ਇਨਾਮਾਂ ਦੀ ਵੰਡ ਅੱਜ; ਜੂਡੋ ਅੰਡਰ-14 ਦੇ 23 ਕਿੱਲੋ ਭਾਰ ਵਰਗ ਵਿੱਚ ਪੰਜਾਬ ਦੀ ਰਿਦਮਾ ਨੇ ਸੋਨ ਤਗ਼ਮਾ ਜਿੱਤਿਆ; ਤਾਇਕਵਾਂਡੋ ਵਿੱਚ ਵੀ ਸੂਬੇ ਦੀ ਮਨਦੀਪ ਕੌਰ ਅੱਵਲ
14 ਜਨਵਰੀ, 2026 – ਲੁਧਿਆਣਾ : ਇੱਥੇ ਚੱਲ ਰਹੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਜੂਡੋ, ਤਾਇਕਵਾਂਡੋ ਅਤੇ ਗਤਕੇ ਦੀ ਓਵਰਆਲ ਟਰਾਫੀ ਜਿੱਤ ਲਈ ਹੈ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਿੱਖਿਆ ਸਕੱਤਰ ਪੰਜਾਬ ਅਨੰਦਿਤਾ ਮਿੱਤਰਾ ਵੱਲੋਂ 11 ਜਨਵਰੀ ਨੂੰ ਦੁਪਹਿਰ 12 ਵਜੇ ਪੀ ਏ ਯੂ ਦੇ ਓਪਨ ਏਅਰ ਥੀਏਟਰ ਵਿੱਚ ਕੀਤੀ ਜਾਵੇਗੀ।
ਅੱਜ ਹੋਏ ਮੁਕਾਬਲਿਆਂ ਵਿੱਚ ਜੂਡੋ ਲੜਕੀਆਂ (ਅੰਡਰ-14 ਸਾਲ) ਦੇ 23 ਕਿੱਲੋ ਭਾਰ ਵਰਗ ਵਿੱਚ ਪੰਜਾਬ ਦੀ ਖਿਡਾਰਨ ਰਿਦਮਾ ਨੇ ਸੋਨੇ, ਕਰਨਾਟਕ ਦੀ ਇਸ਼ਿਤਾ ਨੇ ਚਾਂਦੀ ਅਤੇ ਕੇਰਲਾ ਦੀ ਜੀਨੂੰ ਏਡਲ ਅਲਿਆਸ ਤੇ ਨਵੋਦਿਆ ਵਿਦਿਆਲਾ ਦੀ ਖਿਡਾਰਨ ਗੁੰਜਨ ਨੇ ਸਾਂਝੇ ਤੌਰ ’ਤੇ ਕਾਂਸ਼ੀ ਦਾ ਤਗ਼ਮਾ ਜਿੱਤਿਆ। ਇਸੇ ਉਮਰ ਵਰਗ ’ਚ ਲੜਕਿਆਂ ਦੇ 25 ਕਿੱਲੋ ਭਾਰ ਵਰਗ ਵਿੱਚ ਰਾਜਸਥਾਨ ਦੇ ਅਭਿਸ਼ੇਕ ਸੈਣੀ ਨੇ ਸੋਨੇ, ਪੰਜਾਬ ਦੇ ਆਦਿੱਤਿਆ ਨੇ ਚਾਂਦੀ ਅਤੇ ਕਰਨਾਟਕ ਦੇ ਕ੍ਰਿਸ਼ਨਾ ਸਲੋਕ ਕਟਕਰ ਤੇ ਹਰਿਆਣਾ ਦੇ ਯਸ ਨੇ ਸਾਂਝੇ ਤੌਰ ’ਤੇ ਕਾਂਸੀ ਦਾ ਤਗ਼ਮਾ ਜਿੱਤਿਆ।
ਤਾਇਕਵਾਂਡੋ ਲੜਕੀਆਂ (ਅੰਡਰ-14 ਸਾਲ) ਦੇ 24 ਕਿੱਲੋ ਭਾਰ ਵਰਗ ਵਿੱਚ ਪੰਜਾਬ ਦੀ ਮਨਦੀਪ ਕੌਰ ਨੇ ਸੋਨੇ, ਸੀ ਬੀ ਐੱਸ ਈ ਦੀ ਸ਼ਿਵਾਂਗੀ ਬਰੂਆਂ ਨੇ ਚਾਂਦੀ ਅਤੇ ਸੀ ਆਈ ਐੱਸ ਸੀ ਈ ਦੀ ਮਾਨਸੀ ਸ਼ਰਮਾ ਤੇ ਤਾਮਿਲਨਾਡੂ ਦੀ ਅਨੰਨਿਆ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਲੜਕੀਆਂ ਦੇ 26 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ’ਚ ਹਰਿਆਣਾ ਦੀ ਹਰਸ਼ਿਤਾ ਨੇ ਸੋਨੇ, ਤਾਮਿਲਨਾਡੂ ਦੀ ਸਵੇਥਾਸਲਾਜਾ ਐੱਸ ਨੇ ਚਾਂਦੀ ਤੇ ਪੰਜਾਬ ਦੀ ਉਪਾਸਨਾ ਤੇ ਮਹਾਰਾਸ਼ਟਰ ਦੀ ਖਿਡਾਰਨ ਆਰੀਆ ਮਾਨਕ ਹੋਲ ਨੇ ਸਾਂਝੇ ਤੌਰ ’ਤੇ ਕਾਂਸੀ ਦਾ ਤਗ਼ਮਾ ਜਿੱਤਿਆ।
ਗਤਕਾ ਅੰਡਰ–19 ਵਿੱਚ ਵੀ ਪੰਜਾਬ ਨੇ ਮਾਰੀ ਮੱਲ
ਗਤਕਾ ਲੜਕੇ ਟੀਮ (ਅੰਡਰ- 19 ਸਾਲ) (ਫੜ੍ਹੀ ਸੋਟੀ) ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਸੋਨੇ, ਚੰਡੀਗੜ੍ਹ ਨੇ ਚਾਂਦੀ ਅਤੇ ਦਿੱਲੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸੇ ਉਮਰ ਵਰਗ ’ਚ ਲੜਕੇ ਟੀਮ (ਸਿੰਗਲ ਸੋਟੀ) ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਸੋਨੇ, ਦਿੱਲੀ ਨੇ ਚਾਂਦੀ ਅਤੇ ਜੰਮੂ ਕਸ਼ਮੀਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਗਤਕਾ (ਅੰਡਰ- 19) ਵਿਅਕਤੀਗਤ (ਫੜ੍ਹੀ ਸੋਟੀ) ਦੇ ਮੁਕਾਬਲਿਆਂ ਵਿੱਚ ਜੰਮੂ ਕਸ਼ਮੀਰ ਨੇ ਸੋਨੇ, ਮੱਧ ਪ੍ਰਦੇਸ਼ ਨੇ ਚਾਂਦੀ ਅਤੇ ਝਾਰਖੰਡ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਗਤਕਾ (ਅੰਡਰ- 19) ਵਿਅਕਤੀਗਤ ਸਿੰਗਲ ਸੋਟੀ ਦੇ ਮੁਕਾਬਲਿਆਂ ਵਿੱਚ ਪੰਜਾਬ ਨੇ ਸੋਨੇ, ਦਿੱਲੀ ਨੇ ਚਾਂਦੀ ਅਤੇ ਛੱਤੀਸਗੜ੍ਹ ਨੇ ਕਾਂਸ਼ੀ ਦਾ ਤਗ਼ਮਾ ਜਿੱਤਿਆ।
ਪੰਜਾਬੀ ਟ੍ਰਿਬਯੂਨ