
ਇੰਦਰ ਸਿੰਘ ਨੂੰ ਪੰਜਾਬ ਦਾ ਪੇਲੇ ਕਿਹਾ ਜਾਂਦਾ ਹੈ। ਉਹ ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਤੇ 1967-68 ’ਚ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਮੈਂਬਰ ਰਿਹਾ ਹੈ। 1962 ਤੋਂ 1985 ਤੱਕ ਉਹ ਉੱਚ ਪਾਏ ਦੀ ਫੁੱਟਬਾਲ ਖੇਡਿਆ ਤੇ ਉਹਦੇ ਨਾਂ ਦੀਆਂ ਧੁੰਮਾਂ ਪੈਂਦੀਆਂ ਰਹੀਆਂ। ਉਹਦੀ ਤੇਜ਼-ਤਰਾਰ ਖੇਡ ਨੇ ਅਨੇਕ ਕਲੱਬਾਂ ਨੂੰ ਰੰਗਭਾਗ ਲਾਏ। ਉਸ ਨੂੰ ਵਿਦੇਸ਼ੀ ਮੁਲਕਾਂ ਤੇ ਕਲੱਬਾਂ ਨੇ ਖੇਡਣ ਦੇ ਬਹੁਤ ਲਾਲਚ ਦਿੱਤੇ, ਪਰ ਉਸ ਨੇ ਪੰਜਾਬ ਤੇ ਭਾਰਤ ਦੀਆਂ ਕਲੱਬਾਂ ਵੱਲੋਂ ਖੇਡਣ ਨੂੰ ਹੀ ਤਰਜੀਹ ਦਿੱਤੀ। 1962 ਵਿੱਚ ਉਹ ਲੀਡਰਜ਼ ਕਲੱਬ ਜਲੰਧਰ ਵੱਲੋਂ ਖੇਡਣ ਲੱਗਾ ਸੀ ਤੇ 1985 ਵਿੱਚ ਫਗਵਾੜੇ ਦੇ ਜੇਸੀਟੀ ਕਲੱਬ ਵੱਲੋਂ ਖੇਡਦਿਆਂ ਰਿਟਾਇਰ ਹੋਇਆ। ਸਾਲ 2001 ਤੋਂ 2011 ਤੱਕ ਉਹ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਆਨਰੇਰੀ ਸੈਕਟਰੀ ਰਿਹਾ। 2003 ਵਿੱਚ ਉਸ ਨੂੰ ‘ਫਗਵਾੜੇ ਦਾ ਮਾਣ’ ਐਵਾਰਡ ਨਾਲ ਸਨਮਾਨਿਆ ਗਿਆ। ਹੁਣ ਉਹ ਜੀਵਨ ਦੀ ਸ਼ਾਮ ਆਪਣੇ ਸ਼ਹਿਰ ਫਗਵਾੜੇ ਵਿੱਚ ਹੀ ਬਿਤਾ ਰਿਹੈ।
ਉਹਦਾ ਜਨਮ 23 ਦਸੰਬਰ 1943 ਨੂੰ ਫਗਵਾੜੇ ਦੇ ਇੱਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਵਰ੍ਹਿਆਂ-ਬੱਧੀ ਫੁੱਟਬਾਲ ਖੇਡੀ ਜਿਸ ਦੌਰਾਨ ਸੈਂਕੜੇ ਗੋਲ ਕੀਤੇ। ਉਹ ਫੁੱਟਬਾਲ ਦੀਆਂ ਪ੍ਰਸਿੱਧ ਕਲੱਬਾਂ, ਪੰਜਾਬ ਤੇ ਭਾਰਤ ਦੀਆਂ ਟੀਮਾਂ ਦਾ ਕਪਤਾਨ ਵੀ ਰਿਹਾ ਅਤੇ ਮੈਨੇਜਰ ਤੇ ਪ੍ਰਬੰਧਕ ਵੀ। ਉਹਦਾ ਕੱਦ ਕਾਠ ਹਾਕੀ ਦੇ ਬਾਬਾ ਬੋਹੜ ਊਧਮ ਸਿੰਘ ਤੇ ਲੰਮੀਆਂ ਦੌੜਾਂ ਦੇ ਏਸ਼ੀਅਨ ਚੈਂਪੀਅਨ ਹਰੀ ਚੰਦ ਵਾਂਗ ਸਮੱਧਰ ਹੀ ਹੈ, ਪਰ ਹੈ ਜਿੰਨਾ ਨਿੱਕਾ ਓਨਾ ਹੀ ਤਿੱਖਾ! ਉਹਦਾ ਬਚਪਨ ਫਗਵਾੜੇ ਪਲਿਆ, ਜੁਆਨੀ ਵੀ ਫਗਵਾੜੇ ਦੀਆਂ ਜੂਹਾਂ ’ਚ ਮਾਣੀ ਤੇ ਬੁਢਾਪਾ ਵੀ ਫਗਵਾੜੇ ’ਚ ਹੀ ਕੱਟਿਆ ਜਾ ਰਿਹੈ। ਉਹ ਫਗਵਾੜੇ ਦੀ ਸ਼ਾਨ ਹੈ ਤੇ ਪੰਜਾਬ ਦਾ ਮਾਣ। ਭਾਰਤ ਸਰਕਾਰ ਨੇ ਉਸ ਨੂੰ ਅਰਜਨ ਐਵਾਰਡ ਨਾਲ ਨਿਵਾਜਿਆ ਤੇ ਦਿੱਲੀ ਦੀ ਜਰਨਿਸਲਟ ਯੂਨੀਅਨ ਨੇ 1974 ਦਾ ਸਰਬੋਤਮ ਭਾਰਤੀ ਖਿਡਾਰੀ ਐਲਾਨਿਆ। ਉਹਦੀ ਖੇਡ ਕਲਾਤਮਿਕ ਹੋਣ ਦੇ ਨਾਲ ਏਨੀ ਸਾਫ਼ ਸੁਥਰੀ ਸੀ ਕਿ ਉਹਦੇ ਲੰਮੇ ਖੇਡ ਜੀਵਨ ’ਚ ਇੱਕ ਵਾਰ ਵੀ ਕਿਸੇ ਰੈਫਰੀ ਨੂੰ ਲਾਲ ਕਾਰਡ ਵਿਖਾਉਣ ਦੀ ਲੋੜ ਨਾ ਪਈ।
ਇੰਦਰ ਸਿੰਘ ਵੇਖਣ ਨੂੰ ਇੰਨਾ ਸਾਦਾ ਬੰਦਾ ਲੱਗਦੈ ਕਿ ਫੁੱਟਬਾਲ ਦੇ ਇਸ ਲਾਸਾਨੀ ਖਿਡਾਰੀ ਨੂੰ ਕੋਈ ਰਾਹ ਵਿੱਚ ਮਿਲ ਪਵੇ ਤਾਂ ਯਕੀਨ ਹੀ ਨਾ ਕਰੇ ਕਿ ਇਹ ਵੀ ਕੋਈ ਖਿਡਾਰੀ ਐ! ਐਨ ਉਵੇਂ ਜਿਵੇਂ ਏਸ਼ਿਆਈ ਖੇਡਾਂ ਦੇ ਦੋ ਗੋਲਡ ਮੈਡਲ ਜਿੱਤਣ ਵਾਲੇ ਦੌੜਾਕ ਹਰੀ ਚੰਦ ਨੂੰ ਕੋਈ ਅਥਲੀਟ ਨਹੀਂ ਸੀ ਮੰਨਦਾ, ਉਵੇਂ ਕੋਈ ਇੰਦਰ ਸਿੰਘ ਨੂੰ ਜਰਨੈਲ ਸਿੰਘ ਜਾਂ ਗੁਰਦੇਵ ਸਿੰਘ ਗਿੱਲ ਵਾਂਗ ਰੋਅਬ ਦਾਅਬ ਵਾਲਾ ਫੁੱਟਬਾਲਰ ਨਹੀਂ ਸਮਝਦਾ। ਇਹੋ ਕਾਰਨ ਸੀ ਕਿ ਰੇਲ ਗੱਡੀ ਦਾ ਸਫ਼ਰ ਕਰਦਿਆਂ ਉਸ ਨੂੰ ਬਹਿਣ ਲਈ ਕੋਈ ਥਾਂ ਵੀ ਨਹੀਂ ਸੀ ਛੱਡਦਾ। ਹੈਰਾਨੀ ਦੀ ਗੱਲ ਹੈ ਕਿ ਸਮੱਧਰ ਕੱਦ ਦੇ ਇੰਦਰ ਸਿੰਘ ਨੇ ਵੱਡੇ ਕੱਦਾਵਰ ਖਿਡਾਰੀਆਂ ਨੂੰ ਵਾਹਣੀਂ ਪਾਈ ਰੱਖਿਆ!

ਉਹਦੇ ਗੁਆਂਢੀ ਦੱਸਦੇ ਸਨ ਕਿ ਉਹ ਪੈਰਾਂ ਨਾਲ ਗੇਂਦ ਰੇੜ੍ਹਨਾ ਪਹਿਲਾਂ ਸਿੱਖਿਆ ਤੇ ਤੁਰਨਾ ਮਗਰੋਂ। ਜਦੋਂ ਸਕੂਲੇ ਜਾਣ ਲੱਗਾ ਤਾਂ ਉਹ ਬਸਤੇ ’ਚ ਕਾਪੀਆਂ ਕਿਤਾਬਾਂ ਪਿੱਛੋਂ ਪਾਉਂਦਾ, ਬਾਲਾਂ ਪਹਿਲਾਂ। ਸਕੂਲ ਦੇ ਮੈਦਾਨ ਵਿੱਚ ਉਸ ਨੇ ਸਕੂਲ ਲੱਗਣ ਤੋਂ ਪਹਿਲਾਂ ਵੀ ਬਾਲਾਂ ਨੂੰ ਠੇਡੇ ਮਾਰਦੇ ਫਿਰਨਾ ਤੇ ਸਕੂਲ ’ਚ ਛੁੱਟੀ ਹੋਣ ਤੋਂ ਪਿੱਛੋਂ ਵੀ ਬਾਲ ਮਗਰ ਭੱਜੇ ਫਿਰਨਾ। ਅੱਧੀ ਛੁੱਟੀ ਵੇਲੇ ਵੀ ਤੇ ਸਵੇਰੇ ਸ਼ਾਮੀਂ ਵੀ। ਦੁਪਹਿਰੇ ਧੁੱਪ ’ਚ ਪੈਰ ਤਪ ਜਾਣੇ ਤਾਂ ਹਲਟੀ ਦੇ ਪਾਣੀ ਨਾਲ ਠੰਢੇ ਕਰ ਕੇ ਫਿਰ ਖੇਡਣ ’ਚ ਮਸਤ ਹੋ ਜਾਣਾ। ਸਕੂਲ ’ਚ ਵਧੇਰੇ ਕੁੱਟ ਉਸ ਨੇ ਕਿਤਾਬਾਂ ਨਾ ਪੜ੍ਹਨ ਤੇ ਫੁੱਟਬਾਲ ਵੱਧ ਖੇਡਣ ਦੀ ਖਾਧੀ। ਉਹਦੀ ਕਿਰਤ ਕਮਾਈ ਵੇਖੀਏ ਤਾਂ ਫੁੱਟਬਾਲ ਦੇ ਸਿਰ ’ਤੇ ਹੀ ਉਸ ਨੇ ਉਮਰ ਭਰ ਦੀਆਂ ਰੋਟੀਆਂ ਕਮਾਈਆਂ। ਫੁੱਟਬਾਲ ਦੇ ਖਿਡਾਰੀ ਵਜੋਂ ਨਾ ਸਿਰਫ਼ ਉਹ ਆਪਣੇ ਸਕੂਲ ਜਾਂ ਆਲੇ ਦੁਆਲੇ ’ਚ ਹਰਮਨ ਪਿਆਰਾ ਖਿਡਾਰੀ ਬਣਿਆ ਸਗੋਂ ਸਕੂਲਾਂ ਤੋਂ ਲੈ ਕੇ ਉਹ ਅਨੇਕਾਂ ਛੋਟੇ ਵੱਡੇ ਟੂਰਨਾਮੈਂਟਾਂ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਐਲਾਨਿਆ ਜਾਂਦਾ ਰਿਹਾ।
ਸਾਲ 1959 ’ਚ ਉਹ ਪੰਜਾਬ ਸਕੂਲਾਂ ਦੀ ਟੀਮ ਵਿੱਚ ਚੁਣਿਆ ਗਿਆ ਸੀ। ਟਰਾਇਲ ਚੰਡੀਗੜ੍ਹ ਹੋਏ ਸਨ। ਉਦੋਂ ਕਿਸੇ ਦੇ ਖ਼ਾਅਬ ਖ਼ਿਆਲ ’ਚ ਵੀ ਨਹੀਂ ਸੀ ਕਿ ਇਹ ਬਲੂੰਗੜਾ ਜਿਹਾ ਬਾਲ ਟੀਮ ਵਿੱਚ ਚੁਣਿਆ ਜਾਏਗਾ? ਕੋਚ ਚੈਟਰਜੀ ਤਾਂ ਉਸ ਨੂੰ ਵੇਖਣ ਸਾਰ ਕਹਿਣ ਲੱਗ ਪਿਆ ਸੀ ਕਿ ਇਹ ਬਚੂੰਗੜਾ ਜਿਹਾ ਬਾਲ ਵੱਡੇ ਖਿਡਾਰੀਆਂ ਦੀ ਝਾਲ ਕਿੱਥੋਂ ਝੱਲ ਲਵੇਗਾ? ਇਹ ਤਾਂ ਡਰਦਾ ਮਾਰਾ ਈ ਅਗਲਿਆਂ ਲਈ ਰਾਹ ਛੱਡ ਦੇਵੇਗਾ, ਪਰ ਉਹਦਾ ਅਨੁਮਾਨ ਗ਼ਲਤ ਨਿਕਲਿਆ। ਉਹ ਪੰਜਾਬ ਦੀ ਟੀਮ ਵਿੱਚ ਚੁਣਿਆ ਵੀ ਗਿਆ ਅਤੇ ਅਗਾਂਹ ਲਈ ਜਿੱਤਾਂ ਦੇ ਬੀਜ ਵੀ ਬੀਜੇ ਗਏ। ਮੁੱਢਲੀਆਂ ਜਮਾਤਾਂ ਉਹ ਸਰਕਾਰੀ ਸਕੂਲ ’ਚ ਪੜ੍ਹਿਆ ਤੇ ਉੱਪਰਲੀਆਂ ਆਰੀਆ ਹਾਈ ਸਕੂਲ ਫਗਵਾੜੇ।
ਪਹਿਲੀ ਵਾਰ ਉਹਨੂੰ ਮਿਲਣ ਮੈਂ ਫਗਵਾੜੇ ਗਿਆ ਤਾਂ ਪੁੱਛ ਗਿੱਛ ਕੇ ਮਸੀਂ ਉਹਦਾ ਘਰ ਲੱਭਿਆ। 1980 ਦੇ ਆਸ ਪਾਸ ਦਾ ਸਮਾਂ ਸੀ। ਤਦ ਤੱਕ ਉਹ ਪ੍ਰਸਿੱਧ ਖਿਡਾਰੀ ਬਣ ਚੁੱਕਾ ਸੀ। ਮੈਂ ਬੂਹਾ ਠਕੋਰਿਆ ਤਾਂ ਰਤਾ ਕੁ ਸਾਂਵਲੇ ਰੰਗ ਦੇ ਇਕਹਿਰੇ ਜਿਹੇ ਨੌਜੁਆਨ ਨੇ ਬੂਹਾ ਖੋਲ੍ਹਿਆ। ਉਹਦੇ ਖੁੱਲ੍ਹਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਤੇ ਨਾਭੀ ਰੰਗ ਦੀ ਉੱਚੀ ਪੋਚਵੀਂ ਪੱਗ ਬੰਨ੍ਹੀ ਹੋਈ ਸੀ। ਕੱਦ ਉਹਦਾ ਮਸੀਂ ਪੰਜ ਫੁੱਟ ਚਾਰ ਕੁ ਇੰਚ ਦਾ ਲੱਗਦਾ ਸੀ, ਪਰ ਉੱਚੀ ਪੱਗ ਕਰਕੇ ਸਾਢੇ ਕੁ ਪੰਜ ਫੁੱਟ ਦਾ ਦਿਸਿਆ ਸੀ। ਉਹਦੀਆਂ ਅੱਖਾਂ ਦਾ ਰੰਗ ਨਸਵਾਰੀ, ਦਾੜ੍ਹੀ ਛਾਂਗੀ ਹੋਈ ਤੇ ਅੱਖਾਂ ਹੇਠਲੀਆਂ ਹੱਡੀਆਂ ਰਤਾ ਕੁ ਉੱਭਰਵੀਆਂ ਸਨ। ਉਨ੍ਹੀਂ ਦਿਨੀਂ ਕੈਮਰੇ ਦੀ ਥਾਂ ਮੈਂ ਅੱਖਾਂ ਨਾਲ ਹੀ ਖਿਡਾਰੀ ਦਾ ਚਿਹਰਾ ਮੋਹਰਾ ਮਨ ’ਚ ਉਤਾਰ ਲੈਂਦਾ ਸਾਂ। ਉਹਦੀ ਬਾਹਰੀ ਦਿੱਖ ਦਾ ਸਮੁੱਚਾ ਪ੍ਰਭਾਵ ਅਤਿ ਸਾਧਾਰਨ ਸੀ ਜਿਸ ’ਚੋਂ ਉਹਦੇ ਏਸ਼ੀਅਨ ਆਲ ਸਟਾਰ ਹੋਣ ਵਾਲੀ ਝਲਕ ਨਹੀਂ ਸੀ ਝਲਕ ਰਹੀ। ਉਹ ਬੜੀ ਨਿਮਰਤਾ ਤੇ ਤਪਾਕ ਨਾਲ ਮਿਲਿਆ ਅਤੇ ਮੈਨੂੰ ਆਪਣੀ ਬੈਠਕ ਵਿੱਚ ਲੈ ਗਿਆ।
ਮੈਂ ਅਨੇਕ ਖਿਡਾਰੀਆਂ ਦੀਆਂ ਤਗ਼ਮਿਆਂ, ਤਸਵੀਰਾਂ, ਟਰਾਫੀਆਂ ਤੇ ਹੋਰ ਖੇਡ ਵਸਤਾਂ ਨਾਲ ਸਜੀਆਂ ਬੈਠਕਾਂ ਵੇਖੀਆਂ ਹੋਈਆਂ ਸਨ। ਇੰਦਰ ਸਿੰਘ ਨੇ ਜਿਵੇਂ ਆਪਣੀ ਬੈਠਕ ਨੂੰ ਸ਼ਿੰਗਾਰਿਆ ਸੀ ਉਹਦਾ ਪ੍ਰਭਾਵ ਹੀ ਨਿਆਰਾ ਸੀ। ਇੱਕ ਪਾਸੇ ਸ਼ੀਸ਼ਿਆਂ ਦੇ ਵੱਡੇ ਖਾਨੇ ’ਚ ਸੌ ਕੁ ਟਰਾਫੀਆਂ, ਸ਼ੀਲਡਾਂ, ਕੱਪ, ਖੇਡ ਨਿਸ਼ਾਨੀਆਂ ਤੇ ਤਗ਼ਮੇ ਲਿਸ਼ਕਾ ਪੁਸ਼ਕਾ ਕੇ ਰੱਖੇ ਹੋਏ ਸਨ। ਉਹ ਕਿਸੇ ਵੱਡੇ ਖੇਡ ਅਦਾਰੇ ਦੀ ਸਜਾਵਟ ਲੱਗਦੇ ਸਨ, ਪਰ ਗੱਲਾਂ ਕਰਨ ’ਤੇ ਪਤਾ ਲੱਗਾ ਕਿ ਉਹ ਸਾਰੀਆਂ ਮੱਲਾਂ ’ਕੱਲੇ ਇੰਦਰ ਸਿੰਘ ਦੀਆਂ ਮਾਰੀਆਂ ਹੋਈਆਂ ਸਨ। ਇੱਕ ਕੰਧ ਉੱਪਰ ਸ੍ਰੀ ਹਰਿਮੰਦਰ ਸਾਹਿਬ ਦਾ ਸ਼ੀਸ਼ੇ ਜੜਿਆ ਰੰਗੀਨ ਚਿੱਤਰ ਸੀ ਤੇ ਉਹਦੇ ਹੇਠਾਂ ਲੱਕ ਜਿੱਡੀ ਉੱਚੀ ਸ਼ੀਲਡ ਸ਼ੁਭਾਏਮਾਨ ਸੀ। ਸੰਭਵ ਹੈ ਉਹ ਕਿਸੇ ਸ਼ੀਸ਼ੇ ਦੇ ਖਾਨੇ ਵਿੱਚ ਨਾ ਸਮਾਈ ਹੋਵੇ। ਜਿਨ੍ਹਾਂ ਕੱਪਾਂ ਤੇ ਟਰਾਫੀਆਂ ਨੂੰ ਸਾਹਮਣੇ ਦੇ ਖਾਨੇ ’ਚ ਜਗ੍ਹਾ ਨਹੀਂ ਸੀ ਮਿਲੀ, ਉਹ ਇੱਕ ਹੋਰ ਖਾਨੇ ’ਚ ਬੰਦ ਸਨ।
