ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿਚ ਅੱਜ ਸਵੇਰੇ ਕਣੀਆਂ ਪਈਆਂ
28 ਮਾਰਚ, 2026 – ਮਾਨਸਾ : ਮੌਸਮ ਵਿਭਾਗ ਵੱਲੋਂ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਮੌਸਮ ਵਿੱਚ ਅਗਲੇ ਤਿੰਨ ਦਿਨ ਅਚਾਨਕ ਤਬਦੀਲੀ ਆਉਣ ਦੀ ਦਿੱਤੀ ਚਿਤਾਵਨੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਖੇਤਾਂ ਵਿਚ ਅੱਜਕੱਲ੍ਹ ਸਾਫ਼-ਸੁਥਰੇ ਮੌਸਮ ਦੀ ਲੋੜ ਸੀ, ਪਰ ਮੌਸਮ ਵਿਭਾਗ ਵੱਲੋਂ ਜਾਰੀ ’ਯੈਲੋ ਅਲਰਟ’ ਅਤੇ ਮੀਂਹ-ਝੱਖੜ ਨੇ ਕਿਸਾਨਾਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਮਾਨਸਾ ਸਮੇਤ ਹੋਰ ਕਈ ਜ਼ਿਲ੍ਹਿਆਂ ਵਿਚ ਅੱਜ ਸਵੇਰੇ ਸਵੇਰੇ ਕਣੀਆਂ ਪੈਣ ਦੀ ਜਾਣਕਾਰੀ ਮਿਲੀ ਹੈ।
ਕਿਸਾਨਾਂ ਦਾ ਕਹਿਣਾ ਕਿ ਹੁਣ ਮੌਸਮ ਉਸ ਵੇਲੇ ਬੇਈਮਾਨ ਹੋਇਆ ਹੈ, ਜਦੋਂ ਹਾੜੀ ਦੀ ਮੁੱਖ ਫਸਲ ਕਣਕ ਬਿਲਕੁਲ ਪੱਕ ਕੇ ਤਿਆਰ ਹੋਈ ਪਈ ਹੈ ਅਤੇ ਖੇਤਾਂ ਵਿਚ ਕਣਕ ਦੀ ਵਾਢੀ ਦਾ ਕਾਰਜ ਅਗਲੇ ਦਿਨਾਂ ਦੌਰਾਨ ਆਰੰਭ ਹੋਣਾ ਹੈ। ਜਿਹੜੇ ਕਿਸਾਨਾਂ ਦੀ ਸਰੋਂ ਪੱਕਣ ਉਤੇ ਆਈ ਹੋਈ ਸੀ, ਉਨ੍ਹਾਂ ਕਿਸਾਨਾਂ ਵੱਲੋਂ ਅੱਜਕਲ੍ਹ ਖੇਤਾਂ ਵਿੱਚ ਸਰੋਂ ਵੱਢਕੇ ਭਰੀਆਂ ਪਾਈਆਂ ਗਈਆਂ ਹਨ।
ਖੇਤੀ ਮਾਹਿਰਾਂ ਦਾ ਕਹਿਣਾਂ ਹੈ ਕਿ ਫਸਲ ਨੂੰ ਚੰਗੇ ਵੱਡੇ ਦਿਨ ਲੱਗਣ ਜਰੂਰੀ ਹਨ ਤਾਂ ਜੋ ਕਣਕ ਦੀ ਫ਼ਸਲ ਦਾ ਝਾੜ ਚੰਗਾ ਕਿਸਾਨਾਂ ਨੂੰ ਵਧੀਆ ਮਿਲ ਸਕੇ, ਪਰ ਇਸ ਮੌਸਮ ਨੇ ਕਿਸਾਨਾਂ ਨੂੰ ਫ਼ਿਕਰਾਂ ਵਿਚ ਡੋਬ ਧਰਿਆ ਹੈ।
ਮੌਸਮ ਦੇ ਮਾੜਾ ਰਹਿਣ ਦੀਆਂ ਮਿਲੀਆਂ ਸੂਚਨਾਵਾਂ ਅਨੁਸਾਰ ਮਾਨਸਾ,ਬਠਿੰਡਾ,ਮੋਗਾ,ਫਰੀਦਕੋਟ,ਫਾਜ਼ਿਲਕਾ, ਫਿਰੋਜ਼ਪੁਰ ਸਮੇਤ ਮਾਝੇ-ਦੁਆਬੇ ਦੇ ਇਲਾਕਿਆਂ ਵਿੱਚ 27 ਤੋਂ 29 ਮਾਰਚ ਨੂੰ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ 30 ਤੋਂ 40 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ-ਨਾਲ ਬਿਜਲੀ ਵੀ ਚਮਕੇਗੀ ਅਤੇ ਤੇਜ਼ ਤੂਫਾਨ ਦਾ ਅਲਰਟ ਵੀ ਦੱਸਿਆ ਗਿਆ ਹੈ।
ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ.ਐਸ ਰੋਮਾਣਾ ਦੱਸਿਆ ਕਿ ਅਗਲੇ ਤਿੰਨ-ਚਾਰ ਦਿਨ ਹੋਰ ਮੌਸਮ ਬੇਈਮਾਨ ਰਹਿਣ ਦਾ ਅਨੁਮਾਨ ਹੈ ਅਤੇ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਕੱਟੀਆਂ ਹੋਈਆਂ ਫ਼ਲੀਦਾਰ ਫ਼ਸਲਾਂ ਨੂੰ ਸੁਰੱਖਿਅਤ ਥਾਂ ਉਤੇ ਰੱਖਣ ਦੀ ਸਲਾਹ ਦਿੱਤੀ ਹੈ।
ਪੰਜਾਬੀ ਟ੍ਰਿਬਯੂਨ