ਅਬੋਹਰ, ਮਾਨਸਾ, ਫ਼ਰੀਦਕੋਟ ਤੇ ਹੋਰ ਕਈ ਥਾੲੀਂ ਗਡ਼ੇ ਪਏ
16 ਮਾਰਚ, 2026 – ਚੰਡੀਗੜ੍ਹ : ਪੰਜਾਬ ਵਿੱਚ ਸਮੇਂ ਤੋਂ ਪਹਿਲਾਂ ਗਰਮੀ ਦੇ ਦਸਤਕ ਦੇਣ ਮਗਰੋਂ ਅੱਜ ਤੜਕੇ ਅਚਾਨਕ ਮੌਸਮ ਨੇ ਆਪਣਾ ਮਿਜ਼ਾਜ ਬਦਲ ਗਿਆ। ਅੱਜ ਸਵੇਰੇ ਤੇਜ਼ ਹਵਾਵਾਂ ਨਾਲ ਕਿਣਮਿਣ ਸ਼ੁਰੂ ਹੋ ਗਈ ਸੀ। ਇਸ ਮਗਰੋਂ ਦਿਨ ਸਮੇਂ ਸੂਬੇ ਵਿੱਚ ਕਈ ਥਾਈਂ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ’ਚ ਗੜੇਮਾਰੀ ਹੋਈ। ਮੀਂਹ ਨੇ ਭਾਵੇਂ ਗਰਮੀ ਤੋਂ ਆਰਜ਼ੀ ਤੌਰ ’ਤੇ ਰਾਹਤ ਦਿਵਾ ਦਿੱਤੀ ਪਰ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ। ਇਸ ਸਮੇਂ ਖੇਤਾਂ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋਣ ਦੇ ਆਖ਼ਰੀ ਪੜਾਅ ’ਤੇ ਹੈ। ਅਜਿਹੇ ਸਮੇਂ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਰ ਕੇ ਫ਼ਸਲ ਡਿੱਗਣ ਦਾ ਖਦਸ਼ਾ ਹੈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਤੜਕੇ ਸਰਹੱਦੀ ਖੇਤਰ ਦੇ ਕਈ ਸ਼ਹਿਰਾਂ ਵਿੱਚ ਹਲਕਾ ਤੇ ਦਰਮਿਆਨਾ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, ਜੋ ਦਿਨ ਚੜ੍ਹਨ ਦੇ ਨਾਲ-ਨਾਲ ਤੇਜ਼ ਹੁੰਦਾ ਗਿਆ। ਇਸ ਦੌਰਾਨ ਅਬੋਹਰ, ਮਾਨਸਾ, ਫ਼ਰੀਦਕੋਟ ਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਈ ਥਾਵਾਂ ’ਤੇ ਗੜੇ ਪਏ।
ਮੌਸਮ ਵਿਭਾਗ ਨੇ 20 ਮਾਰਚ ਤੱਕ ਸੂਬੇ ਵਿੱਚ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 16, 19 ਤੇ 20 ਮਾਰਚ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸੇ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਹਲਕੇ ਤੇ ਦਰਮਿਆਨੇ ਮੀਂਹ ਦੇ ਨਾਲ-ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅੰਮ੍ਰਿਤਸਰ ਵਿੱਚ 5 ਐੱਮ ਐੱਮ, ਫਾਜ਼ਿਲਕਾ ਤੇ ਸੰਗਰੂਰ ਵਿੱਚ 4-4 ਐੱਮ ਐੱਮ, ਲੁਧਿਆਣਾ ਵਿੱਚ 1.2 ਐੱਮ ਐੱਮ, ਪਟਿਆਲਾ ਵਿੱਚ 2 ਐੱਮ ਐੱਮ, ਫਿਰੋਜ਼ਪੁਰ ’ਚ 