ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਸ਼ਾਸਨ ਨੇ ਸੂਬੇ ਨੂੰ ਕਰਜ਼ੇ ਦੇ ਬੋਝ ਹੇਠ ਦਬਾ ਦਿੱਤਾ ਹੈ, ਗੈਂਗਸਟਰਵਾਦ ਵਧਿਆ ਹੈ ਅਤੇ ਨਸ਼ਿਆਂ ਦੀ ਅਲਾਮਤ ਬੇਰੋਕ ਜਾਰੀ ਹੈ, ਜਿਸ…
17 ਮਾਰਚ, 2026 – ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੇ ਸ਼ਾਸਨ ਨੇ ਸੂਬੇ ਨੂੰ ਕਰਜ਼ੇ ਦੇ ਬੋਝ ਹੇਠ ਦਬਾ ਦਿੱਤਾ ਹੈ,ਗੈਂਗਸਟਰਵਾਦ ਵਧਿਆ ਹੈ ਅਤੇ ਨਸ਼ਿਆਂ ਦੀ ਅਲਾਮਤ ਬੇਰੋਕ ਜਾਰੀ ਹੈ,ਜਿਸ ਨਾਲ ਇਹ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਮਾੜੀ ਸਰਕਾਰ ਸਾਬਤ ਹੋਈ ਹੈ।
‘ਆਪ’ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਪ੍ਰਤੀਕਰਮ ਦਿੰਦਿਆਂ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰਵਾਦ ਨੂੰ ਅੰਤਰਰਾਸ਼ਟਰੀ ਸਮੱਸਿਆ ਦੱਸ ਕੇ ਜਵਾਬਦੇਹੀ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਹਰ ਪੰਜਾਬੀ ਜ਼ਮੀਨੀ ਹਕੀਕਤ ਜਾਣਦਾ ਹੈ; ਲੋਕ ਡਰ ਦੇ ਸਾਏ ਵਿੱਚ ਜਿਉਂ ਰਹੇ ਹਨ, ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ, ਜਦਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਭ ਕੁਝ ਕੰਟਰੋਲ ਵਿੱਚ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੁਲੀਸ ਵੱਲੋਂ ਪਿੰਡਾਂ ਵਿੱਚ ਨਿਗਰਾਨ ਕਮੇਟੀਆਂ ਬਣਾਉਣ ਦੀ ਰਿਪੋਰਟ ਨੇ ਹੀ ਸਰਕਾਰ ਦੇ ਨਸ਼ਾ ਵਿਰੋਧੀ ਦਾਅਵਿਆਂ ਦੀ ਫੋਕੀ ਤਸਵੀਰ ਨੂੰ ਬੇਨਕਾਬ ਕਰ ਦਿੱਤਾ ਹੈ। ਵਿੱਤੀ ਮੋਰਚੇ ‘ਤੇ ਜਾਖੜ ਨੇ ਦੋਸ਼ ਲਾਇਆ ਕਿ ਮਾਨ ਅਤੇ ਉਨ੍ਹਾਂ ਦੇ “ਸੁਪਰ ਮੁੱਖ ਮੰਤਰੀ” ਮਾਈਨਿੰਗ ਤੋਂ 20,000 ਕਰੋੜ ਰੁਪਏ ਪੈਦਾ ਕਰਨ ਦੇ ਆਪਣੇ ਚੋਣ ਵਾਅਦੇ ‘ਤੇ ਚੁੱਪ ਕਰ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਾਜਾਇਜ਼ ਮਾਈਨਿੰਗ ਜ਼ੋਰਾਂ ‘ਤੇ ਹੈ ਅਤੇ ਸਵਾਲ ਕੀਤਾ ਕਿ ਇਹ ਮਾਲੀਆ ਕਿੱਥੇ ਜਾ ਰਿਹਾ ਹੈ,ਨਾਲ ਹੀ ਇਹ ਵੀ ਪੁੱਛਿਆ ਕਿ ਕੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਦਾ ਦਾਅਵਾ ਕਰਨ ਵਾਲੀ ਪਾਰਟੀ ਹੁਣ ਅਜਿਹੇ ਪੈਸੇ ‘ਤੇ ਟਿਕੀ ਹੋਈ ਹੈ।
ਜਾਖੜ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਮੁਫਤ ਅਤੇ ਸਬਸਿਡੀ ਵਾਲੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦਿਵਾਲੀਏਪਨ ਵੱਲ ਧੱਕ ਰਹੀ ਹੈ ਅਤੇ ਅਖੀਰ ਵਿੱਚ ਨਿੱਜੀਕਰਨ ਖਪਤਕਾਰਾਂ ‘ਤੇ ਬੋਝ ਪਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੂੰ ਅਜੇ ਤੱਕ ਆਪਣਾ ਮਹਿੰਗਾਈ ਭੱਤਾ ਨਹੀਂ ਮਿਲਿਆ ਹੈ ਅਤੇ ਸੂਬੇ ਕੋਲ ਕੋਈ ਭਰੋਸੇਯੋਗ ਖੇਤੀਬਾੜੀ ਨੀਤੀ ਨਹੀਂ ਹੈ,ਜਦਕਿ ਮੁੱਖ ਮੰਤਰੀ ਖੇਤੀਬਾੜੀ ਸੂਬੇ ਦਾ ਵਿਸ਼ਾ ਹੋਣ ਦੇ ਬਾਵਜੂਦ ਇਸ ਮੁੱਦੇ ਨੂੰ ਕੇਂਦਰ ‘ਤੇ ਸੁੱਟ ਰਹੇ ਹਨ। ਜਾਖੜ ਨੇ ਕਿਹਾ,”ਇਹ ਸਰਕਾਰ ਇਸ਼ਤਿਹਾਰਾਂ ‘ਤੇ ਚੱਲ ਰਹੀ ਹੈ, ਜਦਕਿ ਹਕੀਕਤ ਬਿਲਕੁਲ ਵੱਖਰੀ ਹੈ।”