ਬਿਨਾਂ ਸੂਚਨਾ ਦੇ ਟਰਾਇਲ ਮੁਲਤਵੀ ਕਰਨ ’ਤੇ ਰੋਸ
03 ਜਨਵਰੀ, 2026 – ਜਲੰਧਰ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 6 ਤੋਂ 9 ਜਨਵਰੀ 2026 ਤੱਕ ਹੋਣ ਜਾ ਰਹੀ 14ਵੀਂ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ ਵਿੱਚ ਹਿੱਸਾ ਲੈਣ ਵਿੱਚ ਪੰਜਾਬ ਦੀ ਟੀਮ ਪ੍ਰਬੰਧਕਾਂ ਦੀ ਲਾਪ੍ਰਵਾਹੀ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਦੇ ਖਿਡਾਰੀਆਂ ਨਾਲ ਹੋਏ ਖਿਲਵਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਟੀਮ ਚੁਣਨ ਵਾਸਤੇ ਰੋਪੜ ਵਿੱਚ 22 ਤੋਂ 24 ਦਸੰਬਰ 2025 ਨੂੰ ਟਰਾਇਲ ਰੱਖੇ ਗਏ ਸਨ। ਜਾਣਕਾਰੀ ਅਨੁਸਾਰ ਇਹ ਟਰਾਇਲ ਪ੍ਰਬੰਧਕਾਂ ਦੀ ਖਹਿਬਾਜ਼ੀ ਕਾਰਨ ਅਚਾਨਕ ਬਿਨਾਂ ਕਿਸੇ ਸੂਚਨਾ ਦੇ ਮੁਲਤਵੀ ਕਰ ਦਿੱਤੇ ਗਏ, ਜਿਸ ਕਾਰਨ ਸੈਂਕੜੇ ਖਿਡਾਰੀ ਦੁਚਿੱਤੀ ਵਿਚ ਫਸ ਗਏ ਹਨ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਇਨ੍ਹਾਂ ਖਿਡਾਰੀਆਂ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਦੀ ਟੀਮ ਨੂੰ ਇਸ ਚੈਪੀਅਨਸ਼ਿਪ ਵਿੱਚ ਭੇਜਣ ਦੀ ਸਿਫਾਰਸ਼ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਟਰਾਇਲ ਰੱਦ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਖਿਡਾਰੀਆਂ ਨੂੰ ਇਨਸਾਫ ਮਿਲ ਸਕੇ।
ਟਰਾਇਲ ਤੋਂ ਵਾਪਸ ਪਰਤੇ ਖਿਡਾਰੀਆਂ ਅਤੇ ਕੋਚਾਂ ਮੁਤਾਬਕ ਅਜੇ ਵੀ ਪੰਜਾਬ ਟੀਮ ਇਸ ਚੈਪੀਅਨਸ਼ਿਪ ਵਿੱਚ ਭਾਗ ਲੈਣ ਲਈ ਜਾ ਸਕਦੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕਿਸ਼ਤੀਆਂ ਦੇ ਕੋਚ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਕੁਝ ਕਾਰਨਾਂ ਕਰਕੇ ਪੰਜਾਬ ਦੀ ਟੀਮ ਕੌਮੀ ਮੁਕਾਬਲਿਆਂ ਵਿਚ ਹਿੱਸਾ ਨਹੀਂ ਲੈ ਰਹੀ।
ਸੁਲਤਾਨਪੁਰ ਲੋਧੀ ਵਿੱਚ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੇ ਖਿਡਾਰੀਆਂ ਨੂੰ ਬਹੁਤ ਹੀ ਸਖ਼ਤ ਅਭਿਆਸ ਕਰਵਾਇਆ ਸੀ ਪਰ ਜਦੋਂ ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 150-200 ਖਿਡਾਰੀ ਆਪਣੇ ਖਰਚੇ ’ਤੇ ਰੋਪੜ ਪਹੁੰਚੇ, ਉੱਥੇ ਨਾ ਟਰਾਇਲ ਹੋਏ ਅਤੇ ਨਾ ਹੀ ਕੋਈ ਅਗਲੀ ਤਰੀਕ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਮਾਮਲੇ ’ਚ ਕੋਈ ਵੀ ਸਬੰਧਿਤ ਅਧਿਕਾਰੀ ਜਾਂ ਫੈਡਰੇਸ਼ਨ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਸੰਤ ਸੀਚੇਵਾਲ ਵੱਲੋਂ ਜਦੋਂ ਅਧਿਕਾਰੀਆਂ ਨਾਲ ਇਸ ਬਾਬਤ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਈ ਵੀ ਤੱਸਲੀਬਖ਼ਸ਼ ਜਵਾਬ ਨਾ ਦਿੱਤਾ। ਪ੍ਰਬੰਧਕਾਂ ਦੀ ਇਸ ਲਾਪ੍ਰਵਾਹੀ ਤੋਂ ਪੰਜਾਬ ਭਰ ਦੇ ਖਿਡਾਰੀਆਂ ਵਿੱਚ ਨਿਰਾਸ਼ਾ ਦਾ ਆਲਮ ਦੱਸਿਆ ਜਾ ਰਿਹਾ ਹੈ।
ਕੋਚ ਖਹਿਰਾ ਨੇ ਦੱਸਿਆ ਕਿ ਇਹੋ ਖਿਡਾਰੀ 13ਵੀਂ ਨੈਸ਼ਨਲ ਡਰੈਗਨ ਬੋਟ ਚੈਪੀਅਨਸ਼ਿਪ (ਦਿੱਲੀ) ਵਿੱਚ ਪੰਜਾਬ ਲਈ 5 ਸੋਨੇ, 8 ਚਾਂਦੀ ਅਤੇ 10 ਕਾਂਸੀ ਦੇ ਤਮਗੇ ਜਿੱਤ ਕੇ ਓਵਰਆਲ ਦੂਜੇ ਸਥਾਨ ‘ਤੇ ਰਹੇ ਸਨ। ਇਸ ਵਾਰ ਵੀ ਖਿਡਾਰੀਆਂ ਨੇ ਠੰਢ ਵਿਚ ਪਾਣੀ ਵਿੱਚ ਉਤਰ ਕੇ ਸਖ਼ਤ ਅਭਿਆਸ ਕੀਤਾ ਸੀ ਪਰ ਹੁਣ ਟੀਮ ਨਾ ਜਾਣ ਦੇ ਡਰ ਨਾਲ ਰੋਸ ਅਤੇ ਨਿਰਾਸ਼ਾ ਫੈਲੀ ਹੋਈ ਹੈ।
ਪੰਜਾਬੀ ਟ੍ਰਿਬਯੂਨ