30 ਅਪਰੈਲ, 2025 – ਧਾਰੀਵਾਲ : ਜ਼ਮੀਨ ਦੀ ਫਰਦ ਹਕੀਕਤ ਕਢਵਾਉਣ ਲਈ ਵਿਧਵਾ ਔਰਤ ਨੂੰ ਦੋ ਸਾਲਾਂ ਤੋਂ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਹੇ ਹਨ। ਪੀੜਤਾ ਹਰਜੀਤ ਕੌਰ ਪਤਨੀ ਮਰਹੂਮ ਕੁਲਵੰਤ ਸਿੰਘ ਵਾਸੀ ਪਿੰਡ ਘੁੰਮਣ ਖੁਰਦ ਨੇ ਮੁੱਖ ਮੰਤਰੀ ਅਤੇ ਡੀਸੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਪੀੜਤਾ ਨੇ ਡੀਸੀ ਨੂੰ ਦਿੱਤੀ ਦਰਸਾਖਤ ਨੰਬਰ ਈ-2450573 -ਐੱਸ.ਕੇ. (17 ਨਵੰਬਰ 2023) ਅਤੇ ਮੌਜੂਦਾ ਦਰਖਾਸਤ ਨੰਬਰ 504681 ਐੱਸ.ਕੇ. ਬ੍ਰਾਂਚ ਡੀਸੀ ਦਫ਼ਤਰ ਗੁਰਦਾਸਪੁਰ ਵਿੱਚ ਦੋਸ਼ ਲਾਇਆ ਕਿ ਉਨ੍ਹਾਂ ਦੀ ਜ਼ਮੀਨ ਦੀ ਫਰਦ ਹਕੀਕਤ ਦੇਣ ਲਈ ਸਬੰਧਤ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦੇ ਪਟਵਾਰੀ ਵਿਜੇ ਕੁਮਾਰ ਨੇ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਪੀੜਤਾ ਮੁਤਾਬਕ ਪਟਵਾਰੀ ਨੂੰ 2 ਹਜ਼ਾਰ ਰੁਪਏ ਦੇ ਦਿੱਤੇ ਗਏ ਸਨ, ਪਰ ਉਸਨੇ ਫਰਦ ਹਕੀਕਤ ਨਹੀਂ ਦਿੱਤੀ ਜਦਕਿ ਫਰਦ ਹਕੀਕਤ ਦੀ ਕੋਈ ਫ਼ੀਸ ਨਹੀਂ ਹੁੰਦੀ। ਪੀੜਤਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਦੌਰਾਨ ਕਾਗਜ਼ਾਂ ਵਿੱਚ ਪੈਸੇ ਰੱਖ ਕੇ ਦੇਣ ਦੀ ਗੱਲ ਸਬੰਧੀ ਲੱਗੇ ਦੋਸ਼ ਪੀੜਤਾ ਨੇ ਨਕਾਰ ਦਿੱਤੇ।
ਪਟਵਾਰੀ ਨੇ ਦੋਸ਼ ਨਕਾਰੇ
ਪਟਵਾਰੀ ਵਿਜੇ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸ਼ਿਕਾਇਤਕਰਤਾ ਧਿਰ ਦੀ ਜ਼ਮੀਨ ਦਾ ਰਿਕਾਰਡ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਗਲਤ ਚੱਲਦਾ ਆ ਰਿਹਾ ਸੀ। ਉਹ ਗਲਤ ਫਰਦ ਬਣਾ ਕੇ ਨਹੀਂ ਸੀ ਦੇ ਸਕਦੇ। ਇਸ ਪਰਿਵਾਰ ਦਾ ਖਾਤਾ ਲੰਮਾ ਹੋਣ ਕਾਰਨ ਜਮ੍ਹਾਂਬੰਦੀ ਦੇ 15-20 ਪੇਜ ਨਿਕਲਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤਕਰਤਾ ਧਿਰ ਨੇ ਕਾਗਜ਼ਾਂ ਵਿੱਚ 2 ਹਜ਼ਾਰ ਰੁਪਏ ਰੱਖ ਕੇ ਉਨ੍ਹਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਪੈਸੇ ਨਹੀਂ ਲਏ। ਉਨ੍ਹਾਂ ਜ਼ਮੀਨ ਦਾ ਰਿਕਾਰਡ ਦਰੁੱਸਤ ਕਰਵਾਉਣ ਲਈ ਲਿਖਤੀ ਤੌਰ ’ਤੇ ਨਾਇਬ ਤਹਿਸੀਲਦਾਰ ਨੂੰ ਦੇਣ ਲਈ ਆਖਿਆ। ਲਿਖਤੀ ਪੱਤਰ ਮਿਲਣ ਮਗਰੋਂ ਜ਼ਮੀਨ ਦਾ ਰਿਕਾਰਡ ਕੰਪਿਊਟਰ ਵਿੱਚ ਦਰੁੱਸਤ ਹੋਣ ਮਗਰੋਂ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਬਾਅਦ ਵਿੱਚ ਇਹ ਫਰਦ ਹਕੀਕਤ ਲੈਣ ਨਹੀਂ ਆਏ ਸਗੋਂ ਵਾਰ-ਵਾਰ ਸ਼ਿਕਾਇਤਾਂ ਕਰ ਕੇ ਪ੍ਰੇਸ਼ਾਨ ਕਰ ਰਹੇ ਹਨ।
ਪੰਜਾਬੀ ਟ੍ਰਿਬਯੂਨ
test