ਹਰਿਆਣਾ ’ਚ ਵੀ ਜਲ ਸੰਕਟ ਹੋਰ ਡੂੰਘਾ ਹੋਇਆ; ਬੋਰਵੈੱਲ ਡੂੰਘੇ ਕਰਨ ’ਤੇ ਖਰਚ ਵਧਿਆ
31 ਦਸੰਬਰ, 2025 – ਨਵੀਂ ਦਿੱਲੀ : ਭਾਰਤ ਨੇ ਇਸ ਸਾਲ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਡਾ ਚੌਲ ਉਤਪਾਦਕ ਦੇਸ਼ ਬਣਨ ਦੀ ਸਰਦਾਰੀ ਤਾਂ ਹਾਸਲ ਕਰ ਲਈ ਹੈ ਪਰ ਇਸ ਦੀ ਕੀਮਤ ਪੰਜਾਬ ਤੇ ਹਰਿਆਣਾ ਜਿਹੇ ਸੂਬਿਆਂ ਨੂੰ ਜਲ ਸੰਕਟ ਦਾ ਸਾਹਮਣਾ ਕਰ ਕੇ ਚੁਕਾਉਣੀ ਪੈ ਰਹੀ ਹੈ। ਦੇਸ਼ ਦੇ ਸਿਆਸਤਦਾਨਾਂ ਅਤੇ ਖੇਤੀਬਾੜੀ ਲੌਬੀ ਬੇਸ਼ੱਕ ਦੇਸ਼ ਦੀ ਇਸ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਹਨ ਪਰ ਬਹੁਤੇ ਝੋਨਾ ਕਾਸ਼ਤਕਾਰ ਇਸ ਤੋਂ ਖੁਸ਼ ਨਹੀਂ ਹਨ। ਭਾਰਤ ਨੇ ਪਿਛਲੇ ਦਹਾਕੇ ਵਿੱਚ ਚੌਲਾਂ ਦੀ ਬਰਾਮਦ ਦੀ ਮਾਤਰਾ ਤਕਰੀਬਨ ਦੁੱਗਣੀ ਕਰ ਦਿੱਤੀ ਹੈ ਅਤੇ ਪਿਛਲੇ ਵਿੱਤੀ ਸਾਲ ਵਿੱਚ ਇਹ ਬਰਾਮਦ ਦੋ ਕਰੋੜ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ।
ਕਿਸਾਨਾਂ, ਸਰਕਾਰੀ ਅਧਿਕਾਰੀਆਂ ਅਤੇ ਖੇਤੀ ਵਿਗਿਆਨੀਆਂ ਨਾਲ ਕੀਤੀਆਂ ਇੰਟਰਵਿਊਆਂ ਅਤੇ ਜ਼ਮੀਨ ਹੇਠਲੇ ਪਾਣੀ ਦੇ ਅੰਕੜਿਆਂ ਦੀ ਸਮੀਖਿਆ ਤੋਂ ਇਹ ਸਾਹਮਣੇ ਆਇਆ ਹੈ ਕਿ ਪਾਣੀ ਦੀ ਜ਼ਿਆਦਾ ਖਪਤ ਵਾਲੀ ਝੋਨੇ ਦੀ ਫਸਲ ਦੇਸ਼ ਦੇ ਪਹਿਲਾਂ ਹੀ ਘਟ ਰਹੇ ਜਲ-ਭੰਡਾਰਾਂ ਨੂੰ ਗ਼ੈਰ-ਕੁਦਰਤੀ ਢੰਗ ਨਾਲ ਖਤਮ ਕਰ ਰਹੀ ਹੈ। ਇਸ ਕਾਰਨ ਕਿਸਾਨਾਂ ਨੂੰ ਹੋਰ ਡੂੰਘੇ ਬੋਰਵੈੱਲ ਲਗਾਉਣ ਲਈ ਭਾਰੀ ਕਰਜ਼ੇ ਲੈਣੇ ਪੈ ਰਹੇ ਹਨ।
ਹਰਿਆਣਾ ਤੇ ਪੰਜਾਬ ਵਰਗੇ ਚੌਲ ਉਤਪਾਦਕ ਰਾਜਾਂ ਵਿੱਚ 50 ਕਿਸਾਨਾਂ ਅਤੇ ਅੱਠ ਜਲ ਤੇ ਖੇਤੀਬਾੜੀ ਅਧਿਕਾਰੀਆਂ ਅਨੁਸਾਰ ਦਹਾਕਾ ਪਹਿਲਾਂ ਜ਼ਮੀਨੀ ਪਾਣੀ ਤਕਰੀਬਨ 30 ਫੁੱਟ ਤੱਕ ਮਿਲ ਜਾਂਦਾ ਸੀ ਪਰ ਪਿਛਲੇ ਪੰਜ ਸਾਲਾਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗਿਆ ਹੈ ਤੇ ਹੁਣ ਬੋਰਵੈੱਲ 80 ਤੋਂ 200 ਫੁੱਟ ਤੱਕ ਡੂੰਘੇ ਕਰਨੇ ਪੈਂਦੇ ਹਨ। ਪੰਜਾਬ ਦੇ 76 ਸਾਲਾ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੀਆਂ ਗਰਮੀਆਂ ਵਿੱਚ 30-40 ਹਜ਼ਾਰ ਰੁਪਏ ਖਰਚੇ ਤਾਂ ਜੋ ਉਹ ਡਿੱਗਦੇ ਪਾਣੀ ਦੇ ਪੱਧਰ ਦੇ ਬਾਵਜੂਦ ਝੋਨੇ ਦੀ ਕਾਸ਼ਤ ਜਾਰੀ ਰੱਖ ਸਕੇ। ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਖਰਚੇ ਅਸਹਿ ਹੋ ਜਾਣਗੇ। ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਜੇ ਸਰਕਾਰ ਕਿਸਾਨਾਂ ਨੂੰ ਢੁੱਕਵੇਂ ਢੰਗ ਨਾਲ ਉਤਸ਼ਾਹਿਤ ਕਰੇ ਤਾਂ ਉਹ ਫਸਲੀ ਚੱਕਰ ਬਦਲਣ ਲਈ ਤਿਆਰ ਹਨ। ਹਰਿਆਣਾ ਦੇ 50 ਸਾਲਾ ਕਿਸਾਨ ਬਲਕਾਰ ਸਿੰਘ ਨੇ ਕਿਹਾ, ‘‘ਹਰ ਸਾਲ ਬੋਰਵੈੱਲ ਹੋਰ ਡੂੰਘਾ ਕਰਨਾ ਪੈਂਦਾ ਹੈ। ਇਹ ਬਹੁਤ ਮਹਿੰਗਾ ਹੁੰਦਾ ਜਾ ਰਿਹਾ ਹੈ।’’
ਸਬਸਿਡੀਆਂ ਕਾਰਨ ਨਹੀਂ ਰੁਕ ਰਹੀ ਝੋਨੇ ਦੀ ਕਾਸ਼ਤ
ਕਤਰ ਵਿੱਚ ਜੌਰਜ ਟਾਊਨ ਯੂਨੀਵਰਸਿਟੀ ਦੇ ਦੱਖਣੀ-ਏਸ਼ਿਆਈ ਰਾਜਨੀਤੀ ਦੇ ਮਾਹਿਰ ਉਦੈ ਚੰਦਰਾ ਨੇ ਕਿਹਾ ਕਿ ਸਰਕਾਰੀ ਸਬਸਿਡੀਆਂ ਝੋਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਦੀਆਂ ਹਨ ਤੇ ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਵੱਲ ਜਾਣ ਤੋਂ ਰੋਕਦੀਆਂ ਹਨ। ਵਾਸ਼ਿੰਗਟਨ ’ਚ ‘ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ’ ਦੇ ਅਵਿਨਾਸ਼ ਕਿਸ਼ੋਰ ਨੇ ਕਿਹਾ ਕਿ ਭਾਰਤ, ਕਿਸਾਨਾਂ ਨੂੰ ਜ਼ਮੀਨ ਹੇਠਲੇ ਪਾਣੀ ਦੀ ਵੱਡੇ ਪੱਧਰ ’ਤੇ ਵਰਤੋਂ ਲਈ ਪੈਸੇ ਦੇ ਰਿਹਾ ਹੈ।
ਗਰਮੀ ਤੇ ਹੜ੍ਹਾਂ ਨੇ ਤਬਾਹੀ ਮਚਾਈ
ਨਵੀਂ ਦਿੱਲੀ: ਸਾਲ 2025 ਵਿੱਚ ਜਲਵਾਯੂ ਤਬਦੀਲੀ ਨੇ ਦੁਨੀਆ ਭਰ ਵਿੱਚ ਭਿਆਨਕ ਮੌਸਮੀ ਹਾਲਾਤ ਪੈਦਾ ਕੀਤੇ ਹਨ। ‘ਵਰਲਡ ਵੈਦਰ ਐਟਰੀਬਿਊਸ਼ਨ’ (ਡਬਲਿਊ ਡਬਲਿਊ ਏ) ਦੀ ਸਾਲਾਨਾ ਰਿਪੋਰਟ ਅਨੁਸਾਰ ਲੂ, ਸੋਕਾ, ਤੂਫਾਨ ਅਤੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਅਜਿਹੀਆਂ ਘਟਨਾਵਾਂ ਨੇ ਲੱਖਾਂ ਲੋਕਾਂ ਨੂੰ ‘ਸਹਿਣਸ਼ੀਲਤਾ ਦੀ ਹੱਦ’ ਤੱਕ ਪਹੁੰਚਾ ਦਿੱਤਾ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕੱਚੇ ਤੇਲ ਅਤੇ ਕੋਲੇ ਦੀ ਵਰਤੋਂ ਤੁਰੰਤ ਨਾ ਘਟਾਈ ਗਈ ਤਾਂ ਹਾਲਾਤ ਹੋਰ ਬਦਤਰ ਹੋ ਜਾਣਗੇ। ਪੈਰਿਸ ਸਮਝੌਤੇ (2015) ਤੋਂ ਬਾਅਦ ਲੂ ਦੀ ਤੀਬਰਤਾ ਵਧੀ ਹੈ ਅਤੇ ਹੁਣ ਅਜਿਹੀਆਂ ਘਟਨਾਵਾਂ ਵਾਪਰਨ ਦੀ ਸੰਭਾਵਨਾ 10 ਗੁਣਾ ਵਧ ਗਈ ਹੈ।
ਪੰਜਾਬੀ ਟ੍ਰਿਬਯੂਨ