ਸੰਜੇ ਗੁਪਤ
ਪਾਕਿਸਤਾਨ ਅੱਦਵਾਦ ਅਤੇ ਆਰਮੀ ਦੇ ਚੱਕਰ ਵਿਚ ਪਹਿਲਾਂ ਹੀ ਬਰਬਾਦ ਹੋ ਚੁੱਕਾ ਹੈ। ਪਹਿਲਗਾਮ ਵਿਚ ਅੱਤਵਾਦੀ ਹਮਲਾ ਕਰਵਾ ਕੇ ਉਸ ਨੇ ਆਪਣੇ-ਆਪ ਨੂੰ ਹੋਰ ਡੂੰਘੇ ਸੰਕਟ ਵਿਚ ਫਸਾ ਲਿਆ ਸੀ। ਫ਼ੌਜੀ ਟਕਰਾਅ ਖ਼ਤਮ ਹੋਣ ਤੋਂ ਬਾਅਦ ਵੀ ਉਸ ਵਾਸਤੇ ਸੰਕਟ ’ਚੋਂ ਨਿਕਲਣਾ ਆਸਾਨ ਨਹੀਂ।
ਆਖ਼ਰਕਾਰ ਪਾਕਿਸਤਾਨ ਦੇ ਹੋਸ਼ ਟਿਕਾਣੇ ਆ ਹੀ ਗਏ। ਉਸ ਨੇ ਭਾਰਤ ਦੇ ਘਾਤਕ ਫ਼ੌਜੀ ਹਮਲਿਆਂ ਤੋਂ ਘਬਰਾ ਕੇ ਜਿਸ ਤਰ੍ਹਾਂ ਹੱਥ ਖੜ੍ਹੇ ਕਰ ਦਿੱਤੇ ਅਤੇ ਫ਼ੌਜੀ ਟਕਰਾਅ ਖ਼ਤਮ ਕਰਨ ਲਈ ਮਜਬੂਰ ਹੋਇਆ, ਉਸ ਤੋਂ ਇਹੀ ਸਪਸ਼ਟ ਹੋਇਆ ਕਿ ਉਸ ਨੂੰ ਉਹੀ ਭਾਸ਼ਾ ਸਮਝ ਆਉਂਦੀ ਹੈ ਜਿਸ ਵਿਚ ਭਾਰਤ ਨੇ ਉਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਪਰ ਸ਼ਾਇਦ ਉਹ ਆਸਾਨੀ ਨਾਲ ਸੁਧਰੇਗਾ ਨਹੀਂ ਕਿਉਂਕਿ ਉਸ ਨੇ ਜੰਗਬੰਦੀ ਸਮਝੌਤੇ ਨੂੰ ਤਿੰਨ ਘੰਟਿਆਂ ਦੇ ਅੰਦਰ ਹੀ ਤੋੜ ਦਿੱਤਾ। ਇਸ ਤੋਂ ਸਾਫ਼ ਹੈ ਕਿ ਉਹ ਭਰੋਸੇ ਦੇ ਕਾਬਲ ਨਹੀਂ ਹੈ।
ਉਹ ਕੁਝ ਦੇਰੀ ਨਾਲ ਹੀ ਸਹੀ, ਇਹ ਸਮਝਿਆ ਕਿ ਜੇ ਉਸ ਨੇ ਆਪਣਾ ਵਤੀਰਾ ਨਾ ਛੱਡਿਆ ਤਾਂ ਉਸ ਦੀ ਤਬਾਹੀ ਤੈਅ ਹੈ। ਭਾਰਤੀ ਸੈਨਾ ਨੇ ਪਹਿਲਾਂ ਉਸ ਦੇ ਅੱਤਵਾਦੀ ਅੱਡਿਆਂ ਨੂੰ ਮਲੀਆਮੇਟ ਕੀਤਾ, ਉਸ ਕਾਰਨ ਉਹ ਲਾਚਾਰ ਹੋ ਗਿਆ ਸੀ ਅਤੇ ਇਹ ਸਾਫ਼ ਦਿਸਣ ਵੀ ਲੱਗਾ ਸੀ। ਇਹ ਚੰਗਾ ਹੋਇਆ ਕਿ ਭਾਰਤ ਨੇ ਉਸ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ ਅਤੇ ਇਕ ਤਰ੍ਹਾਂ ਨਾਲ ਉਸ ਨੂੰ ਮਜਬੂਰ ਕੀਤਾ ਕਿ ਉਹ ਆਪਣੇ ਹੱਥ ਖੜ੍ਹੇ ਕਰੇ। ਫ਼ੌਜੀ ਟਕਰਾਅ ਖ਼ਤਮ ਕਰਨ ਦਾ ਐਲਾਨ ਭਾਵੇਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ ਹੋਵੇ ਪਰ ਇਹ ਭਾਰਤ ਦਾ ਸਖ਼ਤ ਵਤੀਰਾ ਸੀ ਜਿਸ ਸਦਕਾ ਪਾਕਿਸਤਾਨ ਸਹੀ ਰਾਹ ’ਤੇ ਆਇਆ। ਪਾਕਿਸਤਾਨ ਨੂੰ ਭਾਰਤ ਦੇ ਹੱਥੋਂ ਜੋ ਤਬਾਹੀ ਅਤੇ ਸ਼ਰਮਿੰਦਗੀ ਸਹਿਣੀ ਪਈ, ਉਸ ਵਾਸਤੇ ਉਹ ਅਤੇ ਖ਼ਾਸ ਤੌਰ ’ਤੇ ਉਸ ਦੀ ਫ਼ੌਜ ਜ਼ਿੰਮੇਵਾਰ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਜਦ ਇਹ ਕਿਹਾ ਸੀ ਕਿ ਅਸੀਂ ਹਿੰਦੂਆਂ ਨਾਲੋਂ ਹਰ ਮਾਮਲੇ ਵਿਚ ਅਲੱਗ ਹਾਂ ਅਤੇ ਕਸ਼ਮੀਰ ਸਾਡੇ ਗਲੇ ਦੀ ਸਾਹ ਰਗ ਹੈ ਤਦ ਉਸ ਦੀ ਸੌੜੀ ਅਤੇ ਜਹਾਦੀ ਮਾਨਸਿਕਤਾ ਸਾਹਮਣੇ ਆ ਗਈ ਸੀ। ਇਸ ਭੜਕਾਊ ਬਿਆਨ ਦੇ ਲਗਪਗ ਇਕ ਹਫ਼ਤੇ ਬਾਅਦ ਹੀ ਪਹਿਲਗਾਮ ਵਿਚ ਪਾਕਿਸਤਾਨ ਦੇ ਪਾਲੇ-ਪੋਸੇ ਅੱਤਵਾਦੀਆਂ ਨੇ 26 ਲੋਕਾਂ ਦੀ ਜਿਸ ਤਰ੍ਹਾਂ ਪਛਾਣ ਪੁੱਛ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ, ਉਸ ਤੋਂ ਪਾਕਿਸਤਾਨੀ ਫ਼ੌਜ ਦੀ ਜਹਾਦੀ ਸੋਚ ਹੀ ਉਜਾਗਰ ਹੋਈ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਉਦੋਂ ਹੀ ਐਲਾਨ ਕਰ ਦਿੱਤਾ ਸੀ ਕਿ ਇਸ ਕਤਲੇਆਮ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ ਅਤੇ ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਨ ਵਾਲਿਆਂ ਨੂੰ ਕਿਤੇ ਤੋਂ ਵੀ ਲੱਭ ਕੇ ਸਜ਼ਾ ਦਿੱਤੀ ਜਾਵੇਗੀ। ਅਖ਼ੀਰ 15 ਦਿਨਾਂ ਦੇ ਅੰਦਰ ਭਾਰਤੀ ਫ਼ੌਜ ਨੇ ਆਪ੍ਰੇਸ਼ਨ ਸਿੰਧੂਰ ਜ਼ਰੀਏ ਪਾਕਿਸਤਾਨ ਦੇ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਪੂਰਾ ਕਰ ਦਿਖਾਇਆ।
