ਵਿਧਾਇਕ ਵੱਲੋਂ ਲਾਏ ਟੱਕ ਤੋਂ ਬਾਅਦ ਵੀ ਕੰਮ ਅਧੂਰਾ
31 ਜਨਵਰੀ, 2026 – ਚਮਕੌਰ ਸਾਹਿਬ : ਕਸਬਾ ਬੇਲਾ ਵਿੱਚ ਬੇਲਾ-ਰੂਪਨਗਰ ਸੜਕ ਉੱਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਾਨਕ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਅਨੁਸਾਰ ਥੋੜ੍ਹੇ ਜਿਹੇ ਮੀਂਹ ਨਾਲ ਵੀ ਸੜਕ ’ਤੇ ਕਈ ਦਿਨ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਨਾ ਸਿਰਫ਼ ਸੜਕ ਟੁੱਟ ਰਹੀ ਹੈ, ਸਗੋਂ ਗਾਹਕਾਂ ਦੇ ਨਾ ਆਉਣ ਕਾਰਨ ਕਾਰੋਬਾਰ ਵੀ ਠੱਪ ਹੋ ਰਿਹਾ ਹੈ।
ਹੈਰਾਨੀ ਦੀ ਗੱਲ ਹੈ ਕਿ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਦੋ ਮਹੀਨੇ ਪਹਿਲਾਂ ਸੀਵਰੇਜ ਪਾਈਪਲਾਈਨ ਦਾ ਉਦਘਾਟਨ ਕਰਨ ਦੇ ਬਾਵਜੂਦ, ਪੰਚਾਇਤ ਵੱਲੋਂ ਮਹਿਜ਼ 50-60 ਫੁੱਟ ਪੁਟਾਈ ਕਰਕੇ ਕੰਮ ਵਿਚਾਲੇ ਹੀ ਛੱਡ ਦਿੱਤਾ ਗਿਆ ਹੈ। ਸੜਕ ਕਿਨਾਰੇ ਪੁੱਟੀ ਗਈ ਇਹ ਜ਼ਮੀਨ ਹੁਣ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਬਣੀ ਹੋਈ ਹੈ।
ਇਸ ਸਬੰਧੀ ਜਦੋਂ ਵਿਭਾਗ ਦੇ ਜੇ.ਈ. ਨਰੇਸ਼ ਕੁਮਾਰ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਇੱਥੇ ਅੰਡਰਗਰਾਊਂਡ ਪਾਈਪਲਾਈਨ ਪਾਉਣ ਦੀ ਯੋਜਨਾ ਸੀ ਪਰ ਕੁਝ ਦੁਕਾਨਦਾਰਾਂ ਦੇ ਵਿਰੋਧ ਕਾਰਨ ਹੁਣ ਉੱਥੇ ‘ਖੁੱਲ੍ਹਾ ਨਾਲਾ’ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਨਾਲੇ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ।
ਦੂਜੇ ਪਾਸੇ, ਨਰਿੰਦਰ ਸਿੰਘ ਸੂਰਮਾ, ਹਰਿੰਦਰ ਸਿੰਘ ਅਤੇ ਗੁਰਜੀਤ ਸਿੰਘ ਸਮੇਤ ਹੋਰਨਾਂ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਲੋਕਾਂ ਦੀ ਖੱਜਲ-ਖੁਆਰੀ ਨੂੰ ਦੇਖਦੇ ਹੋਏ ਇਸ ਕੰਮ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਮੁਕੰਮਲ ਕਰਵਾਇਆ ਜਾਵੇ।
ਪੰਜਾਬੀ ਟ੍ਰਿਬਯੂਨ