ਮੁਹਾਲੀ ’ਚ ਸੂਬਾ ਪੱਧਰੀ ਮੁਜ਼ਾਹਰਾ; ਸਰਕਾਰ ਤੇ ਸਿਹਤ ਵਿਭਾਗ ’ਤੇ ਮੰਗਾਂ ਨਾ ਮੰਨਣ ਦੇ ਦੋਸ਼
23 ਦਸੰਬਰ, 2025 – ਐਸ ਏ ਐਸ ਨਗਰ (ਮੁਹਾਲੀ) : ਇੱਥੇ 108 ਐਂਬੂਲੈਂਸ ਐਂਪਲਾਈਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਆਏ ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ’ਤੇ ਮੁਲਾਜ਼ਮ ਮੰਗਾਂ ਪ੍ਰਤੀ ਸੁਹਿਰਦ ਨਾ ਹੋਣ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਮੁਲਾਜ਼ਮਾਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਫੇਜ਼ ਅੱਠ ਦੇ ਨੇੜੇ ਇਕੱਤਰ ਹੋ ਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਦਫ਼ਤਰ ਤੱਕ ਰੋਸ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਕਾਰਪੋਰੇਸ਼ਨ ਦੇ ਡਾਇਰੈਕਟਰ ਵੱਲੋਂ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਮੀਟਿੰਗ ਲਈ ਸੱਦਣ ਕਾਰਨ ਰੋਸ ਮਾਰਚ ਟਾਲ ਦਿੱਤਾ ਗਿਆ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਕਈ ਮੰਗਾਂ ਨੂੰ ਅਧਿਕਾਰੀਆਂ ਵੱਲੋਂ ਪੂਰਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਮਨੀ ਕੁਮਾਰ ਅਤੇ ਹੋਰ ਆਗੂਆਂ ਨੇ ਕਿਹਾ ਕਿ 108 ਐਂਬੂਲੈਂਸ ਪੰਜਾਬ ਦੇ ਸਮੂਹ ਮੁਲਾਜ਼ਮ ਕਈ ਸਾਲਾਂ ਤੋਂ ਇੱਕ ਪ੍ਰਾਈਵੇਟ ਕੰਪਨੀ ਅਧੀਨ ਠੇਕੇ ’ਤੇ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 2011 ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਇੱਕੋ ਕੰਪਨੀ ਨੂੰ 108 ਐਂਬੂਲੈਂਸ ਦਾ ਠੇਕਾ ਦਿੰਦੀਆਂ ਆ ਰਹੀਆਂ ਹਨ ਅਤੇ ਕੰਪਨੀ ਵੱਲੋਂ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੋਂ ਅੱਠ ਘੰਟੇ ਦੀ ਥਾਂ 12 ਘੰਟੇ ਡਿਊਟੀ ਲਈ ਜਾਂਦੀ ਹੈ ਅਤੇ ਵਾਧੂ ਚਾਰ ਘੰਟੇ ਡਿਊਟੀ ਦਾ ਕੋਈ ਓਵਰ ਟਾਈਮ ਨਹੀਂ ਦਿੱਤਾ ਜਾਂਦਾ।
ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੀ ਤਨਖ਼ਾਹ ਗੁਆਂਢੀ ਸੂਬੇ ਹਰਿਆਣਾ ਦੀ ਤਰਜ਼ ’ਤੇ 40 ਤੋਂ 45 ਹਜ਼ਾਰ ਕੀਤੀ ਜਾਵੇ, ਪੰਜਾਬ ਕਿਰਤ ਵਿਭਾਗ ਅਨੁਸਾਰ ਮੁਲਾਜ਼ਮਾਂ ਤੋਂ ਅੱਠ ਘੰਟੇ ਡਿਊਟੀ ਲਈ ਜਾਵੇ ਜੇ 12 ਘੰਟੇ ਡਿਊਟੀ ਲੈਣੀ ਹੈ ਤਾਂ ਚਾਰ ਘੰਟੇ ਦਾ ਓਵਰ ਟਾਈਮ ਦਿੱਤਾ ਜਾਵੇ, ਮੁਲਾਜ਼ਮਾਂ ਦਾ ਬੀਮਾ 50 ਲੱਖ ਤੱਕ ਦਾ ਕੀਤਾ ਜਾਵੇ, ਮੁਲਾਜ਼ਮਾਂ ਦੀ ਤਨਖ਼ਾਹ ਸਰਕਾਰੀ ਖਜ਼ਾਨੇ ’ਚੋਂ ਸਿੱਧੀ ਮੁਲਾਜ਼ਮਾਂ ਦੇ ਖਾਤੇ ਵਿੱਚ ਪਾਈ ਜਾਵੇ, ਮੁਲਾਜ਼ਮਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਿਹਤ ਵਿਭਾਗ ਦੇ ਅਧੀਨ ਠੇਕੇ ’ਤੇ ਰੱਖਿਆ ਜਾਵੇ ਅਤੇ ਜਨਵਰੀ 2026 ਵਿੱਚ ਜੋ ਨਵਾਂ ਟੈਂਡਰ ਹੋਣਾ ਹੈ, ਉਸ ਵਿੱਚ ਮੁਲਾਜ਼ਮਾਂ ਦੇ ਹਿੱਤਾਂ ਨੂੰ ਵੇਖਦੇ ਹੋਏ ਸੋਧ ਕੀਤੀ ਜਾਵੇ।
ਪੰਜਾਬੀ ਟ੍ਰਿਬਯੂਨ