30 ਜੂਨ, 2025 – ਸਿਰਸਾ : ਪਿੰਡ ਬਾਜੇਕਾਂ ’ਚ ਵਿਕ ਰਹੇ ਨਾਜਾਇਜ਼ ਨਸ਼ਿਆਂ ਵਿਰੁੱਧ ਪਿੰਡ ਵਾਸੀਆਂ ਨੇ ਪਿੰਡ ਦੀ ਜਾਮ ਲਾ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਪਿੰਡ ’ਚ ਸ਼ਮਸ਼ਾਨਘਾਟ ਨੇੜੇ ਚੱਲ ਰਹੇ ਕਥਿਤ ਤੌਰ ’ਤੇ ਨਾਜਾਇਜ਼ ਸ਼ਰਾਬ ਠੇਕੇ ਦਾ ਘਿਰਾਓ ਕੀਤਾ। ਘਿਰਾਓ ਤੋਂ ਪਹਿਲਾਂ ਹੀ ਠੇਕੇਦਾਰ ਠੇਕੇ ਨੂੰ ਜਿੰਦਰਾ ਲਾ ਕੇ ਫ਼ਰਾਰ ਹੋ ਗਿਆ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਸ਼ਰਾਬ ਦਾ ਠੇਕਾ ਪਿੰਡ ’ਚੋਂ ਦੂਰ ਨਾ ਕੀਤਾ ਗਿਆ ਤੇ ਨਾਜਾਇਜ਼ ਵਿਕ ਰਹੀਆਂ ਨਸ਼ੇ ਦੀਆਂ ਗੋਲੀਆਂ ’ਤੇ ਪਾਬੰਦੀ ਨਾ ਲਾਈ ਗਈ ਤਾਂ ਉਹ ਮੁੜ ਤੋਂ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।
ਪਿੰਡ ਬਾਜੇਕਾਂ ’ਚ ਜਾਮ ਲਾਉਣ ਦੌਰਾਨ ਪਿੰਡ ਦੇ ਸਰਪੰਚ ਪ੍ਰਤੀਨਿਧੀ ਰਾਜਿੰਦਰ ਸਿੰਘ ਕੰਗ ਨੇ ਦੱਸਿਆ ਕਿ ਪਿੰਡ ’ਚ ਵੱਡੇ ਪੱਧਰ ’ਤੇ ਨਾਜਾਇਜ਼ ਨਸ਼ੇ ਵਿਕ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਹ ਪਿੰਡ ਦੇ ਸ਼ਮਸ਼ਾਨਘਾਟ ਨੇੜੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਮਤੇ ਪਾ ਚੁੱਕੇ ਹਨ ਅਤੇ ਇਸ ਸਬੰਧੀ ਸਾਬਕਾ ਐੱਮਪੀ ਸੁਨੀਤਾ ਦੁੱਗਲ, ਪੁਲੀਸ ਦੇ ਕਈ ਉੱਚ ਅਧਿਕਾਰੀਆਂ ਨੂੰ ਲਿਖਤੀ ਵੀ ਜਾਣਕਾਰੀ ਦਿੱਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਸ਼ਰਾਬ ਦਾ ਠੇਕਾ ਸ਼ਮਸ਼ਾਨਘਾਟ ਨੇੜੇ ਹੋਣ ਕਾਰਨ ਸ਼ਰਾਬ ਅਕਸਰ ਉਸ ਰਾਹ ’ਤੇ ਬੇਸੁਧ ਮਿਲਦੇ ਹਨ ਜਿਸ ਰਾਹੀਂ ਸਸਕਾਰ ਲਈ ਮ੍ਰਿਤਕ ਦੀਆਂ ਦੇਹਾਂ ਨੂੰ ਲਿਜਾਇਆ ਜਾਂਦਾ ਹੈ। ਜਾਮ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ। ਇਸ ਦੌਰਾਨ ਸਦਰ ਥਾਣਾ ਪੁਲੀਸ ਦੇ ਇੰਚਾਰਜ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਿੰਡ ’ਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ।
ਪੰਜਾਬੀ ਟ੍ਰਿਬਯੂਨ
test