24 ਮਾਰਚ, 2025 – ਫ਼ਿਰੋਜ਼ਪੁਰ : ਇੱਥੋਂ ਦੇ ਆਰਟੀਓ ਦਫ਼ਤਰ ਵਿੱਚ ਕਥਿਤ ਤੌਰ ’ਤੇ ਮੋਟੀਆਂ ਰਕਮਾਂ ਲੈ ਕੇ ਬਿਨਾਂ ਟੈਸਟ ਲਏ ਧੜਾਧੜ ਡਰਾਈਵਿੰਗ ਲਾਇਸੈਂਸ ਬਣਾਏ ਜਾ ਰਹੇ ਹਨ। ਲੋਕ ਇਸ ਸਬੰਧੀ ਵਿਜੀਲੈਂਸ ਜਾਂਚ ਦੀ ਮੰਗ ਕਰ ਰਹੇ ਹਨ। ਇਥੇ ਕੁਝ ਮਹੀਨੇ ਪਹਿਲਾਂ ਮਹਿਜ਼ ਤਿੰਨ ਦਿਨਾਂ ਵਿੱਚ ਬਣਾਏ 498 ਲਾਇਸੈਂਸਾਂ ਵਿੱਚੋਂ 108 ਲਾਇਸੈਂਸ ਮੁੜ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਲਾਇਸੈਂਸਾਂ ਦੇ ਡਰਾਈਵਿੰਗ ਟੈਸਟ ਵੇਲੇ ਫ਼ਰਜ਼ੀ ਸੀਰੀਜ਼ ਵਾਲੇ ਫ਼ਰਜ਼ੀ ਵਹੀਕਲ ਦੀ ਵਰਤੋਂ ਕੀਤੀ ਗਈ ਹੈ ਜੋ ਰਿਕਾਰਡ ਵਿੱਚ ਦਰਜ ਹੈ। ਇਹ ਫ਼ਰਜ਼ੀ ਨੰਬਰ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਟੈਸਟ ਵੇਲੇ ਵਰਤਿਆ ਗਿਆ। ‘ਪੰਜਾਬੀ ਟ੍ਰਿਬਿਊਨ’ ਕੋਲ ਇਸ ਦਾ ਸਾਰਾ ਰਿਕਾਰਡ ਮੌਜੂਦ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦਫ਼ਤਰ ਵਿੱਚ ਫਰਜ਼ੀ ਵਹੀਕਲ ਦਿਖਾ ਕੇ ਬਿਨਾਂ ਟੈਸਟ ਲਏ ਲੋਕਾਂ ਦੇ ਲਾਇਸੈਂਸ ਬਣਾਏ ਜਾ ਰਹੇ ਹਨ।
ਇਥੇ ਸ਼ਹਿਰ ਦੀ ਮਾਲ ਰੋਡ ’ਤੇ ਸਥਿਤ ਆਰਟੀਓ ਦਫ਼ਤਰ ਦੇ ਬਾਹਰ ਏਜੰਟਾਂ ਦੀਆਂ ਕਈ ਦੁਕਾਨਾਂ ਕਈ ਸਾਲਾਂ ਤੋਂ ਚੱਲ ਰਹੀਆਂ ਹਨ। ਵਧੇੇਰੇ ਲੋਕਾਂ ਦੇ ਕੰਮ ਇਨ੍ਹਾਂ ਏਜੰਟਾਂ ਰਾਹੀਂ ਹੀ ਹੁੰਦੇ ਹਨ। ਜਾਣਕਾਰ ਦੱਸਦੇ ਹਨ ਕਿ ਡਰਾਈਵਿੰਗ ਲਾਇਸੈਂਸਾਂ ਤੋਂ ਇਲਾਵਾ ਵਾਹਨਾਂ ਦੇ ਚਲਾਨ ਅਤੇ ਹੋਰ ਕੰਮਕਾਜ ਸਬੰਧੀ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਲਈ ਜਾਣ ਵਾਲੀ ਰਿਸ਼ਵਤ ਦੇ ਰੇਟ ਏਜੰਟਾਂ ਦੇ ਨਾਲ ਪਹਿਲਾਂ ਤੋਂ ਹੀ ਤੈਅ ਹਨ। ਚਰਚਾ ਵਿੱਚ ਆਉਣ ਵਾਲੇ 108 ਲਾਇਸੈਂਸ ਅਜਿਹੇ ਲੋਕਾਂ ਦੇ ਜਾਰੀ ਹੋਣ ਦਾ ਪਤਾ ਲੱਗਿਆ ਹੈ, ਜਿਹੜੇ ਦਫ਼ਤਰ ਵਿੱਚ ਹਾਜ਼ਰ ਹੀ ਨਹੀਂ ਹੋਏ। ਇਨ੍ਹਾਂ ਵਿੱਚੋਂ ਕਈਆਂ ਦੇ ਕੱਚੇ ਲਾਇਸੈਂਸ ਕਿਸੇ ਹੋਰ ਜ਼ਿਲ੍ਹੇ ਦੇ ਬਣੇ ਹੋਏ ਹਨ।
ਇਹ ਲਾਇਸੈਂਸਧਾਰਕ ਰਹਿਣ ਵਾਲੇ ਵੀ ਫ਼ਿਰੋਜ਼ਪੁਰ ਦੇ ਨਹੀਂ ਹਨ। ਕੁਝ ਤਾਂ ਵਿਦੇਸ਼ਾਂ ਵਿੱਚ ਬੈਠੇ ਦੱਸੇ ਜਾ ਰਹੇ ਹਨ। ਪਿਛਲੇ ਦਿਨੀਂ ਇੱਥੇ ਆਏ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਧਿਆਨ ਵਿੱਚ ਇਹ ਮਾਮਲਾ ਮੀਡੀਆ ਨੇ ਲਿਆਂਦਾ ਸੀ। ਕੈਬਨਿਟ ਮੰਤਰੀ ਨੇ ਇਸ ਸਬੰਧੀ ਜਾਂਚ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਆਖਿਆ ਸੀ ਕਿ ਜੇ ਪੜਤਾਲ ਦੌਰਾਨ ਇਹ ਗੱਲ ਸੱਚ ਸਾਬਤ ਹੋਈ ਤਾਂ ਸਾਰੇ ਫ਼ਰਜ਼ੀ ਲਾਇਸੈਂਸ ਰੱਦ ਕੀਤੇ ਜਾਣਗੇ ਅਤੇ ਸਬੰਧਤ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਫ਼ਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਛੀਨਾ
ਇਸ ਮਾਮਲੇ ’ਚ ਰਿਜਨਲ ਟਰਾਂਸਪੋਰਟ ਅਫ਼ਸਰ ਕਰਨਵੀਰ ਸਿੰਘ ਛੀਨਾ ਨੇ ਫ਼ੋਨ ’ਤੇ ਗੱਲਬਾਤ ਦੌਰਾਨ ਆਖਿਆ ਕਿ ਕੁਝ ਲੋਕ ਗਲਤ ਪ੍ਰਚਾਰ ਕਰਕੇ ਦਫ਼ਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬੀ ਟ੍ਰਿਬਯੂਨ
test