ਪੁਲੀਸ ਵੱਲੋਂ ਬੇਰੁਜ਼ਗਾਰ ਅਧਿਆਪਕ ਨਾਲ ਖਿੱਚ-ਧੂਹ
27 ਮਈ, 2025 – ਮਾਨਸਾ : ਮਾਲਵਾ ਖੇਤਰ ’ਚ ਕਿਸਾਨਾਂ ਤੋਂ ਬਾਅਦ ਹੁਣ ਸਿੱਖਿਆ ਕ੍ਰਾਂਤੀ ਦੇ ਸਮਾਗਮਾਂ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵੀ ਵਿਧਾਇਕਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੀ ਸ਼ੁਰੂਆਤ ਅੱਜ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਚ ਹੋਈ, ਜਿੱਥੇ ਇਕ ਬੇਰੁਜ਼ਗਾਰ ਅਧਿਆਪਕ ਨੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਦੌਰਾਨ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਸੰਬੋਧਨ ਦੌਰਾਨ ਸਵਾਲ ਪੁੱਛੇ ਜਿਸ ਤੋਂ ਬਾਅਦ ਪ੍ਰੋਗਰਾਮ ’ਚ ਰੌਲਾ ਰੱਪਾ ਪੈ ਗਿਆ। ਵਿਧਾਇਕ ਵੱਲੋਂ ਕਿਸੇ ਸਵਾਲ ਦਾ ਜਵਾਬ ਦਿੱਤੇ ਜਾਣ ਦੀ ਥਾਂ ਪੁਲੀਸ ਵੱਲੋਂ ਇਸ ਬੇਰੁਜ਼ਗਾਰ ਦੀ ਖਿੱਚ-ਧੂਹ ਕੀਤੀ ਗਈ ਪਰ ਵਿਧਾਇਕ ਚੁੱਪ-ਚਾਪ ਸਾਰਾ ਦ੍ਰਿਸ਼ ਦੇਖਦੇ ਰਹੇ। ਉਧਰ ਸੋਸ਼ਲ ਮੀਡੀਏ ’ਤੇੇ ਧੂਹ ਘੜੀਸ ਦੀਆਂ ਵਾਇਰਲ ਹੋਈਆਂ ਵੀਡੀਓਜ਼ ਦੌਰਾਨ ਪੰਜਾਬ ਸਰਕਾਰ ਅਤੇ ਵਿਧਾਇਕ ਦੀ ਕਰੜੀ ਆਲੋਚਨਾ ਹੋਈ।
ਮਿਲੇ ਵੇਰਵਿਆਂ ਅਨੁਸਾਰ ਬੇਰੁਜ਼ਗਾਰ ਈ.ਟੀ.ਟੀ-5994 ਦੇ ਆਗੂ ਅਜੀਤ ਸਿੰਘ ਨੇ ਜਦੋਂ ਬੇਰੁਜ਼ਗਾਰ ਅਧਿਆਪਕਾਂ ਦੀ ਭਰਤੀ ਸਬੰਧੀ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਪੁਲੀਸ ਵੱਲੋਂ ਉਸ ਨੂੰ ਘੇਰਾ ਪਾ ਲਿਆ। ਇਕ ਪੁਲੀਸ ਮੁਲਾਜ਼ਮ ਵੱਲੋਂ ਉਸ ਦੇ ਮੂੰਹ ਨੂੰ ਪੂਰੀ ਤਰ੍ਹਾਂ ਘੁੱਟ ਲਿਆ ਗਿਆ ਅਤੇ ਬਾਕੀ ਦੇ ਪੁਲੀਸ ਕਰਮੀ ਉਸ ਦੀ ਧੂਹ ਘੜੀਸ ਕਰਦੇ ਉਸ ਨੂੰ ਸਮਾਗਮ ਤੋਂ ਬਾਹਰ ਲੈ ਗਏ। ਬੇਰੁਜ਼ਗਾਰ ਅਧਿਆਪਕ ਪਹਿਲਾ ਸਵਾਲ ਪੁੱਛਦਾ ਰਿਹਾ, ਪਰ ਜਦੋਂ ਉਸ ਦੀ ਧੂਹ-ਘੜੀਸ ਹੋਈ ਤਾਂ ਉਸ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਦਿੱਤੇ ਅਤੇ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਹਾਲ ਰਿਹਾ ਤਾਂ ਸਰਕਾਰੀ ਸਕੂਲਾਂ ਵਿੱਚ ਬੱਚੇ ਵੀ ਨਹੀ ਰਹਿਣੇ। ਇਹ ਵੀ ਪਤਾ ਲੱਗਿਆ ਹੈ ਕਿ ਸਕੂਲ ਦੇ ਇਕ ਕਲਰਕ ਨੇ ਪੁਲੀਸ ਕਰਮੀਆਂ ਦਾ ਧੂਹ ਘੜੀਸ ’ਚ ਸਾਥ ਦਿੱਤਾ। ਪਤਾ ਲੱਗਿਆ ਹੈ ਕਿ ਪੁਲੀਸ ਕਰਮੀ ਉਸ ਨੂੰ ਨਰਿੰਦਰਪੁਰਾ ਪੁਲੀਸ ਚੌਂਕੀ ਲੈ ਗਏ।
