25 ਜੁਲਾਈ, 2025 – ਬਠਿੰਡਾ : ਇੱਥੇ ਮਾਲ ਰੋਡ ’ਤੇ ਸਥਿਤ ਇੱਕ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਸੁਲਘਦੀ ‘ਅੰਦਰੂਨੀ ਜੰਗ’ ਅੱਜ ਸੜਕਾਂ ’ਤੇ ਆ ਕੇ ਜੱਗ ਜ਼ਾਹਿਰ ਹੋ ਗਈ। ਇੱਕ ਤਰਫ਼ ਇਕੱਲੀ ਅਧਿਆਪਕਾ ਤੇ ਦੂਜੇ ਪਾਸੇ ਸਕੂਲ ਦਾ ਬਾਕੀ ਅਮਲਾ, ਸੜਕ ’ਤੇ ਦਰੀਆਂ ਵਿਛਾਅ ਕੇ ਬੈਠ ਗਏ। ਦੋਨੋਂ ਧਿਰਾਂ ਖੁਦ ਨੂੰ ਇੱਕ-ਦੂਜੇ ਤੋਂ ਪੀੜਤ ਦੱਸ ਰਹੀਆਂ ਸਨ।
ਜਾਣਕਾਰੀ ਅਨੁਸਾਰ ਇੱਕ ਸੈਂਕੜਾ ਅਧਿਆਪਕਾਂ ਤੋਂ ਵੱਧ ਗਿਣਤੀ ਵਾਲੇ ਇਸ ਵੱਡੇ ਸਕੂਲ ਵਿੱਚ ਕਰੀਬ ਸਵਾ ਸਾਲ ਪਹਿਲਾਂ ਇੱਕ ਮਹਿਲਾ ਅਧਿਆਪਕ ਤਬਦੀਲ ਹੋ ਕੇ ਆਈ ਸੀ। ਰੱਫੜ ਲਗਪਗ ਉਸ ਸਮੇਂ ਤੋਂ ਹੀ ਚੱਲਿਆ ਆਉਂਦਾ ਦੱਸਿਆ ਗਿਆ। ਅਧਿਆਪਕਾ ’ਤੇ ਬਹੁ-ਗਿਣਤੀ ਸਟਾਫ਼ ਦਾ ਦੋਸ਼ ਸੀ ਕਿ ਅਧਿਆਪਕਾ ਦਾ ਵਤੀਰਾ ਠੀਕ ਨਾ ਹੋਣ ਕਰਕੇ ਸਕੂਲੀ ਮਾਹੌਲ ਅਸ਼ਾਂਤ ਰਹਿੰਦਾ ਹੈ। ਸਟਾਫ਼ ਨੇ ਕਿਹਾ ਕਿ ਅਧਿਆਪਕ ਬੀਬੀ ਦੀ ਜਿਸ ਸਟੇਸ਼ਨ ’ਤੇ ਪਹਿਲਾਂ ਤਾਇਨਾਤੀ ਸੀ, ਉਥੇ ਵੀ ਉਸ ਦੇ ਕਥਿਤ ਖ਼ੁਸ਼ਕ ਵਤੀਰੇ ਕਾਰਨ ਸਕੂਲ ਸਟਾਫ਼ ਤੰਗ ਸੀ ਅਤੇ ਇਸੇ ਕਰਕੇ ਹੀ ਉਸ ਦਾ ਉਥੋਂ ਤਬਾਦਲਾ ਕੀਤਾ ਗਿਆ ਸੀ। ਧਰਨਾਕਾਰੀ ਬਹੁ ਗਿਣਤੀ ਅਧਿਆਪਕਾਂ ਨੇ ਮੰਗ ਕੀਤੀ ਕਿ ਉਸ ਅਧਿਆਪਕਾ ਦੀ ਸਕੂਲ ਤੋਂ ਬਦਲੀ ਕੀਤੀ ਜਾਵੇ।
ਦੂਜੇ ਪਾਸੇ ਅਧਿਆਪਕਾ ਨੇ ਸਕੂਲ ਅਮਲੇ ਦੇ ਸਾਥੀਆਂ ਵੱਲੋਂ ਉਸ ’ਤੇ ਲਾਏ ਦੋਸ਼ਾਂ ਨੂੰ ਨਿਰ-ਆਧਾਰ ਦੱਸਦਿਆਂ ਕਿਹਾ ਕਿ ਸਕੂਲ ਦਾ ਪ੍ਰਿੰਸੀਪਲ ਮੁਕਾਮੀ ਅਧਿਆਪਕਾਂ ਦਾ ਪੱਖ ਪੂਰਦਾ ਹੈ ਅਤੇ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਅਧਿਆਪਕਾ ਸਕੂਲ ਦੇਰੀ ਨਾਲ ਆਉਂਦੀ ਹੈ ਅਤੇ ਐਡਜਸਟਮੈਂਟ ਲਈ ਦਬਾਅ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਟਾਫ ਮੈਂਬਰ ਨਾਲ ਕੋਈ ਬੋਲ ਬੁਲਾਰਾ ਹੋ ਜਾਏ ਤਾਂ ਪੁਲੀਸ ਸੱਦ ਲੈਂਦੀ ਹੈ, ਜਿਸ ਨਾਲ ਸਕੂਲ ਦਾ ਮਾਹੌਲ ਖਰਾਬ ਹੁੰਦਾ ਹੈ ਅਤੇ ਬੱਚਿਆਂ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਅੱਜ ਵੀ ਕੋਈ ਅਜਿਹੀ ਗੱਲ ਹੋਈ ਜਿਸ ਤੋਂ ਬਾਅਦ ਉਸ ਨੇ ਪੁਲੀਸ ਸੱਦ ਲਈ। ਇਸ ਮੌਕੇ ਅੱਕੇ ਸਕੂਲ ਦੇ ਅਧਿਆਪਕਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਅਧਿਆਪਕਾ ਦੀ ਬਦਲੀ ਕਰਨ ਦੀ ਮੰਗ ਕੀਤੀ। ਇਸ ਮੌਕੇ ਅਧਿਆਪਕਾ ਵੀ ਧਰਨੇ ’ਤੇ ਬੈਠ ਗਈ ਅਤੇ ਸਟਾਫ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ।
ਇਸ ਦੌਰਾਨ ਹੀ ਧਰਨੇ ਸਥਾਨ ’ਤੇ ਪੁਲੀਸ, ਤਹਿਸੀਲਦਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਸੇਠੀ ਪੁੱਜੇ ਅਤੇ ਦੋਵਾਂ ਧਿਰਾਂ ਨੂੰ ਸਮਝਾ-ਬੁਝਾ ਕੇ ਧਰਨਾ ਖ਼ਤਮ ਕਰਵਾਇਆ।
ਅਧਿਆਪਕਾ ਦਾ ਤਬਾਦਲਾ ਕਰ ਰਹੇ ਹਾਂ: ਸਿੱਖਿਆ ਅਧਿਕਾਰੀ
ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਸੇਠੀ ਦਾ ਕਹਿਣਾ ਸੀ ਕਿ ਇੱਕ ਵਾਰ ਮਸਲਾ ਨਿੱਬੜ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਅਧਿਆਪਕਾ ਨੂੰ ਡੈਪੂਟੇਸ਼ਨ ’ਤੇ ਕਿਸੇ ਹੋਰ ਸਕੂਲ ’ਚ ਤਾਇਨਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਪੜਤਾਲ ਕਰਵਾਉਣਗੇ ਅਤੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ਟ੍ਰਿਬਯੂਨ