ਪੰਜਾਬੀ ਟ੍ਰਿਬਯੂਨ
30 ਜਨਵਰੀ, 2025 – ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਜਮਾਤ ਦੇ ਕਰੀਬ 30 ਫੀਸਦ ਬੱਚੇ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਸਾਧਾਰਨ ਪੈਰਾ ਵੀ ਨਹੀਂ ਪੜ੍ਹ ਸਕੇ। ਇਹ ਖੁਲਾਸਾ ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸਬੰਧੀ ਸਾਲਾਨਾ ਰਿਪੋਰਟ (ਏਐੱਸਈਆਰ) 2024 ਵਿੱਚ ਹੋਇਆ ਹੈ। ਨਾ ਸਿਰਫ਼ ਸਰਕਾਰੀ ਬਲਕਿ ਸੂਬੇ ਵਿਚਲੇ ਪ੍ਰਾਈਵੇਟ ਸਕੂਲਾਂ ਦੇ 40 ਫੀਸਦ ਬੱਚੇ ਵੀ ਪੰਜਾਬੀ ਵਿੱਚ ਇਕ ਪੈਰ੍ਹਾ ਵੀ ਨਹੀਂ ਪੜ੍ਹ ਸਕੇ। ਪੜ੍ਹਨ ਦੀ ਸਮਰੱਥਾ ਅਤੇ ਗਣਿਤ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਮਾਪਦੰਡਾਂ ’ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਨਿੱਜੀ ਸਕੂਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ।
ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਜਮਾਤ ਦੇ 15 ਫੀਸਦ ਤੋਂ ਵੱਧ ਬੱਚੇ ਗੁਰਮੁਖੀ ਲਿਪੀ ਵਿੱਚ ਸਿਰਫ਼ ਅੱਖਰ ਪੜ੍ਹ ਸਕਦੇ ਹਨ ਪਰ ਸ਼ਬਦ ਜਾਂ ਇਸ ਤੋਂ ਉੱਪਰ ਨਹੀਂ ਤੇ ਇਨ੍ਹਾਂ ’ਚੋਂ 4.6 ਫੀਸਦ ਵਿਦਿਆਰਥੀ ਤਾਂ ਪੰਜਾਬੀ ਦੇ ਅੱਖਰ ਵੀ ਨਹੀਂ ਪਛਾਣ ਸਕਦੇ ਹਨ। ਦਿਹਾਤੀ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਸਬੰਧੀ ਹੋਏ ਸਰਵੇਖਣ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਤੀਜੀ ਜਮਾਤ ਦੇ 28 ਫੀਸਦ ਬੱਚੇ ਪਹਿਲੀ ਜਮਾਤ ਪੱਧਰ ਦੇ ਛੋਟੇ ਪੈਰ੍ਹੇ ਪੜ੍ਹ ਸਕਦੇ ਹਨ ਪਰ ਦੂਜੀ ਜਮਾਤ ਦੀਆਂ ਕਿਤਾਬਾਂ ਦੇ ਵੱਡੇ ਪੈਰ੍ਹੇ ਨਹੀਂ ਪੜ੍ਹ ਸਕਦੇ ਹਨ। ਏਐੱਸਈਆਰ ਦੇ ਜ਼ੋਨਲ ਮੈਨੇਜਰ (ਪੰਜਾਬ) ਪ੍ਰਭਸਿਮਰਨ ਸਿੰਘ ਨੇ ਕਿਹਾ ਕਿ ਇਸ ਦਿਹਾਤੀ ਸਰਵੇਖਣ ਵਿੱਚ 600 ਪਿੰਡਾਂ ਦੇ 3 ਤੋਂ 16 ਸਾਲ ਉਮਰ ਦੇ 20,226 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਸਰਵੇਖਣ ਦੌਰਾਨ 2022 ਦੇ ਸਰਵੇਖਣ ਨਾਲੋਂ ਗਣਿਤ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਮਾਮਲੇ ਵਿੱਚ ਤਾਂ ਬੱਚਿਆਂ ਵਿੱਚ ਕਾਫੀ ਸੁਧਾਰ ਦੇਖਿਆ ਗਿਆ ਪਰ ਪੜ੍ਹਨ ਦੀ ਸਮਰੱਥਾ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਪੜ੍ਹਨ ਦੀ ਸਮਰੱਥਾ ਦੇ ਮਾਮਲੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ 3.4 ਫੀਸਦ ਦਾ ਸੁਧਾਰ ਦੇਖਿਆ ਗਿਆ ਹੈ ਜਦਕਿ ਨਿੱਜੀ ਸਕੂਲਾਂ ਵਿੱਚ ਮਨਫੀ 0.9 ਫੀਸਦ ਦਾ ਨਿਘਾਰ ਆਇਆ ਹੈ। ਗਣਿਤ ਦੇ ਮਾਮਲੇ ਵਿੱਚ ਘੱਟੋ ਘੱਟ 51 ਫੀਸਦ ਬੱਚੇ ਘਟਾਓ ਦਾ ਸਵਾਲ ਤਾਂ ਕਰ ਹੀ ਲੈਂਦੇ ਹਨ। 