ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਲਗਾਇਆ ਸੂਬਾ ਪੱਧਰੀ ਪੱਕਾ ਮੋਰਚਾ 9ਵੇਂ ਦਿਨ ਵੀ ਜਾ ਰਿਹਾ। ਅੱਜ ਬੇਰੁਜ਼ਗਾਰਾਂ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਪੁਲੀਸ ਕੇਸ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਦੀ…
03 ਜਨਵਰੀ, 2026 – ਸੰਗਰੂਰੁ : ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਲਗਾਇਆ ਸੂਬਾ ਪੱਧਰੀ ਪੱਕਾ ਮੋਰਚਾ 9ਵੇਂ ਦਿਨ ਵੀ ਜਾ ਰਿਹਾ। ਅੱਜ ਬੇਰੁਜ਼ਗਾਰਾਂ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਪੁਲੀਸ ਕੇਸ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਗਈ। ਬੇਰੁਜ਼ਗਾਰਾਂ ਵਲੋਂ ਜੇ ਨਾ ਕੀਤਾ ਸਾਡਾ ਹੀਲਾ, ਝਾੜੂ ਹੋਜੂ ਤੀਲਾ-ਤੀਲਾ ਨਾਅਰੇ ਲਗਾਉਂਦਿਆਂ ਝਾੜੂ ਖਿਲਾਰ ਕੇ ਪ੍ਰਦਰਸ਼ਨ ਕੀਤਾ ਗਿਆ।
ਅੱਜ ਪੱਕੇ ਮੋਰਚੇ ਵਾਲੇ ਸਥਾਨ ਤੋਂ ਲਾਲ ਬੱਤੀ ਚੌਕ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਆਰ ਟੀ ਆਈ ਕਾਰਕੁਨ ਸਮੇਤ ਦਸ ਪੱਤਰਕਾਰਾਂ ਖ਼ਿਲਾਫ਼ ਲੁਧਿਆਣਾ ਵਿਖੇ ਦਰਜ ਕੀਤੇ ਪੁਲੀਸ ਕੇਸ ਦੀ ਨਿਖੇਧੀ ਕਰਦਿਆਂ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਤੇ ਰਮਨ ਕੁਮਾਰ ਮਲੋਟ ਨੇ ਕਿਹਾ ਕਿ ਪੰਜਾਬ ਸਰਕਾਰ ਜਿਸ ਗੈ਼ਰ ਜਮਹੂਰੀ ਤਰੀਕੇ ਨਾਲ ਆਪਣੇ ਖ਼ਿਲਾਫ਼ ਉੱਠਦੀਆਂ ਆਵਾਜ਼ਾਂ ਨੂੰ ਬੰਦ ਕਰਨ ਦੇ ਰਾਹ ਤੁਰੀ ਹੈ, ਉਸ ਦਾ ਖਮਿਆਜ਼ਾ ਆਉਂਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ, ਜੇ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਅਨੁਸਾਰ ਭਰਤੀ ਕੈਲੰਡਰ ਲਾਗੂ ਨਾ ਕੀਤਾ, ਸਿੱਖਿਆ ਤੇ ਸਿਹਤ ਵਿਭਾਗ ਵਿੱਚ ਖ਼ਾਲੀ ਸਾਰੀਆਂ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਨਾ ਭਰੀਆਂ, ਮਾਸਟਰ ਕੇਡਰ ’ਚ ਥੋਪੀ 55 ਫੀਸਦੀ ਲਾਜ਼ਮੀ ਅੰਕਾਂ ਵਾਲੀ ਬੇਤੁਕੀ ਸ਼ਰਤ ਰੱਦ ਨਾ ਕੀਤੀ ਤੇ ਸਰਕਾਰ ਦੀਆਂ ਨਾਕਾਮੀਆਂ ਜਨਤਕ ਕਰਨ ਵਾਲੇ ਪੱਤਰਕਾਰਾਂ ਖ਼ਿਲਾਫ਼ ਦਰਜ ਝੂਠੇ ਪਰਚੇ ਰੱਦ ਨਾ ਕੀਤੇ ਤਾਂ 2027 ’ਚ ਝਾੜੂ ਦਾ ਤੀਲਾ ਤੀਲਾ ਹੋ ਜਾਵੇਗਾ। 11 ਜਨਵਰੀ ਦੀ ਸੰਘਰਸ਼ੀ ਲੋਹੜੀ ਲਈ ਪੰਜਾਬ ਦੇ ਬੇਰੁਜ਼ਗਾਰਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਭਰਾਤਰੀ ਜਥੇਬੰਦੀਆਂ ਨੇ ਵੀ ਸੰਘਰਸ਼ ਦੀ ਹਮਾਇਤ ਕੀਤੀ ਹੈ।
ਇਸ ਮੌਕੇ ਮੋਰਚੇ ਦੇ ਆਗੂਆਂ ਅਮਨ ਸੇਖਾ, ਰਾਜਵੀਰ ਕੌਰ, ਅਮਨਦੀਪ ਕੌਰ, ਸ਼ਿੰਦਰਪਾਲ ਕੌਰ, ਮਨਦੀਪ ਕੌਰ ਨਦਾਮਪੁਰ, ਕਿਰਨਜੀਤ ਕੌਰ, ਮਨਦੀਪ ਕੌਰ ਮੰਗਵਾਲ, ਮਨਜੀਤ ਕੌਰ ਕਕਰਾਲਾ, ਲਖਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਬੰਗਾਂ ਵਾਲੀ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