮਣਾਂ ਨੂੰ ਕੁਝ ਦੇਸੀ-ਵਿਦੇਸ਼ੀ ਅਨਸਰਾਂ ਦੀ ਮਿਲ ਰਹੀ ਸਿੱਧੀ-ਅਸਿੱਧੀ ਹਮਾਇਤ ਵੱਡੀ ਰਾਹਤ ਵਾਲੀ ਸਿੱਧ ਹੋ ਰਹੀ ਹੈ।
ਆਪ੍ਰੇਸ਼ਨ ਸਿੰਧੂਰ ਤੋਂ ਪਸਤ ਪਾਕਿਸਤਾਨ ਦੀ ਸਰਕਾਰ, ਫ਼ੌਜ ਅਤੇ ਉੱਥੋਂ ਦੇ ਮੀਡੀਆ ਨੇ ਝੂਠ-ਕਪਟ ਦੇ ਸਹਾਰੇ ਕਸ਼ਮੀਰੀ ਮੁਸਲਮਾਨਾਂ ਦੇ ਨਾਲ-ਨਾਲ ਸਿੱਖਾਂ ਨੂੰ ਵੀ ਉਕਸਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਆਪ੍ਰੇਸ਼ਨ ਸਿੰਧੂਰ ਇਕ ਤਰ੍ਹਾਂ ਦਾ ਯੁੱਧ ਸੀ। ਯੁੱਧ ਦੇ ਸਮੇਂ ਸੂਚਨਾ ਯੁੱਧ ਨਾਲ ਵੀ ਲੜਨਾ ਹੁੰਦਾ ਹੈ। ਭਾਰਤ ਨੇ ਫ਼ਰਜ਼ੀ ਅਤੇ ਝੂਠੀਆਂ ਖ਼ਬਰਾਂ ਵਿਰੁੱਧ ਤਾਂ ਜੰਗ ਕਰੀਬ-ਕਰੀਬ ਚੰਗੀ ਤਰ੍ਹਾਂ ਲੜੀ ਪਰ ਵਿਦੇਸ਼ੀ ਮੀਡੀਆ ਦੇ ਬਣਾਏ ਝੂਠੇ ਮਾਹੌਲ ਦੀ ਕਾਟ ਵਿਚ ਉਸ ਨੂੰ ਢੁੱਕਵੀਂ ਕਾਮਯਾਬੀ ਨਹੀਂ ਮਿਲ ਰਹੀ ਹੈ।
ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਟੈਲੀਗ੍ਰਾਫ, ਦਿ ਇਕੋਨੋਮਿਸਟ, ਸਾਊਥ ਚਾਈਨਾ ਮੋਰਨਿੰਗ ਪੋਸਟ, ਸੀਐੱਨਐੱਨ, ਬੀਬੀਸੀ, ਰਾਇਟਰਜ਼, ਬਲੂਮਬਰਗ ਆਦਿ ਦੇ ਨਾਲ-ਨਾਲ ਪਾਕਿਸਤਾਨ ਪ੍ਰਸਤ ਤੁਰਕੀ ਦੇ ਟੀਆਰਟੀ ਅਤੇ ਅਲਕਾਇਦਾ ਦੇ ਭੋਂਪੂ ਰਹੇ ਕਤਰ ਦੇ ਅਲਜਜੀਰਾ ਜਿਹੇ ਚੈਨਲ ਭਾਰਤ ਵਿਰੁੱਧ ਮਾਹੌਲ ਸਿਰਜਦੇ ਰਹੇ। ਉਹ ਹੁਣ ਵੀ ਅਜਿਹਾ ਹੀ ਮਾਹੌਲ ਸਿਰਜ ਰਹੇ ਹਨ। ਇਨ੍ਹਾਂ ਨੇ ਬੜੀ ਬੇਸ਼ਰਮੀ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪਾਕਿਸਤਾਨੀ ਫ਼ੌਜ ਭਾਰਤ ’ਤੇ ਭਾਰੀ ਪਈ। ਜੇ ਅਜਿਹਾ ਸੀ ਤਾਂ ਉਹ ਆਪਣੇ ਏਅਰਬੇਸ ਕਿਉਂ ਨਹੀਂ ਬਚਾਅ ਸਕੀ?
ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਤਬਾਹ ਹੋਏ ਪਾਕਿਸਤਾਨੀ ਏਅਰਬੇਸ ਦੀ ਸੈਟੇਲਾਈਟ ਇਮੇਜ ਦੇਖ ਕੇ ਮਨ ਮਾਰ ਕੇ ਇਹ ਲਿਖਣ ਲਈ ਮਜਬੂਰ ਤਾਂ ਹੋਏ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਨੂੰ ਪਸਤ ਕਰ ਦਿੱਤਾ ਪਰ ਉਨ੍ਹਾਂ ਦੇ ਨਾਲ-ਨਾਲ ਜ਼ਿਆਦਾਤਰ ਪੱਛਮੀ ਮੀਡੀਆ ਬਿਨਾਂ ਸਬੂਤ ਦੇ ਇਹ ਢੋਲ ਵਜਾਉਣ ਤੋਂ ਬਾਜ਼ ਨਾ ਆਇਆ ਕਿ ਭਾਰਤ ਦੇ ਕਈ ਜਹਾਜ਼ ਫੁੰਡ ਲਏ ਗਏ।
ਮੰਨ ਵੀ ਲਿਆ ਕਿ ਸਾਡੇ ਇਕ-ਦੋ ਜਹਾਜ਼ਾਂ ਨੂੰ ਸੁੱਟ ਲਿਆ ਹੋਵੇ ਤਾਂ ਕੀ ਇਹ ਸੱਚ ਨਹੀਂ ਕਿ ਸਾਡੀਆਂ ਫ਼ੌਜਾਂ ਨੇ ਪਾਕਿਸਤਾਨ ਨੂੰ ਨਾਨੀ ਚੇਤੇ ਕਰਵਾਉਣ ਦੇ ਨਾਲ ਹੀ ਤੁਰਕੀ ਅਤੇ ਚੀਨ ਦੇ ਹਥਿਆਰਾਂ ਅਤੇ ਉਨ੍ਹਾਂ ਦੇ ਡਿਫੈਂਸ ਸਿਸਟਮ ਦੀ ਪੋਲ ਖੋਲ੍ਹ ਦਿੱਤੀ? ਜੇ ਕਿਸੇ ਫ਼ੈਸਲਾਕੁੰਨ ਮੈਚ ਵਿਚ ਕੋਹਲੀ ਜਾਂ ਰੋਹਿਤ ਸ਼ਰਮਾ ਦੇ ਸਸਤੇ ਵਿਚ ਆਊਟ ਹੋਣ ਤੋਂ ਬਾਅਦ ਵੀ ਭਾਰਤ ਪਾਕਿਸਤਾਨੀ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾ ਕੇ ਆਸਾਨੀ ਨਾਲ ਜਿੱਤ ਜਾਵੇ ਤਾਂ ਕੀ ਕੋਈ ਇਹ ਹੈੱਡਲਾਈਨ ਬਣਾਏਗਾ-ਪਾਕਿਸਤਾਨ ਦੇ ਸਾਹਮਣੇ ਨਾਕਾਮ ਰਹੇ ਵਿਰਾਟ-ਰੋਹਿਤ।
ਪੱਛਮੀ ਮੀਡੀਆ ਪਾਕਿ-ਚੀਨ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਅਜਿਹਾ ਹੀ ਕਰ ਰਿਹਾ ਹੈ। ਅਸੀਂ ਅਜਿਹੀਆਂ ਖ਼ਬਰਾਂ ਦੀਆਂ ਸੁਰਖੀਆਂ ਤਾਂ ਦੇਖਦੇ ਹਾਂ ਪਰ ਖ਼ਬਰ-ਲੇਖ ਲਿਖਣ ਵਾਲੇ ਦੀ ਪੜਤਾਲ ਨਹੀਂ ਕਰਦੇ ਅਤੇ ਇਹ ਸੋਚਣ ਲੱਗਦੇ ਹਾਂ ਕਿ ਇਹ ਸਭ ਕਹਿ ਰਹੇ ਹਨ ਤਾਂ ਕੁਝ ਤਾਂ ਸੱਚ ਹੋਵੇਗਾ ਹੀ। ਇਹ ਸਾਡਾ ਮਨੋਬਲ ਤੋੜਨ, ਸੰਸੇ ਵਿਚ ਪਾਉਣ ਵਾਲੀ ਮਨੋਵਿਗਿਆਨਕ ਜੰਗ ਹੈ। ਸਾਨੂੰ ਇਹ ਮੰਨਣਾ ਹੋਵੇਗਾ ਕਿ ਇਸ ਦਾ ਸਾਹਮਣਾ ਕਰਨ ਵਿਚ ਅਸੀਂ ਹਾਲੇ ਪੂਰੀ ਤਰ੍ਹਾਂ ਸਮਰੱਥ ਨਹੀਂ ਹੋ ਸਕੇ ਹਾਂ। ਆਪ੍ਰੇਸ਼ਨ ਸਿੰਧੂਰ ਦੇ ਸਮੇਂ ਪੱਛਮੀ ਮੀਡੀਆ ਵਿਚ ਭਾਰਤ ਵਿਰੋਧੀ ਜ਼ਿਆਦਾਤਰ ਖ਼ਬਰਾਂ-ਲੇਖ ਲਿਖਣ ਵਾਲੇ ਪਾਕਿਸਤਾਨੀ ਹੀ ਸਨ।
ਇਨ੍ਹਾਂ ਦੇ ਲਿਖੇ ਦੀ ਫੈਕਟ ਚੈਕਿੰਗ ਤਾਂ ਦੂਰ ਰਹੀ, ਪੁਸ਼ਟੀ ਵੀ ਨਹੀਂ ਕੀਤੀ ਗਈ। ਸਕਾਈ ਨਿਊਜ਼ ਪੀਟੀਵੀ ਦੇ ਹਵਾਲੇ ਨਾਲ ਅਤੇ ਪੀਟੀਵੀ ਸਕਾਈ ਨਿਊਜ਼ ਦੇ ਜ਼ਰੀਏ ਦੱਸ ਰਿਹਾ ਸੀ ਕਿ ਭਾਰਤ ਦੇ ਦੋ ਜਹਾਜ਼ ਸੁੱਟ ਲਏ ਗਏ। ਪੱਛਮੀ ਮੀਡੀਆ ਨੇ ਇਹ ਸਰਕੂਲਰ ਗੇਮ ਖ਼ੂਬ ਖੇਡੀ। ਉੱਥੇ ਤਮਾਮ ਭਾਰਤ ਵਿਰੋਧੀ ਖ਼ਬਰਾਂ ਭਾਰਤ ਨੂੰ ਨਾਪਸੰਦ ਕਰਨ ਵਾਲੇ ਅਮਰੀਕੀਆਂ, ਯੂਰਪੀਅਨਾਂ ਦੇ ਨਾਲ-ਨਾਲ ਭਾਰਤੀ ਵੀ ਲਿਖਦੇ ਹਨ। ਭਾਰਤ ਵਿਰੋਧੀ ਅਤੇ ਖੱਬੇ-ਪੱਖੀ ਏਜੰਡੇ ਵਾਲੀ ‘ਦਿ ਇਕੋੋਨੋਮਿਸਟ’ ਦਾ ਡਿਫੈਂਸ ਐਡੀਟਰ ਇਕ ਭਾਰਤੀ ਹੀ ਹੈ ਜੋ ਭਾਰਤ ਨੂੰ ਘੱਟ ਤਾਕਤ ਵਾਲਾ ਦੱਸਣ ਵਿਚ ਲੱਗਾ ਰਿਹਾ। ਦੇਸ਼-ਵਿਦੇਸ਼ ਵਿਚ ਅਜਿਹੇ ‘ਬ੍ਰਾਊਨ ਸਿਪਾਹੀਆਂ’ ਦੀ ਕਮੀ ਨਹੀਂ ਹੈ। ਇਨ੍ਹਾਂ ਨੂੰ ਭਾਰਤ ਦਾ ਕੁਝ ਵੀ ਚੰਗਾ ਨਹੀਂ ਲੱਗਦਾ ਹੈ। ਇਸ ਦਾ ਕਾਰਨ ਵਿਚਾਰਧਾਰਕ ਕੱਟੜਤਾ, ਸਨਕ ਭਰੇ ਲਿਬਰਲਿਜ਼ਮ ਦੇ ਨਾਲ ਹੀ ਭਾਰਤ ਪ੍ਰਤੀ ਮੰਦਭਾਵਨਾ ਅਤੇ ਕਾਰੋਬਾਰੀ ਹਿੱਤ ਵੀ ਹਨ। ਪੱਛਮੀ ਮੀਡੀਆ ਦੀ ਗੱਲ ਕੌਣ ਕਰੇ, ਆਪਣੇ ਕੁਝ ਅੰਗਰੇਜ਼ੀ ਅਖ਼ਬਾਰ ਚੀਨ ਸਰਕਾਰ ਦੇ ਵਿਗਿਆਪਨ ਬਿਨਾਂ ਕਿਸੇ ਸ਼ਰਮ-ਸੰਕੋਚ ਦੇ ਛਾਪਦੇ ਹਨ। ਆਖ਼ਰ ਚੀਨ ਜਾਂ ਪੱਛਮੀ ਦੇਸ਼ਾਂ ਦੇ ਪੈਸੇ ’ਤੇ ਪਲਣ ਵਾਲਾ ਦੇਸੀ-ਵਿਦੇਸ਼ੀ ਮੀਡੀਆ ਭਾਰਤ ਦੇ ਹਿੱਤ ਦੀ ਗੱਲ ਕਿਵੇਂ ਲਿਖੇਗਾ?