2022 ਤੋਂ ਬਾਅਦ ਹੁਣ 2024 ਵਿੱਚ ਹੋਏ ਸਰਵੇਖਣ ’ਚ ਸਰਕਾਰੀ ਸਕੂਲਾਂ ਦੇ ਤੀਜੀ ਜਮਾਤ ਦੇ ਬੱਚਿਆਂ ਦੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਹੋਇਆ ਹੈ ਜੋ ਕਿ ਦੂਜੀ ਜਮਾਤ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ।
ਮੁੰਡਿਆਂ ਨਾਲੋਂ ਬਿਹਤਰ ਨੇ ਕੁੜੀਆਂ
ਗਰੇਡ ਅਤੇ ਲਿੰਗ ਮੁਤਾਬਕ ਕੁੜੀਆਂ ਦੀ ਪੜ੍ਹਨ ਦੀ ਸਮਰੱਥਾ ਮੁੰਡਿਆਂ ਨਾਲ ਬਿਹਤਰ ਹੈ। ਤੀਜੀ ਜਮਾਤ ਵਿੱਚ ਮੁੰਡਿਆਂ ਦੀ ਪੜ੍ਹਨ ਦੀ ਸਮਰੱਥਾ 2022 ਵਿੱਚ 29.5 ਫੀਸਦ ਸੀ ਜਦਕਿ 2024 ਵਿੱਚ ਇਹ 31.9 ਫੀਸਦ ’ਤੇ ਪੁੱਜ ਗਈ। ਦੂਜੇ ਪਾਸੇ ਤੀਜੀ ਜਮਾਤ ਦੀਆਂ ਕੁੜੀਆਂ ਵਿੱਚ ਪੜ੍ਹਨ ਦੀ ਸਮਰੱਥਾ 2022 ’ਚ 36.8 ਫੀਸਦ ਸੀ ਤੇ 2024 ਵਿੱਚ ਇਹ ਘੱਟ ਕੇ 36.6 ਫੀਸਦ ਰਹਿ ਗਈ। ਅੱਠਵੀਂ ਜਮਾਤ ਦੇ ਮੁੰਡਿਆਂ ਵਿੱਚ ਪੜ੍ਹਨ ਦੀ ਸਮਰੱਥਾ 2022 ’ਚ 81.2 ਫੀਸਦ ਸੀ ਤੇ 2024 ਵਿੱਚ ਇਹ ਘੱਟ ਕੇ 71 ਫੀਸਦ ਰਹਿ ਗਈ। ਅੱਠਵੀਂ ਜਮਾਤ ਦੀਆਂ ਕੁੜੀਆਂ ਵਿੱਚ ਪੜ੍ਹਨ ਦੀ ਸਮਰੱਥਾ 2022 ’ਚ 88.9 ਫੀਸਦ ਸੀ ਜੋ ਕਿ 2024 ਵਿੱਚ ਘੱਟ ਕੇ 81.2 ਫੀਸਦ ਰਹਿ ਗਈ।
ਮਿੱਡ-ਡੇਅ ਮੀਲ ਸਣੇ ਕਈ ਖੇਤਰਾਂ ’ਚ ਕੌਮੀ ਅੰਕੜਿਆਂ ਨਾਲੋਂ ਬਿਹਤਰ ਹੈ ਸਥਿਤੀ
ਮਿੱਡ-ਡੇਅ ਮੀਲ ਸਣੇ ਕਈ ਖੇਤਰਾਂ ਵਿੱਚ ਪੰਜਾਬ ਦੇ ਸਕੂਲਾਂ ਦੀ ਸਥਿਤੀ ਕੌਮੀ ਅੰਕੜਿਆਂ ਨਾਲੋਂ ਬਿਹਤਰ ਵੀ ਹੈ। ਕੌਮੀ ਪੱਧਰ ’ਤੇ 91.9 ਫੀਸਦ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦਿੱਤੀ ਜਾਂਦੀ ਹੈ ਜਦਕਿ ਪੰਜਾਬ ਦੇ 97.4 ਫੀਸਦ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦਿੱਤੀ ਜਾ ਰਹੀ ਹੈ। ਪੰਜਾਬ ਦੇ ਸਿਰਫ਼ 2.8 ਫੀਸਦ ਸਕੂਲਾਂ ਵਿੱਚ ਲਾਇਬ੍ਰੇਰੀਆਂ ਨਹੀਂ ਹਨ ਜਦਕਿ ਕੌਮੀ ਪੱਧਰ ’ਤੇ ਇਹ ਸਕੂਲਾਂ ਦਾ ਅੰਕੜਾ 17.5 ਫੀਸਦ ਹੈ। ਪੰਜਾਬ ਦੇ 81.2 ਫੀਸਦ ਸਕੂਲਾਂ ’ਚ ਪਖਾਨਿਆਂ ਦੀ ਸਹੂਲਤ ਹੈ ਜਦਕਿ ਕੌਮੀ ਪੱਧਰ ’ਤੇ 79 ਫੀਸਦ ਸਕੂਲਾਂ ’ਚ ਪਖਾਨੇ ਦੀ ਸਹੂਲਤ ਹੈ। ਸੂਬੇ ਦੇ 77 ਫੀਸਦ ਸਕੂਲਾਂ ’ਚ ਕੁੜੀਆਂ ਲਈ ਵੱਖਰੇ ਪਖਾਨੇ ਹਨ ਜਦਕਿ ਕੌਮੀ ਪੱਧਰ ’ਤੇ 72 ਫੀਸਦ ਸਕੂਲਾਂ ’ਚ ਇਹ ਸਹੂਲਤ ਹੈ। ਇਸੇ ਤਰ੍ਹਾਂ ਪੰਜਾਬ ਦੇ 31.7 ਫੀਸਦ ਸਕੂਲਾਂ ’ਚ ਵਿਦਿਆਰਥੀਆਂ ਕੋਲ ਕੰਪਿਊਟਰ ਦੀ ਸਹੂਲਤ ਹੈ ਜਦਕਿ ਕੌਮੀ ਪੱਧਰ ’ਤੇ ਸਿਰਫ਼ 11.1 ਫ਼ੀਸਦ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹ ਸਹੂਲਤ ਮਿਲ ਰਹੀ ਹੈ।
test