ਮੰਗਾਂ ਦੇ ਹੱਲ ਤੱਕ ਡਟੇ ਰਹਿਣ ਦਾ ਐਲਾਨ
27 ਦਸੰਬਰ, 2025 – ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੇੜੇ ਮੋਰਚਾ ਲਗਾਉਣ ਦਾ ਐਲਾਨ ਕਰਨ ਵਾਲੇ ਬੇਰੁਜ਼ਗਾਰਾਂ ਨੇ ਅੱਜ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾ ਦਿੱਤਾ ਹੈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਦੀ, ਉਦੋਂ ਤੱਕ ਉਹ ਪੱਕੇ ਮੋਰਚੇ ’ਤੇ ਡਟੇ ਰਹਿਣਗੇ।
ਭਾਵੇਂ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ ਪਰ ਸ਼ਹੀਦੀ ਜੋੜ ਮੇਲ ਵਿਚ ਫ਼ਤਹਿਗੜ੍ਹ ਸਾਹਿਬ ਵੱਲ ਜਾ ਰਹੀ ਸੰਗਤ ਨੂੰ ਮੁਸ਼ਕਲ ਪੇਸ਼ ਨਾ ਆਉਣ ਦੇਣ ਲਈ ਮੋਰਚਾ ਡੀ ਸੀ ਦਫ਼ਤਰ ਅੱਗੇ ਲਗਾਇਆ ਗਿਆ ਹੈ।
ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾਈ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਅਮਨ ਸੇਖਾ ਨੇ ਦੋਸ਼ ਲਾਇਆ ਕਿ ਲੰਮੇ ਸਮੇਂ ਤੋਂ ਬੇਰੁਜ਼ਗਾਰ ਸਿੱਖਿਆ ਤੇ ਸਿਹਤ ਵਿਭਾਗ ਵਿਚ ਸਾਰੀਆਂ ਖਾਲੀ ਅਸਾਮੀਆਂ ’ਤੇ ਭਰਤੀ ਕਰਨ, ਉਮਰ ਹੱਦ ਵਿਚ ਛੋਟ ਦੇਣ, ਮਾਸਟਰ ਕੇਡਰ ਵਿਚ 55 ਫੀਸਦੀ ਲਾਜ਼ਮੀ ਅੰਕਾਂ ਵਾਲੀ ਥੋਪੀ ਸ਼ਰਤ ਰੱਦ ਕਰਾਉਣ ਅਤੇ ਆਰਟ ਐਂਡ ਕਰਾਫਟ ਦੀ ਲਿਖਤੀ ਪ੍ਰੀਖਿਆ ਕਰਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਵਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਜਸਪਾਲ ਸਿੰਘ ਲਹਿਰਾ, ਹੀਰਾ ਲਾਲ, ਅਮਨਦੀਪ ਸਿੰਘ ਸੇਖਾ, ਸੰਦੀਪ ਸਿੰਘ ਮੋਫ਼ਰ, ਮਨਦੀਪ ਸਿੰਘ, ਸੁਖਪਾਲ ਖ਼ਾਨ, ਕਰਮਜੀਤ ਸਿੰਘ, ਕੇਵਲ ਕ੍ਰਿਸ਼ਨ, ਸਿੰਮੀ ਕੌਰ, ਮਨਜੀਤ ਕੌਰ ਤੇ ਰਾਜਵੀਰ ਕੌਰ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