ਉਧਰ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਨੇ ਇਸ ਨੂੰ ਪੰਜਾਬ ਸਰਕਾਰ ਅਤੇ ਪੁਲੀਸ ਦੀ ਗੁੰਡਾਗਰਦੀ ਦੱਸਿਆ ਹੈ। ਉਨ੍ਹਾਂ ਚਿਤਾਵਨੀ ਸੁਰ ’ਚ ਕਿਹਾ ਕਿ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਇਸ ਦਾ ਹਿਸਾਬ ਲਿਆ ਜਾਵੇਗਾ।
ਸੈਂਕੜੇ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ: ਅਧਿਆਪਕ ਆਗੂ
ਡੀਟੀਐਫ਼ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਹਰਜਿੰਦਰ ਅਨੂਪਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਜਲੂਸ ਨਿਕਲ ਗਿਆ ਹੈ ਅਤੇ ਜ਼ਿਲ੍ਹੇ ਦੇ 73 ’ਚੋਂ 60 ਸਕੂਲ ਬਿਨਾਂ ਪ੍ਰਿੰਸੀਪਲ ਤੋਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਲੈਕਚਰਾਰ ਤੇ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ ਪਰ ਪੰਜਾਬ ਸਰਕਾਰ ਦਾ ਕੋਈ ਧਿਆਨ ਨਹੀਂ, ਸਗੋਂ ਕਰੋੜਾਂ ਰੁਪਿਆ ਵਾਧੂ ਦੇ ਸਮਾਗਮਾਂ ਉਪਰ ਵਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਧਾਇਕ ਹੱਕ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਦੀ ਸਾਰ ਲੈਣ ਦੀ ਥਾਂ ਉਨ੍ਹਾਂ ਉਪਰ ਜ਼ੁਲਮ ਢਾਹ ਰਹੇ ਹਨ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸੇ ਦੌਰਾਨ ਜਦੋਂ ਵਿਧਾਇਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਲਈ ਗਏ ਸਨ ਅਤੇ ਜੇਕਰ ਕਿਸੇ ਬੇਰੁਜ਼ਗਾਰ ਅਧਿਆਪਕ ਨੇ ਆਪਣਾ ਕੋਈ ਮਸਲਾ ਉਠਾਉਣਾ ਸੀ ਤਾਂ ਪੜ੍ਹੇ-ਲਿਖੇ ਵਿਅਕਤੀ ਹੋਣ ਦੇ ਨਾਤੇ ਸਮਾਗਮ ਵਿੱਚ ਖ਼ਲਲ ਪਾਉਣ ਦੀ ਥਾਂ ਆਪਣੀ ਗੱਲ ਮੰਚ ਤੋਂ ਜਾਂ ਨਿੱਜੀ ਤੌਰ ’ਤੇ ਮਿਲ ਕੇ ਰੱਖ ਸਕਦੇ ਸਨ।
ਪੰਜਾਬੀ ਟ੍ਰਿਬਯੂਨ
test