ਮੈਂ ਆਪਣੀ ਆਦਤ ਅਨੁਸਾਰ ਪਹਿਲਾਂ ਖਿਡਾਰੀ ਦੀ ਡੀਲ-ਡੌਲ ’ਤੇ ਨਜ਼ਰ ਮਾਰਦਾਂ ਤੇ ਫਿਰ ਉਹਦੇ ਹੱਥਾਂ ਪੈਰਾਂ ਨੂੰ ਨੀਝ ਨਾਲ ਵੇਖਦਾਂ ਜੋ ਉਹਦੀ ਖੇਡ ਦੇ ਵਧੇਰੇ ਕੰਮ ਆਏ ਹੋਣ। ਬੈਠਕ ’ਚ ਬਹਿੰਦਿਆਂ ਮੈਂ ਇੰਦਰ ਸਿੰਘ ਦੇ ਪੈਰਾਂ ਵੱਲ ਨੀਝ ਗੱਡੀ ਜਿਨ੍ਹਾਂ ਨੇ ਸੈਂਕੜੇ ਗੋਲ ਕੀਤੇ ਸਨ। ਉਹ ਪੈਰ ਅਸਲੋਂ ਨਿੱਕੇ-ਨਿੱਕੇ ਸਨ ਜਿਵੇਂ ਕਿਸੇ ਨਾਚੀ ਦੇ ਹੋਣ। ਮੇਰੇ ਮਨ ’ਚ ਆਇਆ ਕਿ ਜਿਹੜੇ ਬੰਦੇ ਕਿਸੇ ਦਾ ਮੂੰਹ ਵੇਖ ਕੇ ਉਹਦੀ ਸ਼ਖ਼ਸੀਅਤ ਦਾ ਅਨੁਮਾਨ ਲਾਉਂਦੇ ਹਨ, ਉਨ੍ਹਾਂ ਦਾ ਅਨੁਮਾਨ ਕਿੰਨਾ ਗ਼ਲਤ ਹੋ ਸਕਦੈ? ਭਲਾ ਇੰਦਰ ਸਿੰਘ ਦੇ ਪੈਰ ਵੇਖ ਕੇ ਕੋਈ ਕਿਵੇਂ ਅਨੁਮਾਨ ਲਾ ਸਕਦੈ ਕਿ ਇਹ ਫੁੱਟਬਾਲ ਦੇ ਸੈਂਕੜੇ ਮੈਦਾਨਾਂ ਵਿੱਚ ਹਜ਼ਾਰਾਂ ਮੀਲ ਦੌੜੇ ਹਨ ਤੇ ਇਨ੍ਹਾਂ ਨਾਲ ਅਨੇਕ ਟੂਰਨਾਮੈਂਟ ਜਿੱਤੇ ਗਏ ਹਨ।
ਪਾਣੀ ਧਾਣੀ ਪੀਣ ਪਿੱਛੋਂ ਮੈਂ ਇੰਦਰ ਸਿੰਘ ਨਾਲ ਉਹਦੇ ਖੇਡ ਜੀਵਨ ਦੀਆਂ ਗੱਲਾਂ ਤੋਰੀਆਂ ਤਾਂ ਉਹ ਦੁਆਬੀ ਲਹਿਜੇ ’ਚ ਪਹਿਲਾਂ ਜਕਦਾ ਤੇ ਫਿਰ ਖੁੱਲ੍ਹਦਾ ਹੋਇਆ ਖੱਲ੍ਹੀਆਂ ਗੱਲਾਂ ਕਰਨ ਲੱਗਾ। ਉਸ ਨੇ ਦੱਸਿਆ, “ਜਿਸ ਵੇਲੇ ਮੈਂ ਅੱਠਵੀਂ ’ਚ ਹੋਇਆ ਤਾਂ ਸਾਡੇ ਸਕੂਲ ਦੇ ਪੀਟੀ ਵਾਲੀਆ ਸਾਹਿਬ ਨੇ ਮੈਨੂੰ ਸਕੂਲ ਦੀ ਫੁੱਟਬਾਲ ਟੀਮ ਵਿੱਚ ਪਾ ਲਿਆ। ਉਂਜ ਮੈਂ ਹਾਕੀ ਤੇ ਅਥਲੈਟਿਕਸ ਅੱਲੇ ਵੀ ਮਾੜਾ ਮੋਟਾ ਹੱਥ ਮਾਰ ਲੈਂਦਾ ਸੀ। ਅਸਲ ਵਿੱਚ ਉਨ੍ਹੀਂ ਮੈਨੂੰ ਫੁੱਟਬਾਲ ਖੇਡਣ ਲਾਇਆ। 1959 ’ਚ ਮੈਂ ਪੰਜਾਬ ਸਕੂਲਾਂ ਦੀ ਟੀਮ ’ਚ ਚੁਣਿਆ ਗਿਆ। ਚੰਡੀਗੜ੍ਹ ਟਰਾਇਲ ਹੋਣ ਲੱਗੇ ਤਾਂ ਕੋਚ ਚੈਟਰਜੀ ਆਖੇ ਇਹ ਤਾਂ ਨਿੱਕਾ ਜਿਹਾ। ਇਨ ਕੀ ਖੇਡਣਾ? ਪਰ ਜੋਗਿੰਦਰ ਸਿੰਘ ਵਾਲੀਏ ਨੇ ਜ਼ੋਰ ਪਾ ਕੇ ਮੈਨੂੰ ਟੀਮ ’ਚ ਪੁਆ ਦਿੱਤਾ। ਮੌਕਾ ਮਿਲਣ ਦੀ ਲੋੜ ਸੀ, ਮੈਂ ਸਭ ਤੋਂ ਬਹੁਤੇ ਗੋਲ ਕੀਤੇ।”
