ਕਾਲਾ ਟਿੱਬਾ ਵਾਸੀਆਂ ਵੱਲੋਂ ਪ੍ਰਦਰਸ਼ਨ
23 ਦਸੰਬਰ, 2025 – ਅਬੋਹਰ : ਕਾਲਾ ਟਿੱਬਾ ਵਾਸੀਆਂ ਨੇ ਅੱਜ ਸਕੂਲ ਸਿੱਖਿਆ ਦੇ ਪ੍ਰਬੰਧਾਂ ਦੀ ਘਾਟ ਤੇ ਅਧਿਆਪਕ ਦੀ ਗੈਰਹਾਜ਼ਰੀ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਅੰਗਰੇਜ਼ੀ ਦੇ ਅਧਿਆਪਕ ਦੀ ਗੈਰਹਾਜ਼ਰੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਜਦਕਿ ਫਰਵਰੀ ਵਿਚ ਸਾਲਾਨਾ ਪ੍ਰੀਖਿਆਵਾਂ ਹਨ।
ਜਾਣਕਾਰੀ ਅਨੁਸਾਰ ਸੈਂਕੜੇ ਸਕੂਲੀ ਬੱਚਿਆਂ, ਮਾਪਿਆਂ ਅਤੇ ਪੰਚਾਇਤ ਮੈਂਬਰਾਂ ਨੇ ਅੱਜ ਕਾਲਾ ਟਿੱਬਾ ਪਿੰਡ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਬਾਹਰ ਸੰਘਣੀ ਧੁੰਦ ਅਤੇ ਠੰਢ ਦਰਮਿਆਨ ਇੱਕ ਅੰਗਰੇਜ਼ੀ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਅਧਿਆਪਕ ਆਪਣੀ ਡਿਊਟੀ ਤੇ ਫਰਜ਼ ਨੂੰ ਅਣਗੌਲਿਆ ਕਰ ਕੇ ਲੰਮੀ ਛੁੱਟੀ ’ਤੇ ਚਲ ਰਿਹਾ ਹੈ ਤੇ ਉਸ ਦੀ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਇਹ ਅਧਿਆਪਕ ਭਾਗੂ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਵੀ ਚਲਾਉਂਦਾ ਹੈ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਗੈਰਹਾਜ਼ਰ ਹੈ, ਜਿਸ ਨਾਲ ਸੂਬੇ ਦੇ ‘ਸਿੱਖਿਆ ਕ੍ਰਾਂਤੀ’ ਮਿਸ਼ਨ ਨੂੰ ਖ਼ਤਰਾ ਖੜ੍ਹਾ ਹੋ ਗਿਆ ਹੈ। ਉਸ ਦੀ ਗੈਰਹਾਜ਼ਰੀ ਕਾਰਨ ਆਉਣ ਵਾਲੀਆਂ ਫਰਵਰੀ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਤਿਆਰੀ ਵੀ ਨਹੀਂ ਹੋ ਰਹੀ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਾਲੂਰਾਮ ਨੇ ਕਿਹਾ ਕਿ ਅਧਿਆਪਕ ਦੀ ਲਗਾਤਾਰ ਗੈਰਹਾਜ਼ਰੀ ਕਾਰਨ ਲਾਜ਼ਮੀ ਵਿਸ਼ੇ ਅੰਗਰੇਜ਼ੀ ਲਈ ਕੋਈ ਵਿਕਲਪਿਕ ਪ੍ਰਬੰਧ ਨਹੀਂ ਹੋ ਰਿਹਾ। ਜੇਕਰ ਬੱਚੇ ਅੰਗਰੇਜ਼ੀ ਵਿੱਚ ਫੇਲ੍ਹ ਹੋ ਜਾਂਦੇ ਹਨ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ?
ਪੰਜਾਬੀ ਟ੍ਰਿਬਯੂਨ