12 ਮਾਰਚ, 2025 – ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਗਾਮੀ ਸੀਜ਼ਨ ਵਿੱਚ ਕਣਕ ਦੀ ਖ਼ਰੀਦ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇੱਥੇ ਸੈਕਟਰ-39 ਸਥਿਤ ਅਨਾਜ ਭਵਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ 124 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ। ਕਣਕ ਦੀ ਖਰੀਦ ਵਾਸਤੇ 1864 ਨਿਯਮਤ ਖਰੀਦ ਕੇਂਦਰ ਖੋਲ੍ਹੇ ਗਏ ਹਨ, ਜਿੱਥੇ ਕਣਕ ਦੀ ਖਰੀਦ 2425 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਤੀ ਜਾਵੇਗੀ।
ਸ੍ਰੀ ਕਟਾਰੂਚੱਕ ਨੇ ਆਗਾਮੀ ਹਾੜ੍ਹੀ ਮੰਡੀਕਰਨ ਸੀਜ਼ਨ ਲਈ ਲੋੜੀਂਦੀ ਸਟੋਰੇਜ ਤਿਆਰ ਕਰਨ ਲਈ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਸਾਉਣੀ ਦੇ ਪਿਛਲੇ ਸੀਜ਼ਨ ਨਾਲ ਸਬੰਧਤ ਚੌਲਾਂ ਦੀ ਮਿਲਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਸੁਚੱਜੀ ਸਟੋਰੇਜ ਲਈ ਢੁੱਕਵੀਆਂ ਬਦਲਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਕੈਬਨਿਟ ਮੰਤਰੀ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਲਾਭਪਾਤਰੀਆਂ ਦੇ ਸਬੰਧ ਵਿੱਚ ਈ-ਕੇਵਾਈਸੀ ਪ੍ਰਕਿਰਿਆ ਨੂੰ ਇਸ ਸਾਲ 31 ਮਾਰਚ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਹਰੇਕ ਯੋਗ ਲਾਭਪਾਤਰੀ ਨੂੰ ਸਬਸਿਡੀ ਵਾਲੇ ਅਨਾਜ ਦਾ ਲਾਭ ਦਿੱਤਾ ਜਾ ਸਕੇ।
ਪੰਜਾਬੀ ਟ੍ਰਿਬਯੂਨ
test