ਪਹਾੜਾਂ ’ਚੋਂ ਪਾਣੀ ਦੀ ਆਮਦ ਤੇਜ਼; ਘੱਗਰ ਚਾਰ ਪਾਸਿਓਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ
04 ਸਤੰਬਰ, 2025 – ਚੰਡੀਗੜ੍ਹ : ਪਹਾੜਾਂ ’ਚੋਂ ਡੈਮਾਂ ’ਚ ਅਣਕਿਆਸੇ ਪਾਣੀ ਦੀ ਆਮਦ, ਡੈਮਾਂ ਦਾ ਨੱਕੋ ਨੱਕ ਭਰਨਾ ਅਤੇ ਘੱਗਰ ਤੇ ਸਤਲੁਜ ਦਾ ‘ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗਣਾ’, ਇਹ ਸਭ ਪੰਜਾਬ ’ਚ ਮੁੜ ਤਬਾਹੀ ਦਾ ਮੁੱਢ ਬੰਨ੍ਹੇ ਜਾਣ ਦੇ ਸੰਕੇਤ ਹਨ। ਪਹਾੜਾਂ ’ਚੋਂ ਆਏ ਪਾਣੀ ਨੇ ਮੌਸਮ ਵਿਭਾਗ ਦੀ ਸਭ ਗਿਣਤੀ-ਮਿਣਤੀ ਫ਼ੇਲ੍ਹ ਕਰ ਦਿੱਤੀ ਹੈ। ਪੂਰਾ ਪੰਜਾਬ ਹੜ੍ਹਾਂ ਦੀ ਲਪੇਟ ’ਚ ਆਉਣ ਮਗਰੋਂ ਨਵੇਂ ਖ਼ਤਰੇ ਦੇ ਬੂਹੇ ’ਤੇ ਆ ਖੜ੍ਹਾ ਹੋਇਆ ਹੈ। ਘੱਗਰ ਚਾਰੇ ਪਾਸਿਓਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਗਣ ਲੱਗੀ ਹੈ ਅਤੇ ਘੱਗਰ ਦੇ ਖ਼ਤਰੇ ਦੇ ਮੱਦੇਨਜ਼ਰ ਭਾਰਤੀ ਫ਼ੌਜ, ਐੱਨ ਡੀ ਆਰ ਐੱਫ ਅਤੇ ਪੁਲੀਸ ਦੀਆਂ ਟੀਮਾਂ ਪਟਿਆਲਾ ਤੇ ਸੰਗਰੂਰ ਪੁੱਜ ਗਈਆਂ ਹਨ।
ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਬਣੀ ਗੰਭੀਰ ਸਥਿਤੀ ਨੂੰ ਦੇਖਦਿਆਂ ਸਾਰੇ ਸਕੂਲਾਂ, ਕਾਲਜਾਂ, ’ਵਰਸਿਟੀਆਂ, ਬਹੁ-ਤਕਨੀਕੀ ਕਾਲਜਾਂ, ਸੀ ਪਾਇਟ ਕੈਂਪਾਂ, ਆਰਮਡ ਫੋਰਸਜ਼ ਇੰਸਟੀਚਿਊਟਸ ’ਚ 7 ਸਤੰਬਰ ਤੱਕ ਛੁੱਟੀਆਂ ਵਧਾ ਦਿੱਤੀਆਂ ਹਨ। ਜਿਵੇਂ ਦਰਿਆਵਾਂ ’ਚ ਪਾਣੀ ਵੱਧ ਰਿਹਾ ਹੈ, ਉਵੇਂ ਰਾਹਤ ਕਾਰਜਾਂ ’ਚ ਜੁਟੇ ਆਮ ਤੇ ਖ਼ਾਸ ਲੋਕਾਂ ਨੇ ਵੀ ਆਪਣੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਪੰਜਾਬ ’ਚ ਹੜ੍ਹਾਂ ਨੇ ਹੁਣ ਤੱਕ 1655 ਪਿੰਡਾਂ ਨੂੰ ਲਪੇਟ ’ਚ ਲੈ ਲਿਆ ਹੈ ਅਤੇ ਹੜ੍ਹਾਂ ’ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 37 ਹੋ ਗਿਆ ਹੈ। ਬਰਨਾਲਾ ਦੇ ਪਿੰਡ ਮੌੜ ਨਾਭਾ ’ਚ ਘਰ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਜੋੜੇ ਦੀ ਮੌਤ ਹੋ ਗਈ।
