ਵਿੱਤੀ ਸੰਕਟ ਕਾਰਨ ਅਕਤੂਬਰ ਮਗਰੋਂ ਨਹੀਂ ਦਿੱਤੀ ਜਾ ਸਕੀ ਪੈਨਸ਼ਨ
02 ਜਨਵਰੀ, 2026 – ਚੰਡੀਗੜ੍ਹ : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਲਾਲਚੀਆਂ ਦੀ ਵਿਧਵਾ ਅਜੀਤ ਕੌਰ ਇਕੱਲੀ ਨਹੀਂ ਬਲਕਿ ਉਸ ਦਾ ਅੰਗਹੀਣ ਪੋਤਾ ਜਸਵੀਰ ਸਿੰਘ (15) ਵੀ ਪੈਨਸ਼ਨ ਦੀ ਉਡੀਕ ’ਚ ਹੈ। ਨਾ ਦਾਦੀ ਨੂੰ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਪੋਤੇ ਨੂੰ। ਉਨ੍ਹਾਂ ਨੂੰ ਆਖ਼ਰੀ ਪੈਨਸ਼ਨ ਅਕਤੂਬਰ ਮਹੀਨੇ ਦੀ ਮਿਲੀ ਸੀ। ਨਵੰਬਰ ਦੀ ਪੈਨਸ਼ਨ ਦੀ ਪੁੱਛ ਪੜਤਾਲ ਲਈ ਕਦੇ ਪੰਚਾਇਤ ਕੋਲ ਜਾਂਦੇ ਹਨ ਅਤੇ ਕਦੇ ਬੈਂਕ ’ਚ ਜਾਂਦੇ ਹਨ। ਨਵਾਂ ਸਾਲ ਵੀ ਚੜ੍ਹ ਗਿਆ ਹੈ ਪਰ ਹਾਲੇ ਤੱਕ ਨਵੰਬਰ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਹੋਈ ਹੈ।
ਵਿਧਵਾ ਅਜੀਤ ਕੌਰ ਆਖਦੀ ਹੈ ਕਿ ਉਸ ਦੀ ਪਿੱਠ ਦਾ ਇਲਾਜ ਚੱਲ ਰਿਹਾ ਹੈ ਅਤੇ ਵਿਧਵਾ ਪੈਨਸ਼ਨ ਦੀ ਰਾਸ਼ੀ ਨਾ ਆਉਣ ਕਰਕੇ ਉਸ ਨੂੰ ਪਿੰਡ ’ਚੋਂ ਉਧਾਰ ਪੈਸੇ ਲੈ ਕੇ ਦਵਾਈ ਲੈਣੀ ਪਈ ਹੈ। ਬਠਿੰਡਾ ਦੇ ਪਿੰਡ ਬੱਲ੍ਹੋ ਦੀ 70 ਵਰ੍ਹਿਆਂ ਦੀ ਸ਼ਿੰਦਰ ਕੌਰ ਕੋਲ ਤਾਂ ਰਹਿਣ ਲਈ ਆਪਣਾ ਵੀ ਘਰ ਨਹੀਂ। ਉਹ ਆਖਦੀ ਹੈ ਕਿ ਪੈਨਸ਼ਨ ਦੀ ਢਾਰਸ ਨਾਲ ਹੀ ਗੁਜ਼ਾਰਾ ਚੱਲਦਾ ਹੈ ਪਰ ਹੁਣ ਦੋ ਮਹੀਨੇ ਤੋਂ ਪੈਨਸ਼ਨ ਨਹੀਂ ਆਈ। ਇਸੇ ਪਿੰਡ ਦੀ ਪਾਲੋ ਕੌਰ ਵਿਧਵਾ ਹੈ ਅਤੇ ਬੇਔਲਾਦ ਹੈ। ਇੱਕ ਕਮਰੇ ਦੇ ਘਰ ’ਚ ਰਹਿ ਰਹੀ ਪਾਲੋ ਕੌਰ ਵੀ ਪੈਨਸ਼ਨ ਦਾ ਰਾਹ ਤੱਕ ਰਹੀ ਹੈ।
ਜਲੰਧਰ ਦੇ ਪਿੰਡ ਮੂਸਾਪੁਰ ਦੇ 75 ਸਾਲ ਦਾ ਜ਼ੈਲ ਰਾਮ ਦਾ ਰੋਟੀ-ਪਾਣੀ ਹੀ ਪੈਨਸ਼ਨ ਤੋਂ ਚੱਲਦਾ ਹੈ। ਫ਼ਿਰੋਜ਼ਪੁਰ ਦੇ ਪਿੰਡ ਪੰਜੇ ਕੀ ਉਤਾੜ ਦਾ 85 ਸਾਲ ਦੇ ਬਜ਼ੁਰਗ ਜਗੀਰ ਸਿੰਘ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ ਤੇ ਉਸ ਦੇ ਜਿਊਣ ਦਾ ਵਸੀਲਾ ਇਕੱਲੀ ਬੁਢਾਪਾ ਪੈਨਸ਼ਨ ਹੈ।
ਪਤਾ ਲੱਗਿਆ ਹੈ ਕਿ ਪੰਜਾਬ ਦੇ ਵਿੱਤੀ ਸੰਕਟ ਕਾਰਨ ਬੁਢਾਪਾ ਤੇ ਹੋਰ ਪੈਨਸ਼ਨਾਂ ’ਚ ਦੇਰੀ ਹੋ ਰਹੀ ਹੈ। ਪੈਨਸ਼ਨ ਰਾਸ਼ੀ ਦਾ ਬਜਟ ਖ਼ਜ਼ਾਨੇ ’ਚ ਫਸਿਆ ਹੋਇਆ ਹੈ। ਕਾਰਨ ਕੋਈ ਵੀ ਹੋਵੇ, ਪੰਜਾਬ ਦੇ ਕਰੀਬ 35.27 ਲੱਖ ਲਾਭਪਾਤਰੀ ਪੈਨਸ਼ਨ ਉਡੀਕਦੇ ਥੱਕ ਗਏ ਹਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਗਪੁਰ ਦੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਅਕਤੂਬਰ ਮਹੀਨੇ ਦੀ ਪੈਨਸ਼ਨ ਮਗਰੋਂ ਬਜ਼ੁਰਗ ਉਨ੍ਹਾਂ ਕੋਲ ਗੇੜੇ ਮਾਰ ਰਹੇ ਹਨ। ਉਨ੍ਹਾਂ ਕਈ ਬਜ਼ੁਰਗਾਂ ਨੂੰ ਖ਼ੁਦ ਵੀ ਪੱਲਿਓਂ ਦਵਾਈ ਲਈ ਪੈਸੇ ਦਿੱਤੇ ਹਨ।
ਪੈਨਸ਼ਨ ਅੱਜ ਜਾਰੀ ਕੀਤੀ: ਡਾ. ਬਲਜੀਤ ਕੌਰ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਗਹੀਣ ਪੈਨਸ਼ਨ ਬੀਤੇ ਦਿਨ ਹੀ ਰਿਲੀਜ਼ ਕਰ ਦਿੱਤੀ ਗਈ ਸੀ; ਬਾਕੀ ਪੈਨਸ਼ਨਾਂ ਅੱਜ ਜਾਰੀ ਕਰ ਦਿੱਤੀਆਂ ਗਈਆਂ ਹਨ। ਪੈਨਸ਼ਨ ਲਾਭਪਾਤਰੀਆਂ ਦੇ ਖਾਤਿਆਂ ’ਚ ਪਹੁੰਚ ਚੁੱਕੀ ਹੈ।
ਕਦੋਂ ਹੋਵੇਗਾ ਬੁਢਾਪਾ ਪੈਨਸ਼ਨ ’ਚ ਵਾਧਾ
ਆਪ’ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਕਰਨ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਇਸ ਪੈਨਸ਼ਨ ’ਚ ਵਾਧਾ ਨਹੀਂ ਕੀਤਾ ਗਿਆ। ਪਿਛਲੀ ਕਾਂਗਰਸ ਸਰਕਾਰ ਨੇ ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਸੀ। 1990 ’ਚ ਬੁਢਾਪਾ ਪੈਨਸ਼ਨ ਸਿਰਫ਼ 100 ਰੁਪਏ ਸੀ ਜੋ 2016 ਤੱਕ 500 ਰੁਪਏ ਕੀਤੀ ਗਈ।
ਪੈਨਸ਼ਨਾਂ ’ਤੇ ਇੱਕ ਝਾਤ
ਪੈਨਸ਼ਨ ਦਾ ਨਾਮ ਕੁੱਲ ਲਾਭਪਾਤਰੀਆਂ
ਬੁਢਾਪਾ ਪੈਨਸ਼ਨ 23.39 ਲੱਖ
ਵਿਧਵਾ ਪੈਨਸ਼ਨ 6.70 ਲੱਖ
ਅੰਗਹੀਣ ਪੈਨਸ਼ਨ 2.80 ਲੱਖ
ਆਸ਼ਰਿਤ ਬੱਚੇ 2.38 ਲੱਖ
ਕੁੱਲ ਲਾਭਪਾਤਰੀ 35.27 ਲੱਖ
ਪੰਜਾਬੀ ਟ੍ਰਿਬਯੂਨ