14 ਜੁਲਾਈ, 2025 – ਸ੍ਰੀ ਗੋਇੰਦਵਾਲ ਸਾਹਿਬ : ਕਸਬੇ ਅੰਦਰ ਸਥਿਤ ਖੋਖਿਆਂ ਅਤੇ ਢਾਬਿਆਂ ਉੱਪਰ ਸ਼ਰੇਆਮ ਪੈਕੇਟ ਬੰਦ ਨਸ਼ਿਆਂ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਜਿਸ ਤੋਂ ਸਥਾਨਕ ਪੁਲੀਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬੇਖਬਰ ਨਜ਼ਰ ਆ ਰਿਹਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਸਥਿਤ ਖੋਖਿਆਂ ਅਤੇ ਢਾਬਿਆਂ ’ਤੇ ਪੈਕੇਟ ਬੰਦ ਵੱਖ-ਵੱਖ ਕਿਸਮ ਦਾ ਨਸ਼ਾ ਵੇਚਿਆ ਜਾ ਰਿਹਾ ਹੈ। ਜਿਸ ਦੇ ਇੱਕ ਪੈਕੇਟ ਦੇ ਸੇਵਨ ਨਾਲ ਦਿਮਾਗ ਸੁੰਨ ਹੋ ਜਾਂਦਾ ਹੈ। ਪੰਜ ਰੁਪਏ ਦੀ ਕੀਮਤ ਨਾਲ ਵਿਕਣ ਵਾਲਾ ਇਸ ਪੈਕੇਟ ਨੂੰ ਜ਼ਿਆਦਾਤਰ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਲਈ ਖਰੀਦ ਰਹੇ ਹਨ।
ਇਸ ਨਸ਼ੇ ਨੂੰ ਵੇਚਣ ਵਾਲਿਆਂ ਵੱਲੋਂ ਨਾਬਾਲਗਾਂ, ਸਕੂਲ ਵਿਦਿਆਰਥੀ ਨੂੰ ਵੀ ਇਹ ਪੈਕੇਟ ਧੜੱਲੇ ਨਾਲ ਵੇਚੇ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਆਖਿਆ ਕਿ ਇਤਿਹਾਸਕ ਨਗਰ ਵਿੱਚ ਪੈਕੇਟ ਬੰਦ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੀ ਵਿਕਰੀ ਚਿੰਤਾ ਦਾ ਵਿਸ਼ਾ ਹੈ, ਜਿਸ ’ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਕੁਝ ਸਮਾਜ ਸੇਵੀਆਂ ਨੇ ਦੱਸਿਆ ਇਲਾਕੇ ਦੀ ਨਵੀਂ ਪਨੀਰੀ ਵੱਡੇ ਪੱਧਰ ’ਤੇ ਇਸ ਨਸ਼ੇ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਕਸਬੇ ਵਿੱਚ ਪੈਕੇਟ ਬੰਦ ਮਾਰੂ ਨਸ਼ਿਆਂ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ।
ਪੈਕੇਟ ’ਚ ਬੰਦ ਗੋਲੀ ਭੰਗ ਦੀ ਹੈ: ਐੱਸਐੱਚਓ
ਐੱਸਐੱਚਓ ਬਲਰਾਜ ਸਿੰਘ ਨੇ ਆਖਿਆ ਕਿ ਇਲਾਕੇ ਵਿੱਚ ਪੈਕੇਟ ਚ ਬੰਦ ਗੋਲੀ ਦੀ ਵਿਕਰੀ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਇਸ ਗੋਲੀ ਸਬੰਧੀ ਮੈਡੀਕਲ ਅਫ਼ਸਰ ਕੋਲੋਂ ਪੜਤਾਲ ਕਰਵਾਈ ਗਈ ਹੈ। ਪੈਕੇਟ ’ਚ ਬੰਦ ਗੋਲੀ ਭੰਗ ਦੀ ਹੈ, ਜਿਸ ਵਿੱਚ ਕੋਈ ਘਾਤਕ ਨਸ਼ੀਲਾ ਕੈਮੀਕਲ ਨਹੀਂ ਹੈ, ਇਸ ਬਾਬਤ ਪੁਲੀਸ ਕੀ ਕਾਰਵਾਈ ਕਰ ਸਕਦੀ ਹੈ? ਫਿਰ ਵੀ ਇਸ ਬਾਬਤ ਤੁਸੀ ਐੱਸਡੀਐੱਮ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਮੈਂ ਬਤੌਰ ਪੁਲੀਸ ਅਫ਼ਸਰ ਨਸ਼ਿਆ ਖਿਲਾਫ਼ ਕੰਮ ਕਰ ਰਿਹਾ ਹਾਂ।
ਕਾਰਵਾਈ ਲਈ ਡੀਸੀ ਅਤੇ ਐੱਸਐੱਸਪੀ ਨੂੰ ਜਾਣੂ ਕਰਾਂਵਾਂਗਾ: ਐੱਸਡੀਐੱਮ
ਖਡੂਰ ਸਾਹਿਬ ਦੇ ਐੱਸਡੀਐੱਮ ਅਰਵਿੰਦਰਪਾਲ ਸਿੰਘ ਨੇ ਆਖਿਆ ਕਿ ਉਹ ਨਸ਼ਿਆ ਸਬੰਧੀ ਸਖ਼ਤ ਕਾਰਵਾਈ ਲਈ ਜ਼ਿਲ੍ਹੇ ਦੇ ਡੀਸੀ ਅਤੇ ਐੱਸਐੱਸਪੀ ਨੂੰ ਜਾਣੂ ਕਰਵਾਉਣਗੇ। ਉਨ੍ਹਾਂ ਆਖਿਆ ਕਿ ਸਰਕਾਰ ਨਸ਼ਿਆ ਦੇ ਖਾਤਮੇ ਲਈ ਗੰਭੀਰ ਹੈ।
ਪੰਜਾਬੀ ਟ੍ਰਿਬਯੂਨ