ਪੰਜਾਬ ’ਚ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ 3.55 ਲੱਖ ਲੋਕ ਪ੍ਰਭਾਵਿਤ ਹੋ ਗਏ ਹਨ ਅਤੇ ਹੁਣ ਤੱਕ 4.37 ਲੱਖ ਏਕੜ ਫ਼ਸਲ ਪ੍ਰਭਾਵਿਤ ਹੋ ਚੁੱਕੀ ਹੈ। ਪੰਜਾਬ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਪਾਣੀ ’ਚ ਫਸੇ 19,474 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਿਆ ਹੈ ਅਤੇ 167 ਰਾਹਤ ਕੈਂਪਾਂ ’ਚ ਹੁਣ ਤੱਕ 5,304 ਲੋਕ ਪਹੁੰਚ ਚੁੱਕੇ ਹਨ। ਫ਼ਿਰੋਜ਼ਪੁਰ ਖੇਤਰ ’ਚ ਰੇਲ ਮਾਰਗ ਪਾਣੀ ’ਚ ਡੁੱਬ ਗਏ ਹਨ ਜਿਸ ਕਰਕੇ ਫ਼ਿਰੋਜ਼ਪੁਰ ’ਚ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਹਨ। ਪੰਜਾਬ ਦੀ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਨੇ ਭਲਕ ਲਈ ਹਾਲੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੌਂਗ ਡੈਮ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਚਾਰ ਫੁੱਟ ਉਪਰ ਚਲਾ ਗਿਆ ਹੈ ਅਤੇ ਲੰਘੀ ਰਾਤ ਤੋਂ ਪੌਣੇ ਤਿੰਨ ਲੱਖ ਕਿਊਸਿਕ ਪਾਣੀ ਪੌਂਗ ਡੈਮ ’ਚ ਆਇਆ ਹੈ। ਬਿਆਸ ਦਰਿਆ ’ਚ ਹੁਣ ਪੌਂਗ ਡੈਮ ਤੋਂ ਕਰੀਬ ਇੱਕ ਲੱਖ ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਛੂਹਣ ਲੱਗਿਆ ਹੈ। ਰਣਜੀਤ ਸਾਗਰ ਡੈਮ ’ਚ ਵੱਧ ਤੋਂ ਵੱਧ 1.31 ਲੱਖ ਕਿਊਸਿਕ ਪਾਣੀ ਪਹਾੜਾਂ ’ਚੋਂ ਆਇਆ ਹੈ ਅਤੇ ਇਸ ਡੈਮ ’ਚੋਂ ਰਾਵੀ ’ਚ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਡੇਢ ਫੁੱਟ ਹੇਠਾਂ ਰਹਿ ਗਿਆ ਹੈ ਅਤੇ ਭਾਖੜਾ ’ਚ ਪਹਾੜਾਂ ’ਚੋਂ ਵੱਧ ਤੋਂ ਵੱਧ 1.15 ਲੱਖ ਕਿਊਸਿਕ ਪਾਣੀ ਆਇਆ ਹੈ ਅਤੇ 75 ਹਜ਼ਾਰ ਕਿਊਸਿਕ ਪਾਣੀ ਹੁਣ ਸਤਲੁਜ ’ਚ ਛੱਡਿਆ ਜਾ ਰਿਹਾ ਹੈ। ਘੱਗਰ ’ਚ 29 ਅਗਸਤ ਨੂੰ ਇਕਦਮ 70,607 ਕਿਊਸਿਕ ਪਾਣੀ ਆਉਣ ਮਗਰੋਂ ਮੁਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ਜ਼ਿਲ੍ਹਾ ਅਲਰਟ ਹੋ ਗਿਆ ਸੀ। ਦੋ ਦਿਨ ਘੱਗਰ ’ਚ ਪਾਣੀ ਘੱਟ ਆਇਆ ਅਤੇ ਮੁੜ 1 ਸਤੰਬਰ ਨੂੰ ਘੱਗਰ ’ਚ 45,343 ਕਿਊਸਿਕ ਪਾਣੀ ਪਹੁੰਚ ਗਿਆ। ਅੱਜ ਮੁੜ 91,555 ਕਿਊਸਿਕ ਪਾਣੀ ਆਉਣ ਮਗਰੋਂ ਘੱਗਰ ਆਪ ਮੁਹਾਰਾ ਹੋ ਗਿਆ ਹੈ। ਲੰਘੇ ਛੇ ਦਿਨਾਂ ’ਚ ਘੱਗਰ ’ਚ 4.30 ਲੱਖ ਕਿਊਸਿਕ ਪਾਣੀ ਆ ਚੁੱਕਾ ਹੈ। ਘੱਗਰ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਰਾਜਪੁਰਾ ਇਲਾਕੇ ’ਚ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਹਿ ਦਿੱਤਾ ਹੈ। ਪੰਜਾਬ ਸਰਕਾਰ ਨੇ ਵੀ ਹੁਣ ਘੱਗਰ ਤੇ ਫੋਕਸ ਕਰਨਾ ਸ਼ੁਰੂ ਕੀਤਾ ਹੈ। ਘੱਗਰ ਬਾਂਕਰਪੁਰ, ਖਨੌਰੀ ਅਤੇ ਸਰਦੂਲਗੜ੍ਹ ’ਚ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲੀ ਗਈ ਹੈ।
ਟਾਂਗਰੀ ਅਤੇ ਮਾਰਕੰਡਾ ਦਰਿਆ ਵੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹੈ ਜਿਨ੍ਹਾਂ ਦਾ ਪਾਣੀ ਘੱਗਰ ’ਚ ਮਿਲ ਕੇ ਤਬਾਹੀ ਮਚਾ ਸਕਦਾ ਹੈ। ਰੋਪੜ ਤੇ ਮੁਹਾਲੀ ਦੇ ਇਲਾਕੇ ’ਚ ਭਾਰੀ ਮੀਂਹ ਪੈਣ ਕਰਕੇ 94 ਹਜ਼ਾਰ ਕਿਊਸਿਕ ਪਾਣੀ ਸਤਲੁਜ ’ਚ ਪਿਆ ਹੈ ਅਤੇ ਗਿੱਦੜਪਿੰਡੀ ਕੋਲ ਸਤਲੁਜ ’ਚ ਪਾਣੀ 1.96 ਲੱਖ ਕਿਊਸਿਕ ’ਤੇ ਪੁੱਜ ਗਿਆ ਹੈ। ਚਿੱਟੀ ਵੇਈਂ ਦਾ ਪਾਣੀ ਲੋਹੀਆਂ ਦੇ ਇਲਾਕੇ ’ਚ ਮਾਰ ਕਰਨ ਲੱਗਿਆ ਹੈ। ਹਰੀਕੇ ਕੋਲ ਹੁਣ 3.30 ਲੱਖ ਕਿਊਸਿਕ ਪਾਣੀ ਵਹਿ ਰਿਹਾ ਹੈ ਅਤੇ ਹੁਸੈਨੀਵਾਲਾ ਕੋਲ 3.26 ਲੱਖ ਕਿਊਸਿਕ ਚੱਲ ਰਿਹਾ ਹੈ। ਰੋਪੜ ਪ੍ਰਸ਼ਾਸਨ ਨੇ ਸਤਲੁਜ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ। ਪਿੰਡਾਂ ਦੇ ਲੋਕ ਆਪੋ ਆਪਣੇ ਖੇਤਰਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਜੁਟ ਗਏ ਹਨ। ਰਾਵੀ ਦਰਿਆ ’ਚ ਮੁੜ ਪਾਣੀ ਦਾ ਪੱਧਰ ਵਧਣ ਕਰਕੇ ਅਜਨਾਲਾ ਖੇਤਰ ਦੇ ਲੋਕਾਂ ’ਚ ਮੁੜ ਖ਼ੌਫ਼ ਪੈਦਾ ਹੋ ਗਿਆ ਹੈ। ਪੰਜਾਬ ਦੇ ਸੈਂਕੜੇ ਪਿੰਡ ਪੂਰੀ ਤਰ੍ਹਾਂ ਪਾਣੀ ’ਚ ਘਿਰੇ ਹੋਏ ਹਨ ਅਤੇ ਫ਼ਿਰੋਜ਼ਪੁਰ ਦੇ ਕੁਝ ਪਿੰਡਾਂ ਵਿੱਚ 9-9 ਫੁੱਟ ਪਾਣੀ ਚੜ੍ਹ ਗਿਆ ਹੈ। ਸਮੁੱਚੇ ਪੰਜਾਬ ’ਚ ਤਿੰਨ ਦਿਨਾਂ ਤੋਂ ਪਏ ਮੀਂਹ ਕਾਰਨ ਕੱਚੇ ਘਰ ਡਿੱਗਣੇ ਸ਼ੁਰੂ ਹੋ ਗਏ ਹਨ। ਕੋਈ ਟਾਵਾਂ ਪਿੰਡ ਬਚਿਆ ਹੋਵੇਗਾ ਜਿੱਥੇ ਘਰ ਜਾਂ ਕੰਧ ਨਾ ਡਿੱਗੀ ਹੋਵੇ। ਮੋਗਾ ਦੇ ਪਿੰਡ ਨੱਥੂਵਾਲਾ ਗਰਬੀ ਵਿੱਚ ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ ਹਨ। ਰਾਹਤ ਕਾਰਜਾਂ ਵਿੱਚ ਸਿਆਸੀ ਆਗੂਆਂ ਤੋਂ ਇਲਾਵਾ ਖਿਡਾਰੀ, ਕਲਾਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਕੁੱਦੀਆਂ ਹਨ।
ਪੰਜਾਬ ਸਰਕਾਰ ਵੱਲੋਂ 71 ਕਰੋੜ ਰੁਪਏ ਜਾਰੀ
ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਹੜ੍ਹ ਰਾਹਤ ਤੇ ਮੁੜ-ਵਸੇਬੇ ਲਈ 71 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਦੌਰਾਨ ਪਹਿਲੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਨੂੰ 35.50 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਹੁਣ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ 12 ਜ਼ਿਲ੍ਹਿਆਂ ਲਈ 35.50 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ।
ਨੰਗਲ ਡੈਮ ਤੋਂ ਛੱਡੇ ਪਾਣੀ ਨੇ ਪਿੰਡਾਂ ਵਿੱਚ ਮਚਾਈ ਤਬਾਹੀ
ਨੰਗਲ (ਬਲਵਿੰਦਰ ਰੈਤ): ਭਾਖੜਾ ਡੈਮ ਵਿੱਚ ਅੱਜ ਪਾਣੀ ਦਾ ਪੱਧਰ ਵਧ ਕੇ 1677.88 ਰਿਕਾਰਡ ਕੀਤਾ ਗਿਆ ਹੈ ਜਦਕਿ ਭਾਖੜਾ ਡੈਮ ਤੋਂ ਨੰਗਲ ਡੈਮ ਤੱਕ ਪਾਣੀ 65,000 ਕਿਊਸਿਕ ਤੋਂ ਵਧਾ ਕੇ ਛੱਡਿਆ ਜਾ ਰਿਹਾ ਹੈ। ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 56,000 ਕਿਊਸਿਕ, ਐੱਸ ਵਾਈ ਐੱਲ ਨਹਿਰ ਵਿੱੱਚ 10,100 ਕਿਊਸਿਕ ਅਤੇ ਭਾਖੜਾ ਨਹਿਰ ਵਿੱਚ 9,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਹਰਸਾ ਬੇਲਾ, ਰਾਮਗੜ੍ਹ ਬੇਲਾ, ਬੇਲਾ ਧਿਆਨੀ ਲੋਅਰ, ਸੈਂਸੋਵਾਲ, ਐਲਗਰਾਂ, ਬੇਲਾ ਸ਼ਿਵ ਸਿੰਘ, ਭਲਾਣ, ਭਨਾਮ, ਸਿੰਘਪੁਰਾ, ਪਲਾਸੀ, ਤਰਫ ਮਜਾਰੀ ਆਦਿ ਪਿੰਡਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਨ ਡੀ ਆਰ ਐੱਫ ਦੀਆਂ ਹੋਰ ਟੀਮਾਂ ਮੰਗਵਾ ਕੇ ਪਾਣੀ ਨਾਲ ਘਿਰੇ ਪਿੰੰਡਾਂ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲਿਜਾਇਆ ਜਾ ਰਿਹਾ ਹੈ। ਰੂਪਨਗਰ ਦੇ ਡੀ ਸੀ ਵਰਜੀਤ ਵਾਲੀਆ ਅਤੇ ਐੱਸ ਐੱਸ ਪੀ ਗੁਲਨੀਤ ਸਿੰਘ ਖੁਰਾਣਾ ਨੇ ਪਾਣੀ ਦੀ ਮਾਰ ਹੇਠ ਵਿੱਚ ਆਏ ਪਿੰਡਾਂ ਦਾ ਦੌਰਾ ਕੀਤਾ। ਸਮਾਜ ਸੇਵੀ ਜਥੇਬੰਦੀਆਂ ਦੇ ਵਾਲੰਟੀਅਰ ਪਿੰਡਾਂ ਦੇ ਲੋਕਾਂ ਦੇ ਪਸ਼ੂਆਂ ਨੂੰ ਪਾਣੀ ਵਾਲੇ ਖੇਤਰਾਂ ਤੋਂ ਬਾਹਰ ਕੱਢ ਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਨ ਤੇ ਲੋਕਾਂ ਨੂੰ ਰਾਸ਼ਨ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਕੇਂਦਰੀ ਟੀਮ ਦਾ ਤਿੰਨ ਦਿਨਾਂ ਪੰਜਾਬ ਦੌਰਾ ਅੱਜ ਤੋਂ
ਚੰਡੀਗੜ੍ਹ (ਟਨਸ): ਕੇਂਦਰ ਸਰਕਾਰ ਦੀ ‘ਅੰਤਰ-ਮੰਤਰਾਲਾ ਕੇਂਦਰੀ ਟੀਮ’ ਭਲਕੇ 4 ਸਤੰਬਰ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਤਿੰਨ ਦਿਨ ਦੌਰਾ ਕਰੇਗੀ। ਕੇਂਦਰ ਸਰਕਾਰ ਦੀ ਤਿੰਨ ਮੈਂਬਰੀ ਟੀਮ ’ਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਰਾਜੇਸ਼ ਗੁਪਤਾ, ਕੇਂਦਰੀ ਵਿੱਤ ਮੰਤਰਾਲੇ ਦੇ ਕੇ ਵੀ ਪਟੇਲ ਅਤੇ ਕੇਂਦਰੀ ਸੜਕ ਤੇ ਆਵਾਜਾਈ ਮੰਤਰਾਲੇ ਦੇ ਰਾਕੇਸ਼ ਕੁਮਾਰ ਸ਼ਾਮਲ ਹਨ। ਕੇਂਦਰੀ ਟੀਮ ਪਹਿਲੇ ਦਿਨ ਭਲਕੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਵੇਗੀ। ਕੇਂਦਰੀ ਟੀਮ 5 ਸਤੰਬਰ ਨੂੰ ਪਠਾਨਕੋਟ ਤੋਂ ਇਲਾਵਾ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਜਾਵੇਗੀ। ਦੌਰੇ ਦੇ ਆਖ਼ਰੀ ਦਿਨ 6 ਸਤੰਬਰ ਨੂੰ ਕੇਂਦਰੀ ਟੀਮ ਚੰਡੀਗੜ੍ਹ ’ਚ ਮੁੱਖ ਸਕੱਤਰ ਪੰਜਾਬ ਅਤੇ ਬਾਕੀ ਵਿਭਾਗੀ ਦੇ ਪ੍ਰਬੰਧਕੀ ਸਕੱਤਰਾਂ ਨਾਲ ਮੀਟਿੰਗ ਕਰੇਗੀ।
ਪ੍ਰਧਾਨ ਮੰਤਰੀ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਐਲਾਨਣ: ਰਾਹੁਲ