ਮੈਂ ਪੁੱਛਿਆ, “ਖੇਡਣ ਨਾਲ ਤੁਸੀਂ ਪੜ੍ਹੇ ਕਿੱਥੋਂ ਤੱਕ?” ਉਸ ਨੇ ਬਿਨਾਂ ਸੰਗ-ਸੰਗਾਅ ਦੇ ਸਪੱਸ਼ਟ ਕਿਹਾ, ‘‘ਪੜ੍ਹਾਈ ’ਚ ਮੈਂ ਹੁਸ਼ਿਆਰ ਨਹੀਂ ਸੀ, ਕਮਜ਼ੋਰ ਈ ਸਾਂ। ਮੈਂ ਦਸਵੀਂ ਦੇ ਪਰਚੇ ਤਾਂ ਦੇ ਦਿੱਤੇ ਸੀ, ਪਰ ਅੰਗਰੇਜ਼ੀ ’ਚ ਪੰਜ ਨੰਬਰਾਂ ’ਤੇ ਫੇਲ੍ਹ ਹੋ ਗਿਆ ਸੀ। ਸਾਡੇ ਕਈ ਖਿਡਾਰੀ ਫੇਲ੍ਹ ਹੋਣ ਦੀ ਗੱਲ ਹੀ ਨਹੀਂ ਦੱਸਦੇ ਬਈ ਕੋਈ ਲਿਖ ਨਾ ਦੇਵੇ। ਮੇਰੇ ਬਾਰੇ ਤੁਸੀਂ ਜ਼ਰੂਰ ਲਿਖਿਓ ਕਿ ਮੈਂ ਅੰਡਰ ਮੈਟ੍ਰਿਕ ਆਂ। ਖਿਡਾਰੀ ਨੂੰ ਸਹੀ ਗੱਲ ਨਹੀਂ ਲੁਕਾਉਣੀ ਚਾਹੀਦੀ।’’
ਉਹਦੇ ਦੱਸਣ ਮੁਤਾਬਿਕ ਉਹਦੇ ’ਚ ਫੁੱਟਬਾਲ ਖੇਡਣ ਦੀ ਰੀਝ ਏਨੀ ਸੀ ਕਿ ਉਸ ਨੂੰ ਫੁੱਟਬਾਲ ਖੇਡਣ ਤੋਂ ਸਿਵਾ ਹੋਰ ਕੁਝ ਸੁੱਝਦਾ ਹੀ ਨਹੀਂ ਸੀ। ਇਹੋ ਕਾਰਨ ਹੈ ਕਿ ਉਹ ਕੇਵਲ 100 ਰੁਪਏ ਮਹੀਨੇ ਦੀ ਨੌਕਰੀ ਉਤੇ ਲੀਡਰਜ਼ ਕਲੱਬ ਜਲੰਧਰ ’ਚ ਭਰਤੀ ਹੋ ਗਿਆ। ਇਹ 1962 ਦੀ ਗੱਲ ਹੈ। ਇਸ ਤੋਂ ਪਹਿਲਾਂ ਉਹ ਲਗਾਤਾਰ ਤਿੰਨ ਸਾਲ ਸਕੂਲਾਂ ਦੇ ਸਰਬ ਭਾਰਤੀ ਟੂਰਨਾਮੈਂਟ ਖੇਡ ਚੁੱਕਾ ਸੀ। ਦੋ ਵਾਰ ਪੰਜਾਬ ਸਕੂਲਾਂ ਦੀ ਫੁੱਟਬਾਲ ਟੀਮ ਦਾ ਕਪਤਾਨ ਬਣ ਕੇ ਸਭ ਤੋਂ ਬਹੁਤੇ ਗੋਲ ਵੀ ਕਰ ਚੁੱਕਾ ਸੀ। 1960-61 ਵਿੱਚ ਉਹ ਲੀਡਰਜ਼ ਕਲੱਬ ਵੱਲੋਂ ਬਤੌਰ ਮਹਿਮਾਨ ਖਿਡਾਰੀ ਖੇਡਿਆ ਸੀ। ਲੀਡਰਜ਼ ਕਲੱਬ ਦੇ ਕਰਤਾ ਧਰਤਾ ਦਵਾਰਕਾ ਦਾਸ ਸਹਿਗਲ ਨੇ ਇੰਦਰ ਸਿੰਘ ’ਚ ਵਧੀਆ ਖਿਡਾਰੀ ਬਣਨ ਦੀਆਂ ਸੰਭਾਵਨਾਵਾਂ ਵੇਖ ਕੇ ਹੀ ਉਸ ਨੂੰ ਆਪਣੀ ਕਲੱਬ ’ਚ ਆਉਣ ਦਾ ਸੱਦਾ ਦਿੱਤਾ ਸੀ ਜੋ ਇੰਦਰ ਸਿੰਘ ਨੇ ਖ਼ੁਸ਼ੀ ਨਾਲ ਪ੍ਰਵਾਨ ਕਰ ਲਿਆ ਸੀ।
ਇੰਦਰ ਸਿੰਘ ਦੀ ਤਮੰਨਾ ਸੀ ਕਿ ਉਸ ਨੂੰ ਕੋਈ ਐਸੀ ਨੌਕਰੀ ਮਿਲੇ ਜਿਸ ਵਿੱਚ ਉਹ ਵੱਧ ਤੋਂ ਵੱਧ ਸਮਾਂ ਫੁੱਟਬਾਲ ਖੇਡ ਸਕੇ। ਲੀਡਰਜ਼ ਦੀ ਨੌਕਰੀ ਮਿਲਣ ਨਾਲ ਉਹਦੀ ਦਿਲੀ ਖਾਹਿਸ਼ ਪੂਰੀ ਹੋ ਗਈ। ਉਹ ਫਗਵਾੜਿਓਂ ਗੱਡੀ ਚੜ੍ਹਦਾ ਤੇ ਜਲੰਧਰ ਉਤਰ ਕੇ ਕਲੱਬ ਤੱਕ ਡੇਢ ਦੋ ਕਿਲੋਮੀਟਰ ਦੌੜਦਾ ਹੋਇਆ ਜਾਂਦਾ। ਫਿਰ ਕੋਚ ਜਿੰਨੀ ਮਿਹਨਤ ਕਰਾਉਂਦਾ ਉਹ ਤਨਦੇਹੀ ਨਾਲ ਕਰਦਾ ਤੇ ਵਾਪਸੀ ’ਤੇ ਫਿਰ ਵਾਧੂ ਦੌੜ ਲਾਉਂਦਾ। ਲੀਡਰਜ਼ ਕਲੱਬ ਵੱਲੋਂ ਉਹ 1962 ਤੋਂ 1974 ਤੱਕ ਖੇਡਿਆ। ਇਸ ਦੌਰਾਨ ਲੀਡਰਜ਼ ਦੀ ਟੀਮ ਨੇ ਦੇਸ਼ ਦੀਆਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਨੂੰ ਹਰਾਇਆ। ਉਸ ਨੇ ਬੀ ਕਲਾਸ ਟੂਰਨਾਮੈਂਟ ਤਾਂ ਜਿੱਤਣੇ ਹੀ ਸਨ, ਕੁਝ ਏ ਕਲਾਸ ਟੂਰਨਾਮੈਂਟ ਵੀ ਜਿੱਤੇ। ਉਨ੍ਹਾਂ ’ਚ ਇੰਦਰ ਸਿੰਘ ਅਕਸਰ ਬੈਸਟ ਸਕੋਰਰ ਹੁੰਦਾ। 1964 ਤੋਂ 1974 ਤੱਕ ਉਹ ਲੀਡਰਜ਼ ਕਲੱਬ ਦੀ ਟੀਮ ਦਾ ਕੈਪਟਨ ਵੀ ਰਿਹਾ। ਉਹਦੀ ਕਪਤਾਨੀ ’ਚ ਲੀਡਰਜ਼ ਦੀ ਟੀਮ ਦੇਸ਼ ਦੇ ਪ੍ਰਸਿੱਧ ਡੀ.ਸੀ.ਐੱਮ. ਕਲੱਬ ਦਿੱਲੀ ਦਾ ਫਾਈਨਲ ਪੰਜ ਵਾਰ ਖੇਡੀ ਅਤੇ ਡੁਰੰਡ ਤੇ ਰੋਵਰਜ਼ ਕੱਪ ਦੇ ਫਾਈਨਲ ਮੈਚ ਵੀ ਖੇਡੀ।
ਸਾਲ 1962 ਤੋਂ ਹੀ ਉਹਦਾ ਪੰਜਾਬ ਰਾਜ ਵੱਲੋਂ ਸੰਤੋਸ਼ ਟਰਾਫੀ ਖੇਡਣ ਦਾ ਦੌਰ ਸ਼ੁਰੂ ਹੁੰਦਾ ਹੈ। ਸੱਟਫੇਟ ਦੇ ਸਮੇਂ ਨੂੰ ਛੱਡ ਕੇ ਉਹ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ 1978 ਤੱਕ ਖੇਡਦਾ ਰਿਹਾ। 1965 ਤੋਂ 1978 ਤੱਕ ਤਿੰਨ ਮੌਕਿਆਂ ਨੂੰ ਛੱਡ ਕੇ ਉਹ ਲਗਾਤਾਰ ਪੰਜਾਬ ਟੀਮ ਦਾ ਕਪਤਾਨ ਰਿਹਾ। ਉਹਦੀ ਕਪਤਾਨੀ ਵਿੱਚ ਪੰਜਾਬ ਨੇ ਦੋ ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਜਦਕਿ ਬੰਗਾਲ ਦੀ ਟੀਮ ਸੰਤੋਸ਼ ਟਰਾਫੀ ’ਤੇ ਆਪਣੀ ਮਾਲਕੀ ਸਮਝਦੀ ਸੀ। 1974 ਦੀ ਨੈਸ਼ਨਲ ਚੈਂਪੀਅਨਸ਼ਿਪ ਸਮੇਂ ਤਾਂ ਜੱਗੋਂ ਤੇਰ੍ਹਵੀਂ ਹੋਈ। ਉਦੋਂ ਪੰਜਾਬ ਦੀ ਟੀਮ ਨੇ ਕੁਲ 46 ਗੋਲ ਕੀਤੇ ਸਨ ਜਿਨ੍ਹਾਂ ’ਚ 23 ਗੋਲ ਇੰਦਰ ਸਿੰਘ ਦੇ ਸਨ। ਬੰਗਾਲ ਵਿਰੁੱਧ ਫਾਈਨਲ ਮੈਚ ਖੇਡਦਿਆਂ ਪੰਜਾਬ ਨੇ ਉਹਨੂੰ ਰਿਕਾਰਡ 6-0 ਗੋਲਾਂ ਨਾਲ ਹਰਾਇਆ ਸੀ। ਉਨ੍ਹਾਂ 6 ਗੋਲਾਂ ਵਿੱਚ ਇੰਦਰ ਸਿੰਘ ਦੀ ਹੈਟ੍ਰਿਕ ਸੀ ਯਾਨੀ ਲਗਾਤਾਰ 3 ਗੋਲ!
