12 ਮਾਰਚ, 2025 – ਕਰਤਾਰਪੁਰ : ਪੰਜਾਬ ਰਾਜ ਬੀਜ ਨਿਗਮ ਖੇਤਰੀ ਦਫ਼ਤਰ ਕਰਤਾਰਪੁਰ ਵੱਲੋਂ ਇਲਾਕੇ ਦੇ ਸਿਰਫ਼ ਡੇਢ ਦਰਜਨ ਕਿਸਾਨਾਂ ਨਾਲ ਕਣਕ ਦੀ ਖੇਤੀ ਕਰਨ ਲਈ ਇਕਰਾਰ ਕੀਤਾ ਹੋਇਆ ਹੈ, ਜਦੋਂਕਿ ਪਿਛਲੇ ਸਾਲ 25 ਕਿਸਾਨਾਂ ਨਾਲ ਇਕਰਾਰ ਕੀਤਾ ਸੀ। ਬੀਜ ਨਿਗਮ ਦੇ ਪਿਛਲੇ ਸਮੇਂ ਵਿੱਚ ਵਿੱਤੀ ਸੰਕਟ ’ਚ ਹੋਣ ਕਾਰਨ ਸਮੇਂ ਸਿਰ ਅਦਾਇਗੀ ਨਾ ਹੋਣ ਕਰ ਕੇ ਕਿਸਾਨਾਂ ਨੇ ਵਿਭਾਗ ਤੋਂ ਮੂੰਹ ਫੇਰ ਲਿਆ ਹੈ। ਖੇਤਰੀ ਦਫ਼ਤਰ ਕਰਤਾਰਪੁਰ ਦੇ ਇੰਚਾਰਜ ਬਲਦੀਪ ਸਿੰਘ ਨੇ ਦੱਸਿਆ ਕਿ ਬੀਜ ਨਿਗਮ ਵੱਲੋਂ ਕਿਸਾਨਾਂ ਨੂੰ ਬਰੀਡਰ ਅਤੇ ਫਾਊਂਡੇਸ਼ਨ ਸੀਡ ਲਈ ਕਣਕ ਦੀ ਬਿਜਾਈ ਕਰਵਾਈ ਜਾਂਦੀ ਹੈ। ਕਣਕ ਦੀ ਬਿਜਾਈ ਤੋਂ ਕਟਾਈ ਤੱਕ ਵਿਭਾਗ ਦੇ ਅਧਿਕਾਰੀ ਫ਼ਸਲ ਦੀ ਸਮੇਂ-ਸਮੇਂ ਜਾਂਚ ਕਰਦੇ ਹਨ।
ਪੰਜਾਬ ਰਾਜ ਬੀਜ ਨਿਗਮ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਰ੍ਹੇ ਕਿਸਾਨਾਂ ਕੋਲੋਂ ਇੱਕ ਲੱਖ 20 ਹਜ਼ਾਰ ਕੁਇੰਟਲ ਕਣਕ ਖ਼ਰੀਦਣ ਦਾ ਟੀਚਾ ਮਿਥਿਆ ਹੈ, ਜਦੋਂਕਿ ਪਿਛਲੇ ਸਾਲ ਇਹ ਖ਼ਰੀਦ 1 ਲੱਖ 42 ਹਜ਼ਾਰ ਕੁਇੰਟਲ ਸੀ। ਵਿਭਾਗ ਵੱਲੋਂ ਬਰੀਡਰ ਸੀਡ ਲਈ 300 ਰੁਪਏ ਅਤੇ ਫਾਊਂਡੇਸ਼ਨ ਸੀਡ ਲਈ ਕਿਸਾਨਾਂ ਨੂੰ ਖ਼ਰੀਦ ਸਮੇਂ 250 ਰੁਪਏ ਵੱਧ ਅਦਾਇਗੀ ਕੀਤੀ ਜਾਂਦੀ ਹੈ। ਕਰਤਾਰਪੁਰ ਖੇਤਰੀ ਦਫ਼ਤਰ ਦੇ ਗੁਦਾਮਾਂ ਵਿੱਚ 40 ਹਜ਼ਾਰ ਕੁਇੰਟਲ ਭੰਡਾਰ ਕਰਨ ਦੀ ਸਮਰੱਥਾ ਹੈ।
ਮਤਰੇਆ ਸਲੂਕ ਕਰ ਰਿਹੈ ਕੇਂਦਰ: ਸਿੱਧੂ
ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬੀਜ ਨਿਗਮ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਲਗਪਗ 20 ਕਰੋੜ ਰੁਪਏ ਦੀ ਬਣਦੀ ਸਬਸਿਡੀ ਰੋਕੀ ਹੋਈ ਹੈ। ਇਸ ਦੇ ਉਲਟ ਗੁਆਂਢੀ ਸੂਬੇ ਹਰਿਆਣਾ ਨੂੰ ਪਿਛਲੇ ਵਰ੍ਹੇ 35 ਕਰੋੜ ਦੀ ਸਬਸਿਡੀ ਕੇਂਦਰ ਸਰਕਾਰ ਨੇ ਸਮੇਂ ਸਿਰ ਜਾਰੀ ਕਰ ਦਿੱਤੀ ਗਈ ਸੀ।
ਪੰਜਾਬੀ ਟ੍ਰਿਬਯੂਨ
test