03 ਮਈ, 2025 – ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਰਾਤ ਭਰ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਕਾਰਨ ਦੋਵਾਂ ਸੂਬਿਆਂ ਦੇ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਈ ਹੈ। ਉਧਰ ਮੀਂਹ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਲੁਧਿਆਣਾ, ਪਟਿਆਲਾ, ਮਾਨਸਾ ਅਤੇ ਸ਼ਹਿਣਾ ਸਮੇਤ ਕਈ ਥਾਈਂ ਦਾਣਾ ਮੰਡੀਆਂ ਵਿੱਚ ਪਈ ਕਿਸਾਨਾਂ ਦੀ ਕਣਕ ਭਿੱਜ ਗਈ, ਜਿਸ ਕਾਰਨ ਮੰਡੀਆਂ ਵਿੱਚ ਤੁਲਾਈ ਦੇ ਨਾਲ-ਨਾਲ ਲਦਾਈ ਦਾ ਕਾਰਜ ਵੀ ਠੱਪ ਹੋ ਕੇ ਰਹਿ ਗਿਆ।
ਸਥਾਨਕ ਮੌਸਮ ਵਿਭਾਗ ਨੇ ਦੱਸਿਆ ਕਿ ਹਰਿਆਣਾ ਦੇ ਹਿਸਾਰ ਅਤੇ ਫਰੀਦਾਬਾਦ, ਜਦਕਿ ਪੰਜਾਬ ਦੇ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ ਵਿੱਚ 44.2 ਮਿਲੀਮੀਟਰ, ਬਠਿੰਡਾ ਵਿੱਚ 29 ਮਿਲੀਮੀਟਰ, ਅੰਮ੍ਰਿਤਸਰ ਵਿੱਚ 24.8, ਫਰੀਦਕੋਟ ਵਿੱਚ 14.6, ਫਿਰੋਜ਼ਪੁਰ ਵਿੱਚ 13.5, ਪਟਿਆਲਾ ਵਿੱਚ 13, ਪਠਾਨਕੋਟ ਵਿੱਚ 3.5 ਅਤੇ ਲੁਧਿਆਣਾ ਵਿੱਚ 1 ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਹਿਸਾਰ ਵਿੱਚ 40.6 ਮਿਲੀਮੀਟਰ, ਫਰੀਦਾਬਾਦ ਵਿੱਚ 29, ਗੁਰੂਗ੍ਰਾਮ ਵਿੱਚ 26.5, ਰੋਹਤਕ ਵਿੱਚ 16.2, ਭਿਵਾਨੀ ਵਿੱਚ 10.8, ਕਰਨਾਲ ਵਿੱਚ 9 ਮਿਲੀਮੀਟਰ ਅਤੇ ਅੰਬਾਲਾ ਵਿੱਚ 4.2 ਮਿਲੀਮੀਟਰ ਮੀਂਹ ਪਿਆ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 12.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਨੇੜਲੇ ਜੁਬਰਹੱਟੀ ਵਿੱਚ ਅੱਜ ਗੜੇ, ਜਦਕਿ ਸੂਬੇ ਵਿੱਚ ਕਈ ਥਾਈਂ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਬੀਤੀ ਸ਼ਾਮ ਤੋਂ ਸੋਲਨ ਵਿੱਚ 39 ਮਿਲੀਮੀਟਰ, ਰਾਏਪੁਰ ਮੈਦਾਨ ਵਿੱਚ 26.6 ਮਿਲੀਮੀਟਰ, ਬਿਲਾਸਪੁਰ ’ਚ 26, ਰਾਜਗੜ੍ਹ ’ਚ 25, ਕੁਫ਼ਰੀ ਵਿੱਚ 17 ਤੇ ਸ਼ਿਮਲਾ ਵਿੱਚ 11 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਗੜਿਆਂ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਦੋ ਤੋਂ ਪੰਜ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਲਾਹੌਲ ਤੇ ਸਪਿਤੀ ਦੇ ਤਾਬੋ ਵਿੱਚ ਘੱਟੋ-ਘੱਟ ਤਾਪਮਾਨ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।\B -ਪੀਟੀਆਈ\B
ਰਾਮਬਨ ਵਿੱਚ ਢਿੱਗਾਂ ਡਿੱਗਣ ਕਾਰਨ ਜੰਮੂ–ਸ੍ਰੀਨਗਰ ਕੌਮੀ ਮਾਰਗ ਬੰਦ
ਰਾਮਬਨ/ਜੰਮੂ:\B ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਅੱਜ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਬੰਦ ਹੋ ਗਿਆ। ਭਾਰੀ ਮੀਂਹ ਕਰਕੇ ਚਨਾਬ ਨਦੀ ’ਚ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਰਿਆਸੀ ਅਤੇ ਅਖਨੂਰ ਸੈਕਟਰਾਂ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਨਦੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਲਈ ਚਿਤਾਵਨੀ ਜਾਰੀ ਕੀਤੀ ਹੈ। ਟਰੈਫਿਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੋਂ ਬਾਅਦ ਰਾਮਬਨ ਦੇ ਚੰਬਾ ਸੇਰੀ ਵਿੱਚ ਢਿੱਗਾਂ ਡਿੱਗ ਗਈਆਂ ਅਤੇ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਦੋਵੇਂ ਪਾਸੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/topnews/rain-in-punjab-soaks-wheat-in-mandis/
ਮੌਸਮ ਦਾ ਮਿਜ਼ਾਜ: ਮੀਂਹ ਕਾਰਨ ਮੰਡੀਆਂ ’ਚ ਕਣਕ ਭਿੱਜੀ
ਮਾਨਸਾ : ਮਾਲਵੇ ’ਚ ਅੱਜ ਤੜਕਸਾਰ ਅਚਾਨਕ ਮੌਸਮ ਦਾ ਮਿਜ਼ਾਜ ਬਦਲਣ ਕਾਰਨ ਆਏ ਝੱਖੜ ਤੇ ਮੀਂਹ ਕਾਰਨ ਮੰਡੀਆਂ ਵਿੱਚ ਪਈ ਕਣਕ ਭਿੱਜ ਗਈ, ਜਿਸ ਕਾਰਨ ਖ਼ਰੀਦ ਦਾ ਕੰਮ ਪ੍ਰਭਾਵਿਤ ਹੋਇਆ। ਦੂਜੇ ਪਾਸੇ ਖੇਤਾਂ ’ਚ ਕਣਕ ਦਾ ਨਾੜ ਗਿੱਲਾ ਹੋ ਗਿਆ ਜਿਸ ਕਾਰਨ ਤੂੜੀ ਬਣਾਉਣ ਦਾ ਕੰਮ ਬੰਦ ਹੋ ਗਿਆ ਹੈ। ਮੌਸਮ ਮਹਿਕਮੇ ਨੇ ਅਗਲੇ ਤਿੰਨ ਦਿਨ ਹੋਰ ਮੌਸਮ ਮੀਂਹ ਵਾਲਾ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੰਡੀਆਂ ਵਿੱਚ ਤੁਲਾਈ ਦੇ ਨਾਲ-ਨਾਲ ਝਰਾਈ ਤੇ ਲਦਾਈ ਦਾ ਕੰਮ ਵੀ ਠੱਪ ਹੋ ਕੇ ਰਹਿ ਗਿਆ ਹੈ। ਦੂਜੇ ਪਾਸੇ ਮੀਂਹ ਕਾਰਨ ਲਗਾਤਾਰ ਵੱਧ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਵੇਰਵਿਆਂ ਮੁਤਾਬਕ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਧੀ ਰਾਤ ਤੇ ਤੜਕਸਾਰ ਆਏ ਝੱਖੜ ਕਾਰਨ ਖਰੀਦ ਕੇਂਦਰਾਂ ’ਚ ਪਈਆਂ ਕਣਕ ਦੀਆਂ ਢੇਰੀਆਂ ਤੇ ਖਰੀਦ ਕੀਤੀ ਹੋਈ ਕਣਕ ਭਿੱਜ ਗਈ। ਕਿਸੇ ਵੀ ਖਰੀਦ ਕੇਂਦਰ ਵਿੱਚ ਕਣਕ ਢੱਕਣ ਲਈ ਤਰਪਾਲਾਂ ਦਾ ਪ੍ਰਬੰਧ ਨਹੀਂ ਸੀ। ਕੁਝ ਥਾਵਾਂ ’ਤੇ ਕਿਸਾਨਾਂ ਨੇ ਆਪਣੀਆਂ ਪੱਲੀਆਂ ਨਾਲ ਕਣਕ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ ਕੀਤੀ ਪਰ ਝੱਖੜ ਨੇ ਪੱਲੀਆਂ ਨੂੰ ਉਡਾ ਦਿੱਤੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਵੱਲੋਂ ਅਗਲੇ 3 ਦਿਨਾਂ ਤੱਕ ਰਾਜ ਵਿਚ ਮੌਸਮ ਖਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਪੰਜਾਬ ਵਿੱਚ ਅਜਿਹਾ ਮੌਸਮ ਜਾਰੀ ਰਹਿੰਦਾ ਹੈ ਤਾਂ ਮੰਡੀਆਂ ਵਿੱਚ ਪਈ ਕਣਕ ਦੀ ਖਰੀਦ ਦਾ ਕਾਰਜ ਹੋਰ ਲਮਕ ਜਾਣ ਦਾ ਖ਼ਦਸ਼ਾ ਹੈ।
https://www.punjabitribuneonline.com/news/malwa/weather-wheat-soaked-in-markets-due-to-rain/
test