ਭਾਰਤ ਵਿਰੋਧੀ ਮੋਰਚੇ ਦਾ ਹਿੱਸਾ ਬਣਿਆ ਦੇਸੀ-ਵਿਦੇਸ਼ੀ ਮੀਡੀਆ ਇਹ ਦੱਸਣ ਲਈ ਕਾਹਲਾ ਰਹਿੰਦਾ ਹੈ ਕਿ ਮੋਦੀ ਦੇ ਪੀਐੱਮ ਬਣਨ ਤੋਂ ਬਾਅਦ ਭਾਰਤ ਵਿਚ ਮੁਸਲਮਾਨਾਂ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਕੀ ਵਾਕਈ? ਕੀ ਉਹ ਭਾਰਤ ਤੋਂ ਭੱਜ ਕੇ ਕਿਤੇ ਹੋਰ ਜਾ ਰਹੇ ਹਨ? ਬੰਗਲਾਦੇਸ਼ੀ-ਰੋਹਿੰਗਿਆ ਤਾਂ ਘੁਸਪੈਠ ਕਰਦੇ ਆ ਰਹੇ ਹਨ ਅਤੇ ਵੱਡੇ-ਵੱਡੇ ਵਕੀਲ ਉਨ੍ਹਾਂ ਨੂੰ ਦੇਸ਼ ਵਿਚ ਚੰਗੀ ਤਰ੍ਹਾਂ ਰਹਿਣ-ਵਸਣ ਦੇਣ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਉਣ ਵਿਚ ਸਮਰੱਥ ਹਨ।
ਇਸ ਤੋਂ ਇਨਕਾਰ ਨਹੀਂ ਕਿ ਵੱਡੀ ਆਬਾਦੀ ਵਾਲੇ ਭਾਰਤ ਵਿਚ ਹਿੰਦੂ-ਮੁਸਲਮਾਨਾਂ ਵਿਚਾਲੇ ਵੈਰ, ਤਣਾਅ, ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਕਦੇ ਮੁਸਲਮਾਨਾਂ ਨਾਲ ਕੁਝ ਹਿੰਦੂ ਗ਼ਲਤ ਕਰਦੇ ਹਨ ਅਤੇ ਕਦੇ ਕੁਝ ਮੁਸਲਮਾਨ ਹਿੰਦੂਆਂ ਨਾਲ ਪਰ ਕੀ ਬ੍ਰਿਟੇਨ, ਫਰਾਂਸ, ਜਰਮਨੀ ਆਦਿ ਵਿਚ ਮੁਸਲਿਮ-ਈਸਾਈ ਭਾਈਚਾਰੇ ਦੇ ਤਰਾਨੇ ਗਾਉਂਦੇ ਰਹਿੰਦੇ ਹਨ? ਕੀ ਉੱਥੇ ਲੋਕ ‘ਨੋ ਗੋ ਜ਼ੋਨ’ ਤੋਂ ਤੰਗ-ਪਰੇਸ਼ਾਨ ਨਹੀਂ? ਸਰਕਾਰ ਦੇ ਨਾਲ-ਨਾਲ ਸਮਾਜ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਇਸ ਭਾਰਤ ਵਿਰੋਧੀ ਵੱਡੇ ਗੱਠਜੋੜ ਤੋਂ ਬੇਹੱਦ ਸਾਵਧਾਨ ਰਹਿਣ ਦੀ ਜ਼ਰੂਰਤ ਵਧ ਗਈ ਹੈ।
-(ਲੇਖਕ ਅਬਜ਼ਰਬਰ ਰਿਸਰਚ ਫਾਊਂਡੇਸ਼ਨ ਵਿਚ ਸੀਨੀਅਰ ਫੈਲੋ ਅਤੇ ਪਾਕਿਸਤਾਨ ਮਾਮਲਿਆਂ ਦਾ ਮਾਹਰ ਹੈ)।
Credit : https://www.punjabijagran.com/editorial/general-half-a-front-has-turned-into-a-full-front-9493270.html
test