ਹਾਦਸੇ ਵਿੱਚ ਜ਼ਖ਼ਮੀ ਵਿਅਕਤੀ ਦਰ-ਦਰ ਭਟਕਣ ਲਈ ਹੋਇਆ ਮਜਬੂਰ
09 ਅਪ੍ਰੈਲ, 2026 ਭਦੌੜ : ਪਿੰਡ ਮੱਝੂਕੇ ਵਿੱਚ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਭਦੌੜ ਲਿਆਂਦਾ ਗਿਆ ਪਰ ਇੱਥੇ ਜਿੰਦਰਾ ਲੱਗਾ ਮਿਲਿਆ। ਇਸ ਸਬੰਧੀ ਪਿੰਡ ਮੱਝੂਕੇ ਦੇ ਸਾਬਕਾ ਪੰਚਾਇਤ ਮੈਂਬਰ ਸ਼ਿਵਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੱਝੂਕੇ ਤੋਂ ਹਿੰਮਤਪੁਰਾ ਵੱਲ ਜਾ ਰਹੇ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ ਗੁਰਤੇਜ ਸਿੰਘ ਉਰਫ ਬਿੱਲਾ ਗੰਭੀਰ ਜ਼ਖਮੀ ਹਾਲਤ ਵਿੱਚ ਸੜਕ ’ਤੇ ਡਿੱਗਿਆ ਪਿਆ ਸੀ ਜਿਸ ਨੂੰ ਉਨ੍ਹਾਂ ਲੋਕਾਂ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਭਦੌੜ ਪਹੁੰਚਾਇਆ ਪਰ ਉੱਥੇ ਪਹੁੰਚਣ ’ਤੇ ਪਤਾ ਲੱਗਿਆ ਕਿ ਹਸਪਤਾਲ ਨੂੰ ਜਿੰਦਰਾ ਲੱਗਾ ਸੀ।
ਹਸਪਤਾਲ ਵਿੱਚ ਕੋਈ ਡਾਕਟਰੀ ਸਹੂਲਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰਨ ਮਰੀਜ਼ ਨੂੰ ਨਿੱਜੀ ਹਸਪਤਾਲ ਲਿਜਾਣਾ ਪਿਆ ਜਿੱਥੇ ਐਕਸਰੇ ਦੌਰਾਨ ਪਤਾ ਲੱਗਾ ਕਿ ਉਸ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਜਦੋਂ ਉਹ ਪੁਲੀਸ ਕਾਰਵਾਈ ਲਈ ਥਾਣਾ ਭਦੌੜ ਪਹੁੰਚੇ ਤਾਂ ਪੁਲੀਸ ਵੱਲੋਂ ਉਨ੍ਹਾਂ ਨੂੰ ਮੁੜ ਸਰਕਾਰੀ ਹਸਪਤਾਲ ਜਾ ਕੇ ਦਾਖ਼ਲ ਹੋਣ ਲਈ ਕਿਹਾ ਗਿਆ ਤਾਂ ਜੋ ਉੱਥੋਂ ਰੁਕਾ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾ ਸਕੇ। ਜਦੋਂ ਉਹ ਦੁਬਾਰਾ ਮਰੀਜ਼ ਨੂੰ ਲੈ ਕੇ ਸਿਵਲ ਹਸਪਤਾਲ ਭਦੌੜ ਪਹੁੰਚੇ ਤਾਂ ਉੱਥੇ ਫਿਰ ਜਿੰਦਰਾ ਲੱਗਾ ਮਿਲਿਆ ਜਿਸ ਕਾਰਨ ਜ਼ਖਮੀ ਮਰੀਜ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਾਬਕਾ ਪੰਚ ਸ਼ਿਵਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਸਿਹਤ ਸਹੂਲਤਾਂ ਦੇ ਦਾਅਵੇ ਕਰਨ ਨਾਲ ਲੋਕਾਂ ਦਾ ਇਲਾਜ ਨਹੀਂ ਹੁੰਦਾ ਬਲਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਪੰਜਾਬੀ ਟ੍ਰਿਬਯੂਨ