ਨਵੀਂ ਦਿੱਲੀ: ਭਾਰਤ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਲਈ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਅਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਐਕਸ ’ਤੇ ਕਿਹਾ, ‘ਮੋਦੀ ਜੀ, ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਹਾਲਾਤ ਬੇਹੱਦ ਚਿੰਤਾਜਨਕ ਹਨ। ਅਜਿਹੇ ਮੁਸ਼ਕਲ ਸਮੇਂ ਵਿੱਚ ਤੁਹਾਡੇ ਧਿਆਨ ਅਤੇ ਕੇਂਦਰ ਸਰਕਾਰ ਦੀ ਮਦਦ ਦੀ ਬਹੁਤ ਜ਼ਰੂਰਤ ਹੈ। ਹਜ਼ਾਰਾਂ ਪਰਿਵਾਰ ਆਪਣੇ ਘਰਾਂ, ਜ਼ਿੰਦਗੀਆਂ ਅਤੇ ਅਜ਼ੀਜ਼ਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਮੈਂ ਅਪੀਲ ਕਰਦਾ ਹਾਂ ਕਿ ਇਨ੍ਹਾਂ ਰਾਜਾਂ, ਖਾਸ ਕਰਕੇ ਕਿਸਾਨਾਂ ਲਈ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ ਅਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ।’ਉਨ੍ਹਾਂ ਨੇ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਰਾਜਾਂ ਲਈ ਵਿਸ਼ੇਸ਼ ਪੈਕੇਜ ਦੀ ਆਪਣੀ ਮੰਗ ਦੁਹਰਾਈ ਹੈ। ਰਾਹੁਲ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ, ‘ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸੰਘਰਸ਼ ਕਰਦਿਆਂ ਦੇਖ ਕੇ ਦੁੱਖ ਹੁੰਦਾ ਹੈ। ਮੋਦੀ ਜੀ, ਲੋਕਾਂ ਦੀ ਰਾਖੀ ਸਰਕਾਰ ਦੀ ਜ਼ਿੰਮੇਵਾਰੀ ਹੈ। -ਪੀਟੀਆਈ
ਸ਼ਿਵਰਾਜ ਚੌਹਾਨ ਤੇ ਕੇਜਰੀਵਾਲ ਦਾ ਪੰਜਾਬ ਦੌਰਾ ਅੱਜ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿੱਚ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 4 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਚੌਹਾਨ ਵੱਲੋਂ ਪੰਜਾਬ ਵਿੱਚ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਵੀ ਕੀਤੀ ਜਾਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਚੌਹਾਨ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੋਨ ਕਰਕੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਖੜ੍ਹੀ ਹੈ।
ਪੰਜਾਬੀ ਟ੍ਰਿਬਯੂਨ