ਸਾਲ 1963 ਵਿੱਚ ਉਹ ਪਹਿਲੀ ਵਾਰ ਭਾਰਤੀ ਟੀਮ ’ਚ ਚੁਣਿਆ ਗਿਆ ਤੇ ਪ੍ਰੀ ਓਲੰਪਿਕ ਟੂਰਨਾਮੈਂਟ ਖੇਡਿਆ। ‘ਏਸ਼ੀਆ ਦਾ ਜਰਨੈਲ’ ਜਰਨੈਲ ਸਿੰਘ ਉਦੋਂ ਬੰਗਾਲ ਵੱਲੋਂ ਖੇਡਦਾ ਸੀ। ਇੰਦਰ ਸਿੰਘ ਪੰਜਾਬ ਦਾ ਪਹਿਲਾ ਖਿਡਾਰੀ ਸੀ ਜੋ ਭਾਰਤ ਦੀ ਨੈਸ਼ਨਲ ਟੀਮ ਵਿੱਚ ਪਾਇਆ ਗਿਆ। 1964 ਵਿੱਚ ਉਹ ਫਿਰ ਭਾਰਤ ਵੱਲੋਂ ਪ੍ਰੀ ਓਲੰਪਿਕ ਟੂਰਨਾਮੈਂਟ ਖੇਡਿਆ। ਉਸੇ ਸਾਲ ਉਹ ਇਜ਼ਰਾਈਲ ਦਾ ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਖੇਡਣ ਗਿਆ ਜਿੱਥੇ ਉਹਨੇ ਸਭ ਤੋਂ ਵੱਧ ਗੋਲ ਕੀਤੇ। ਉਹਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਉੱਥੇ ਭਾਰਤੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਸੀ।
ਸਾਲ 1964 ’ਚ ਉਹ ਕੁਆਲਾਲੰਪੁਰ ਦਾ ਟੂਰਨਾਮੈਂਟ ਖੇਡਿਆ ਜੋ ਏਸ਼ੀਆ ਦਾ ਅੱਵਲ ਨੰਬਰ ਫੁੱਟਬਾਲ ਟੂਰਨਾਮੈਂਟ ਸਮਝਿਆ ਜਾਂਦਾ ਹੈ। ਉੱਥੇ ਵੀ ਉਸ ਨੇ ਕਮਾਲ ਦੀ ਖੇਡ ਵਿਖਾਈ ਜਿਹਦੇ ਕਰਕੇ ਮਲਾਇਆ ਦੇ ਸਰਦਾਰਾਂ ਨੇ ਉਸ ਨੂੰ ਮੋਢਿਆਂ ’ਤੇ ਚੁੱਕ ਲਿਆ ਤੇ ਸਟੇਡੀਅਮ ’ਚ ਗੇੜੇ ਦਿੱਤੇ। ਮਲਾਇਆ ਸਰਕਾਰ ਵੱਲੋਂ ਉਸ ਨੂੰ ਨੌਕਰੀ ਦੀ ਪੇਸ਼ਕਸ਼ ਹੋਈ ਜੋ ਉਸ ਨੇ ਦੇਸ਼ਭਗਤੀ ਹਿੱਤ ਠੁਕਰਾ ਦਿੱਤੀ। 1967, 1968, 1969 ਤੇ 1970 ’ਚ ਉਹ ਲਗਾਤਾਰ ਕੁਆਲਾਲੰਪੁਰ ਦਾ ਟੂਰਨਾਮੈਂਟ ਖੇਡਦਾ ਰਿਹਾ। 1969 ’ਚ ਉਹ ਭਾਰਤੀ ਟੀਮ ਦਾ ਕਪਤਾਨ ਸੀ। ਉਸ ਨੇ 1966 ਦੀਆਂ ਏਸ਼ੀਅਨ ਖੇਡਾਂ ਵਿੱਚ ਵੀ ਭਾਗ ਲਿਆ, ਪਰ ਉੱਥੇ ਭਾਰਤੀ ਟੀਮ 1962 ਦੀਆਂ ਏਸ਼ਿਆਈ ਖੇਡਾਂ ਵਾਂਗ ਗੋਲਡ ਮੈਡਲ ਨਹੀਂ ਸੀ ਜਿੱਤ ਸਕੀ। 1969 ਵਿੱਚ ਉਸ ਨੂੰ ਅਰਜਨ ਐਵਾਰਡ ਦਿੱਤਾ ਗਿਆ। 1974 ’ਚ ਦਿੱਲੀ ਦੇ ਖੇਡ ਪੱਤਰਕਾਰਾਂ ਵੱਲੋਂ ਉਸ ਨੂੰ ਦੇਸ਼ ਦਾ ਸਰਬੋਤਮ ਫੁੱਟਬਾਲਰ ਐਲਾਨਿਆ ਗਿਆ।
ਸਾਲ 2003 ’ਚ ‘ਫਗਵਾੜੇ ਦਾ ਮਾਣ’ ਐਵਾਰਡ ਦਿੱਤਾ ਗਿਆ। ਉਹਨੂੰ ਪੰਜਾਬ ਦਾ ਪੇਲੇ ਕਹਿ ਕੇ ਵਡਿਆਇਆ ਜਾ ਰਿਹੈ। ਕਦੇ ਬੰਗਾਲੀ ਖਿਡਾਰੀਆਂ ਨੇ ਉਸ ਨੂੰ ਤਾਅਨਾ ਮਾਰਿਆ ਸੀ ਕਿ ਪੰਜਾਬੀ ਹਾਕੀ ਹੀ ਖੇਡ ਸਕਦੇ ਹਨ, ਫੁੱਟਬਾਲ ਨਹੀਂ। ਉਸੇ ਦਿਨ ਤੋਂ ਇੰਦਰ ਸਿੰਘ ਨੇ ਮਨ ’ਚ ਧਾਰ ਲਿਆ ਸੀ ਕਿ ਉਹ ਬੰਗਾਲੀ ਖਿਡਾਰੀਆਂ ਦੇ ਇਸ ਮਿਹਣੇ ਦਾ ਜਵਾਬ ਉਨ੍ਹਾਂ ਨੂੰ ਹਰਾ ਕੇ ਦੇਵੇਗਾ ਜੋ ਉਸ ਨੇ ਆਖ਼ਰ ਹਰਾ ਕੇ ਹੀ ਲਿਆ।
ਈ-ਮੇਲ: principalsarwansingh@gmail.com
ਪੰਜਾਬੀ ਟ੍ਰਿਬਯੂਨ