2.5 ਐੱਮ ਐੱਮ, ਪਠਾਨਕੋਟ ’ਚ 1 ਐੱਮ ਐੱਮ, ਰੂਪਨਗਰ ’ਚ 1.5 ਐੱਮ ਐੱਮ ਮੀਂਹ ਪਿਆ ਅਤੇ ਬਠਿੰਡਾ, ਫਰੀਦਕੋਟ, ਮੁਹਾਲੀ ਤੇ ਹੋਰ ਕਈ ਇਲਾਕਿਆਂ ਵਿੱਚ ਕਣੀਆਂ ਪਈਆਂ। ਦੂਜੇ ਪਾਸੇ ਮੀਂਹ ਪੈਣ ਦੇ ਨਾਲ ਹੀ ਪੰਜਾਬ ਦੇ ਤਾਪਮਾਨ ਵਿੱਚ 4.3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 21.8 ਡਿਗਰੀ, ਲੁਧਿਆਣੇ ਦਾ 22.7 ਡਿਗਰੀ, ਪਟਿਆਲੇ ਦਾ 26.6 ਡਿਗਰੀ, ਫਰੀਦਕੋਟ ਦਾ 24 ਡਿਗਰੀ, ਨਵਾਂ ਸ਼ਹਿਰ ਦਾ 24.7 ਡਿਗਰੀ, ਫਾਜ਼ਿਲਕਾ ਦਾ 28 ਡਿਗਰੀ, ਫਿਰੋਜ਼ਪੁਰ ਦਾ 23.9 ਡਿਗਰੀ, ਹੁਸ਼ਿਆਰਪੁਰ ਦਾ 20.2 ਡਿਗਰੀ, ਮੁਹਾਲੀ ਦਾ 27.2 ਡਿਗਰੀ, ਪਠਾਨਕੋਟ ਦਾ 21.6 ਡਿਗਰੀ, ਰੂਪਨਗਰ ਦਾ 22.5 ਡਿਗਰੀ, ਬਠਿੰਡੇ ਦਾ 26 ਡਿਗਰੀ ਅਤੇ ਫਰੀਦਕੋਟ 27 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/nation/heavy-rain-and-hailstorm-in-punjab/
ਮੀਂਹ ਤੇ ਤੇਜ਼ ਹਵਾਵਾਂ ਨੇ ਅਗੇਤੀ ਕਣਕ ਵਿਛਾਈ
ਕਿਸਾਨ ਘਬਰਾਏ; ਕਣਕ ਦਾ ਝਾਡ਼ ਘਟਣ ਦਾ ਖ਼ਦਸ਼ਾ
16 ਮਾਰਚ, 2026 – ਮਾਨਸਾ : ਮਾਲਵਾ ਪੱਟੀ ਵਿਚ ਦੂਰ-ਦੂਰ ਤੱਕ ਮੀਂਹ ਪੈਣ, ਤੇਜ਼ ਹਵਾਵਾਂ ਚੱਲਣ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਟੇਢੀ ਹੋ ਗਈ ਹੈ। ਟੇਢੀ ਹੋਈ ਇਸ ਕਣਕ ਦੇ ਮੁੜ ਖੜ੍ਹੇ ਹੋਣ ਦੀ ਘੱਟ ਹੀ ਉਮੀਦ ਵਿਖਾਈ ਦਿੰਦੀ ਹੈ, ਜਿਸ ਕਰਕੇ ਕਣਕ ਦਾ ਝਾੜ ਘਟਣ ਦਾ ਖਦਸ਼ਾ ਖੜ੍ਹਾ ਹੋ ਸਕਦਾ ਹੈ। ਉਧਰ, ਇਨ੍ਹਾਂ ਕਣੀਆਂ ਨਾਲ ਅਚਾਨਕ ਮਾਰਚ ਦੇ ਆਰੰਭ ਵਿਚ ਆਈ ਗਰਮੀ ਤੋਂ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ 15 ਮਾਰਚ ਤੋਂ ਮੌਸਮ ਬਦਲਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ।
ਅੱਜ ਬਾਅਦ ਤੜਕਸਾਰ ਮੌਸਮ ਵਿੱਚ ਆਈ ਤਬਦੀਲੀ ਕਾਰਨ ਇਹ ਮੀਂਹ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗਿਆ, ਜਦੋਂ ਕੁੱਝ ਇਲਾਕਿਆਂ ਵਿਚ ਮੀਂਹ ਨਾਲ ਤੇਜ਼ ਹਵਾ ਵੀ ਸ਼ੁਰੂ ਹੋ ਗਈ। ਇਸ ਹਵਾ ਤੇ ਮੀਂਹ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ਵਿਚ ਵਿਛਣੇ ਸ਼ੁਰੂ ਹੋ ਗਏ। ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ’ਤੇ ਡਿੱਗ ਗਈਆਂ ਹਨ, ਕਿਉਂਕਿ ਉਨ੍ਹਾਂ ਕਣਕਾਂ ਦੀਆਂ ਜੜ੍ਹਾਂ ਪੋਲੀਆਂ ਹੋ ਗਈਆਂ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਇਨ੍ਹਾਂ ਕਣੀਆਂ ਨਾਲ ਅਗਲੇ 8-10 ਦਿਨ ਗਰਮੀ ਤੋਂ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਅਗਲੇ ਪੰਜ ਦਿਨਾਂ ਦੌਰਾਨ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਹਲਕਾ ਅਤੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਵੱਲੋਂ ਅਗਲੇ ਪੰਜ ਦਿਨ ਪੰਜਾਬ ਵਿਚ ਮਾਲਵਾ ਖੇਤਰ ਸਣੇ ਮਾਝੇ ਦੁਆਬੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕਈ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਣੀਆਂ ਨਾਲ ਤੇਜ਼ ਹਵਾਵਾਂ ਚੱਲਣ ਕਰਕੇ ਅਕਸਰ ਭਾਰੀ ਕਣਕਾਂ ਡਿੱਗ ਪੈਂਦੀਆਂ ਹਨ, ਜਿਨ੍ਹਾਂ ਦੇ ਮੁੜ ਖੜ੍ਹਾ ਹੋਣ ਦੀ ਉਮੀਦ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰ੍ਹੋਂ ਦੀ ਵਾਢੀ ਸ਼ੁਰੂ ਹੋ ਗਈ ਹੈ, ਜੋ ਇਨ੍ਹਾਂ ਕਣੀਆਂ ਨਾਲ ਪ੍ਰਭਾਵਿਤ ਹੋਵੇਗੀ। ਆਕਾਸ਼ ਉਪਰ ਬਣੀ ਬੱਦਲਵਾਈ ਕਾਰਨ ਕਈ ਵਾਰ ਤੇਲਾ ਪੈਦਾ ਹੋਣ ਦਾ ਖਦਸ਼ਾ ਬਣ ਜਾਂਦਾ ਹੈ।
ਕਿਣਮਿਣ ਕਾਣੀ ਪਿੱਛੋਂ ਗਰਮੀ ਤੋਂ ਰਾਹਤ
ਸ਼ਹਿਣਾ : ਅੱਜ ਸਵੇਰ ਤੋਂ ਹੋ ਰਹੀ ਬੂੰਦਾਬਾਦੀ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿੱਤੀ ਹੈ ਅਤੇ ਲੋਕਾਂ ਨੂੰ ਠੰਡਕ ਮਹਿਸੂਸ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਕਾਫੀ ਗਰਮੀ ਜ਼ੋਰ ਫੜ ਰਹੀ ਸੀ ਅਤੇ ਵਾਤਾਵਰਨ ਤੇਜ਼ੀ ਨਾਲ ਗਰਮ ਹੋ ਰਿਹਾ ਸੀ। ਇਨ੍ਹਾਂ ਬੂੰਦਾਂ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਿਸਾਨਾਂ ਅਨੁਸਾਰ ਇਹ ਠੰਡਕ ਕਣਕ ਦੀ ਫਸਲ ਲਈ ਲਾਹੇਬੰਦ ਮੰਨੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