ਕੰਡਕਟਰ ਜ਼ਖ਼ਮੀ; ਫਿਰੋਜ਼ਪੁਰ ਤੋਂ ਗੰਗਾਨਗਰ ਜਾ ਰਹੀ ਸੀ ਬੱਸ
03 ਦਸੰਬਰ, 2025 – ਮਮਕੋਟ : ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪੀਰ ਖਾਂ ਸ਼ੇਖ ਵਾਲੀ ਪੁਲ ਨਜ਼ਦੀਕ ਪੰਜਾਬ ਰੋਡਵੇਜ਼ ਦੀ ਬੱਸ ’ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਸਾਰੀਆਂ ਸਵਾਰੀਆਂ ਸੁਰੱਖਿਅਤ ਰਹੀਆਂ| ਇਹ ਘਟਨਾ ਅੱਜ ਸ਼ਾਮ ਛੇ ਵਜੇ ਤੋਂ ਬਾਅਦ ਵਾਪਰੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਡਰਾਈਵਰ ਅਤੇ ਕੰਡਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਗੰਗਾਨਗਰ ਜਾ ਰਹੇ ਸਨ ਕਿ ਤਿੰਨ ਨੌਜਵਾਨਾਂ ਨੇ ਡਰਾਈਵਰ ਦੀ ਬਾਰੀ ਵਿੱਚ ਗੋਲੀ ਮਾਰੀ ਜਿਹੜੀ ਡਰਾਈਵਰ ਸੀਟ ਮਗਰੋਂ ਲੰਘ ਗਈ ਤੇ ਡਰਾਈਵਰ ਵਾਲ ਵਾਲ ਬਚ ਗਿਆ ਅਤੇ ਦੂਸਰੀ ਗੋਲੀ ਬੱਸ ਦੇ ਅੱਗੇ ਮਾਰੀ| ਬੱਸ ਦੇ ਕੰਡਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਗੋਲੀ ਚੱਲਣ ਨਾਲ ਉਸ ਦੀ ਲੱਤ ਵਿੱਚ ਛਰ੍ਹੇ ਲੱਗੇ ਹਨ| ਘਟਨਾ ਵਾਪਰਨ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਨੂੰ ਥਾਣਾ ਲੱਖੋ ਕੇ ਬਹਿਰਾਮ ਲਿਜਾਇਆ ਗਿਆ| ਇਹ ਮਾਮਲਾ ਥਾਣਾ ਮਮਦੋਟ ਅਧੀਨ ਹੋਣ ਕਰਕੇ ਥਾਣਾ ਮੁਖੀ ਮਮਦੋਟ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਪਰ ਗੋਲੀਆਂ ਚਲਾਉਣ ਦੇ ਕਾਰਨ ਸਪਸ਼ਟ ਨਾ ਹੋਏ।
ਪੰਜਾਬੀ ਟ੍ਰਿਬਯੂਨ