ਮੋਦੀ ਨੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਅਤੇ ਚੰਗੀ ਸਿਹਤ ਲਈ ਕੀਤੀ ਅਰਦਾਸ
14 ਜਨਵਰੀ, 2026 – ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਵਾਢੀ ਦੇ ਤਿਉਹਾਰਾਂ ਦੇ ਮੌਕੇ ’ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮਕਰ ਸੰਕ੍ਰਾਂਤੀ ਦੇ ਪਵਿੱਤਰ ਮੌਕੇ ’ਤੇ, ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਨਕ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ, ਪ੍ਰਧਾਨ ਮੰਤਰੀ ਨੇ ਸਾਰਿਆਂ ਦੇ ਸੁਖੀ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ’ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਪੀਐਮ ਮੋਦੀ ਨੇ ਲਿਖਿਆ, “ ਸੰਕ੍ਰਾਂਤੀ ਦਾ ਇਹ ਪਵਿੱਤਰ ਤਿਉਹਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਨਕ ਪਰੰਪਰਾਵਾਂ ਅਨੁਸਾਰ ਮਨਾਇਆ ਜਾਂਦਾ ਹੈ। ਮੈਂ ਭਗਵਾਨ ਸੂਰਜ ਅੱਗੇ ਹਰ ਕਿਸੇ ਦੀ ਖੁਸ਼ੀ, ਖੁਸ਼ਹਾਲੀ ਅਤੇ ਸ਼ਾਨਦਾਰ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।”
ਉਨ੍ਹਾਂ ਨੇ ਉੱਤਰਾਯਣ ਦੇ ਮੌਕੇ ’ਤੇ ਵੀ ਵੱਖਰੇ ਤੌਰ ’ਤੇ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਇਹ ਤਿਉਹਾਰ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕਤਾ ਲੈ ਕੇ ਆਵੇਗਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ।
ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ ਅਸਾਮ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਮਨਾਏ ਜਾਣ ਵਾਲੇ ‘ਮਾਘੀ ਦੇ ਤਿਊਹਾਰ ਦੀਆਂ ਵੀ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਾਘ ਬੀਹੂ (ਮਾਘੀ) ਵਾਢੀ ਦੀ ਖੁਸ਼ੀ ਅਤੇ ਬਰਕਤ ਦਾ ਪ੍ਰਤੀਕ ਹੈ। ਉਨ੍ਹਾਂ ਪ੍ਰਾਥਨਾ ਕੀਤੀ ਕਿ ਇਹ ਤਿਉਹਾਰ ਹਰ ਘਰ ਵਿੱਚ ਤਰੱਕੀ ਅਤੇ ਸਿਹਤਯਾਬੀ ਲੈ ਕੇ ਆਵੇ। ਮੋਦੀ ਨੇ ਅੱਗੇ ਕਿਹਾ ਕਿ ਸ਼ੁਕਰਗੁਜ਼ਾਰੀ ਅਤੇ ਸਦਭਾਵਨਾ ਦੀ ਭਾਵਨਾ ਸਾਨੂੰ ਇੱਕ ਉੱਜਵਲ ਅਤੇ ਵਧੇਰੇ ਖੁਸ਼ਹਾਲ ਭਵਿੱਖ ਵੱਲ ਲੈ ਕੇ ਜਾਵੇਗੀ।
ਪੰਜਾਬੀ ਟ੍ਰਿਬਯੂਨ