ਗ਼ੈਰ-ਜੱਟ ਵੋਟਰਾਂ ਵੱਲ ਧਿਆਨ ਦੇਵੇਗੀ ਪਾਰਟੀ; ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਫਰਵਰੀ ’ਚ ਕਰਨਗੇ ਪੰਜਾਬ ਦਾ ਦੌਰਾ; ਭਾਜਪਾ ਨੇ ਭਲਕੇ ਮੀਟਿੰਗ ਸੱਦੀ
30 ਜਨਵਰੀ, 2026 – ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਹੁਣ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵਾਂ ਸਿਆਸੀ ਤਜਰਬਾ ਕਰਨ ਲਈ ਪੰਜਾਬ ’ਚ ‘ਹਰਿਆਣਾ ਮਾਡਲ’ ਲਾਗੂ ਕਰੇਗੀ। ਭਾਜਪਾ ਫ਼ਿਲਹਾਲ ਪੰਜਾਬ ਚੋਣਾਂ ’ਚ ਇਕੱਲੇ ਤੌਰ ’ਤੇ ਲੜਨ ਦਾ ਮਨ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਮੌਕੇ ਡੇਰਾ ਬੱਲਾਂ ਪੁੱਜ ਰਹੇ ਹਨ ਅਤੇ ਪ੍ਰਧਾਨ ਮੰਤਰੀ ਵੱਲੋਂ ਆਦਮਪੁਰ ਹਵਾਈ ਅੱਡੇ ਦਾ ਨਾਮਕਰਨ ਵੀ ਗੁਰੂ ਰਵਿਦਾਸ ਦੇ ਨਾਮ ’ਤੇ ਕੀਤਾ ਜਾਣਾ ਹੈ।
ਭਾਜਪਾ ਨੇ ਦੁਆਬੇ ਖ਼ਿੱਤੇ ’ਚ ਸਿਆਸੀ ਪੈਂਠ ਮਜ਼ਬੂਤ ਕਰਨ ਲਈ ਸ਼ੁਰੂਆਤ ਕਰ ਦਿੱਤੀ ਹੈ। ਗਣਤੰਤਰ ਦਿਵਸ ਤੋਂ ਐਨ ਪਹਿਲਾਂ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੂੰ ਪਦਮਸ੍ਰੀ ਐਵਾਰਡ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਨੇ ਸੂਬਾਈ ਸਿਆਸਤ ’ਚ ਹਲਚਲ ਵਧਾ ਦਿੱਤੀ ਹੈ। ਫਰਵਰੀ ਮਹੀਨੇ ’ਚ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪ੍ਰੋਗਰਾਮ ਬਣ ਰਿਹਾ ਹੈ।
ਪੰਜਾਬ ਭਾਜਪਾ ਨੇ 31 ਜਨਵਰੀ ਨੂੰ ਚੰਡੀਗੜ੍ਹ ’ਚ ਮੀਟਿੰਗ ਸੱਦ ਲਈ ਹੈ। ਭਾਜਪਾ ਦੀ ਕੋਰ ਕਮੇਟੀ ਦੀ ਇਸ ਮੀਟਿੰਗ ’ਚ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਨੂੰ ਲੈ ਕੇ ਰਣਨੀਤੀ ਬਣਾਈ ਜਾਣੀ ਹੈ ਅਤੇ ਨਾਲ ਹੀ ਨਗਰ ਕੌਂਸਲ ਚੋਣਾਂ ਦੀ ਤਿਆਰੀ ਵੀ ਕੀਤੀ ਜਾਣੀ ਹੈ। ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਚੋਣਾਂ ’ਚ ਵੋਟਰਾਂ ਦੀ ਨਬਜ਼ ਟੋਹੇਗੀ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ’ਚ ਭਾਜਪਾ ਨੇ ਨਿਰੋਲ ਦਿਹਾਤੀ ਪੰਜਾਬ ’ਚੋਂ 6.50 ਫ਼ੀਸਦੀ ਵੋਟ ਹਾਸਲ ਕੀਤੇ ਹਨ। ਪਤਾ ਲੱਗਾ ਹੈ ਕਿ ਅਮਿਤ ਸ਼ਾਹ ਦੀ ਮੋਗਾ ਰੈਲੀ ’ਚ ਪਾਰਟੀ ਕਿਸਾਨੀ ਨੂੰ ਵੀ ਸਿਆਸੀ ਸੁਨੇਹਾ ਦੇਵੇਗੀ।
ਸਿਆਸੀ ਹਲਕੇ ਆਖਦੇ ਹਨ ਕਿ ਭਾਜਪਾ ਹਰਿਆਣਾ ਦੀ ਤਰ੍ਹਾਂ ਪੰਜਾਬ ’ਚ ਗ਼ੈਰ ਜੱਟ ਵੋਟਾਂ ਦਾ ਧਰੁਵੀਕਰਨ ਕਰੇਗੀ। ਪੰਜਾਬ ’ਚ 34 ਫ਼ੀਸਦੀ ਦਲਿਤ ਆਬਾਦੀ ਹੈ ਅਤੇ ਭਾਜਪਾ ਦਲਿਤ ਤੇ ਹਿੰਦੂ ਵੋਟਰਾਂ ਤੋਂ ਇਲਾਵਾ ਓ ਬੀ ਸੀ ਵੋਟਰਾਂ ’ਤੇ ਧਿਆਨ ਕੇਂਦਰਿਤ ਕਰੇਗੀ। ਹਰਿਆਣਾ ਚੋਣਾਂ ’ਚ ਭਾਜਪਾ ਦਾ ਇਹ ਤਜਰਬਾ ਸਫਲ ਰਿਹਾ ਸੀ ਅਤੇ ਹੁਣ ‘ਹਰਿਆਣਾ ਮਾਡਲ’ ਨੂੰ ਭਾਜਪਾ ਪੰਜਾਬ ’ਚ ਵੀ ਪਰਖਣਾ ਚਾਹੁੰਦੀ ਹੈ। ਭਾਜਪਾ ਨੂੰ ਮਾਲਵਾ ਖ਼ਿੱਤੇ ’ਚ ਡੇਰਾ ਸਿਰਸਾ ਦੇ ਵੋਟ ਬੈਂਕ ਤੋਂ ਵੀ ਉਮੀਦਾਂ ਹਨ। ਦੂਜੇ ਪਾਸੇ ਪੰਜਾਬ ਦੀ ਕਿਸਾਨੀ ਦੇ ਮਨਾਂ ’ਚ ਹਾਲੇ ਭਾਜਪਾ ਆਪਣੀ ਥਾਂ ਨਹੀਂ ਬਣਾ ਸਕੀ ਹੈ ਕਿਉਂਕਿ ਕੇਂਦਰੀ ਖੇਤੀ ਕਾਨੂੰਨਾਂ ਨੇ ਖ਼ਾਸ ਕਰਕੇ ਕਿਸਾਨੀ ਘਰਾਂ ’ਚ ਭਾਜਪਾ ਪ੍ਰਤੀ ਰੋਹ ਖੜ੍ਹਾ ਕੀਤਾ ਹੋਇਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੰਜਾਬ ਚੋਣਾਂ ਦੀ ਤਿਆਰੀ ਵਜੋਂ ਪਹਿਲਾਂ ਹੀ ਭਾਜਪਾ ਨੇ ਉਤਾਰਿਆ ਹੋਇਆ ਹੈ।
ਭਾਜਪਾ ਪੰਜਾਬ ’ਚ ਲੋਕ ਸਭਾ ਚੋਣਾਂ, ਜ਼ਿਮਨੀ ਚੋਣਾਂ ਅਤੇ ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਇਕੱਲੇ ਤੌਰ ’ਤੇ ਲੜ ਚੁੱਕੀ ਹੈ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਤਾਂ ਭਾਜਪਾ ਨੂੰ 22.54 ਫ਼ੀਸਦੀ ਵੋਟਾਂ ਮਿਲੀਆਂ ਸਨ; ਬਰਨਾਲਾ ਜ਼ਿਮਨੀ ਚੋਣ ’ਚ ਵੀ ਭਾਜਪਾ 18.06 ਫ਼ੀਸਦੀ ਵੋਟਾਂ ਲੈਣ ’ਚ ਸਫਲ ਹੋਈ ਸੀ। ਜਲੰਧਰ ਪੱਛਮੀ ਦੀ ਚੋਣ ’ਚ ਭਾਜਪਾ ਨੂੰ 19.08 ਫ਼ੀਸਦੀ ਵੋਟਾਂ ਮਿਲੀਆਂ ਸਨ।
ਪੰਜਾਬੀ ਟ੍ਰਿਬਯੂਨ