ਇਸ ਤੋਂ ਬਾਅਦ ਵੀ ਪਾਕਿਸਤਾਨ ਆਪਣੇ ਪਾਲਤੂ ਅੱਤਵਾਦੀ ਸੰਗਠਨਾਂ ਦਾ ਬਚਾਅ ਕਰਦਾ ਰਿਹਾ ਅਤੇ ਉਹ ਵੀ ਇਸ ਹੱਦ ਤੱਕ ਕਿ ਉਸ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਕਹਿ ਰਹੇ ਸਨ ਕਿ ਅਸੀਂ ਤਾਂ ਤਿੰਨ ਦਹਾਕਿਆਂ ਤੋਂ ਅੱਤਵਾਦੀਆਂ ਨੂੰ ਪਾਲ-ਪੋਸ ਰਹੇ ਹਾਂ। ਅਜਿਹੀ ਹੀ ਗੱਲ ਬਿਲਾਵਲ ਭੁੱਟੋ ਨੇ ਆਖੀ ਹੈ। ਅਜਿਹਾ ਕਹਿ ਕੇ ਉਨ੍ਹਾਂ ਨੇ ਪਾਕਿਸਤਾਨ ਨੂੰ ਸ਼ਰਮਸਾਰ ਹੀ ਕੀਤਾ। ਪਾਕਿਸਤਾਨ ਨੇ ਜਦ-ਜਦ ਭਾਰਤ ਵਿਚ ਅੱਤਵਾਦੀ ਹਮਲੇ ਕਰਵਾਏ ਹਨ, ਤਦ-ਤਦ ਉਸ ਨੂੰ ਅਜਿਹੀ ਹੀ ਸ਼ਰਮਿੰਦਗੀ ਸਹਿਣੀ ਪਈ ਹੈ, ਚਾਹੇ ਮੁੰਬਈ ’ਤੇ ਹਮਲਾ ਹੋਵੇ ਜਾਂ ਫਿਰ ਉੜੀ, ਪੁਲਵਾਮਾ ਅਤੇ ਪਠਾਨਕੋਟ ਦਾ ਹਮਲਾ।
ਅੱਤਵਾਦ ਨੂੰ ਹੁਲਾਰਾ ਦੇਣਾ ਅਤੇ ਉਸ ਤੋਂ ਮੂੰਹ ਮੋੜਨਾ ਪਾਕਿਸਤਾਨ ਦੀ ਆਦਤ ਹੈ। ਉਸ ਦੀ ਇਸੇ ਆਦਤ ਕਾਰਨ ਭਾਰਤ ਨੇ ਫ਼ੌਜੀ ਟਕਰਾਅ ਖ਼ਤਮ ਕਰਨ ’ਤੇ ਸਹਿਮਤ ਹੋਣ ਤੋਂ ਪਹਿਲਾਂ ਇਹ ਸਾਫ਼ ਕਰ ਦਿੱਤਾ ਕਿ ਭਵਿੱਖ ਵਿਚ ਪਾਕਿਸਤਾਨ ਪ੍ਰਾਯੋਜਿਤ ਕਿਸੇ ਵੀ ਅੱਤਵਾਦੀ ਹਮਲੇ ਨੂੰ ਜੰਗ ਮੰਨਿਆ ਜਾਵੇਗਾ। ਇਹ ਪਾਕਿਸਤਾਨ ਅਤੇ ਨਾਲ ਹੀ ਦੁਨੀਆ ਨੂੰ ਬਹੁਤ ਵੱਡਾ ਸੰਦੇਸ਼ ਸੀ। ਸ਼ਾਇਦ ਇਹ ਸੰਦੇਸ਼ ਸਭ ਨੂੰ ਸਮਝ ਆ ਗਿਆ ਕਿ ਹੁਣ ਭਾਰਤ ਚੁੱਪ ਬੈਠਣ ਵਾਲਾ ਨਹੀਂ। ਆਪ੍ਰੇਸ਼ਨ ਸਿੰਧੂਰ ਵਿਚ ਅੱਤਵਾਦੀ ਟਿਕਾਣਿਆਂ ਦੇ ਤਬਾਹ ਹੋਣ ਤੋਂ ਬਾਅਦ ਤੋਂ ਪਾਕਿਸਤਾਨ ਲਗਾਤਾਰ ਐੱਲਓਸੀ ’ਤੇ ਭਾਰੀ ਫਾਇਰਿੰਗ ਦੇ ਨਾਲ-ਨਾਲ ਭਾਰਤ ਦੇ ਨਾਗਰਿਕ ਤੇ ਫ਼ੌਜੀ ਟਿਕਾਣਿਆਂ ਨੂੰ ਡ੍ਰੋਨਾਂ ਅਤੇ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾ ਰਿਹਾ ਸੀ।
ਜਦ ਉਹ ਬਾਜ਼ ਨਹੀਂ ਆਇਆ ਤਾਂ ਭਾਰਤ ਨੂੰ ਉਸ ਦੇ ਏਅਰਬੇਸ ਤਬਾਹ ਕਰਨੇ ਪਏ। ਇਸ ਤੋਂ ਉਹ ਬਹੁਤ ਕੁਝ ਸਮਝ ਗਿਆ ਕਿ ਇਸ ਵਾਰ ਅਜਿਹੇ ਭਾਰਤ ਨਾਲ ਪਾਲਾ ਪਿਆ ਹੈ ਜੋ ਉਸ ਨੂੰ ਬਖ਼ਸ਼ਣ ਦੇ ਮੂਡ ਵਿਚ ਨਹੀਂ ਹੈ। ਪਾਕਿਸਤਾਨ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਕਿ ਉਹ ਭਾਰਤ ’ਤੇ ਹਮਲੇ ਕਿਉਂ ਕਰ ਰਿਹਾ ਹੈ ਕਿਉਂਕਿ ਭਾਰਤੀ ਫ਼ੌਜ ਨੇ ਤਾਂ ਉਸ ਦੇ ਅੱਤਵਾਦੀ ਅੱਡਿਆਂ ਨੂੰ ਨਸ਼ਟ ਕੀਤਾ ਸੀ।
ਭਾਰਤ ਨੇ ਪਾਕਿਸਤਾਨ ਨੂੰ ਉਸ ਦੀਆਂ ਹਰਕਤਾਂ ਲਈ ਖ਼ਬਰਦਾਰ ਕਰਨ-ਡਰਾਉਣ ਦੇ ਨਾਲ-ਨਾਲ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਤੋਂ ਉਸ ਨੂੰ ਇਹ ਬਹਾਨਾ ਮਿਲੇ ਕਿ ਉਸ ਨੇ ਭਾਰਤ ਵਿਰੁੱਧ ਯੁੱਧ ਛੇੜ ਦਿੱਤਾ। ਭਾਰਤ ਨੇ ਵਾਰ-ਵਾਰ ਸਪਸ਼ਟ ਕੀਤਾ ਕਿ ਜੇ ਪਾਕਿਸਤਾਨ ਹਿਮਾਕਤ ਕਰਨੀ ਨਹੀਂ ਛੱਡਦਾ ਤਾਂ ਉਸ ਨੂੰ ਹੋਰ ਕਰਾਰਾ ਜਵਾਬ ਦਿੱਤਾ ਜਾਵੇਗਾ। ਭਾਰਤ ਨੇ ਉਸ ਦੇ ਅੱਤਵਾਦੀ ਅੱਡਿਆਂ ਨੂੰ ਤਬਾਹ ਕਰ ਕੇ ਅਤੇ ਉਸ ਦੇ ਮੁੱਖ ਸ਼ਹਿਰਾਂ ’ਤੇ ਡ੍ਰੋਨ-ਮਿਜ਼ਾਈਲਾਂ ਦਾਗ਼ ਕੇ ਇਹ ਸਾਬਿਤ ਕਰ ਹੀ ਦਿੱਤਾ ਸੀ ਕਿ ਉਸ ਦਾ ਕੋਈ ਇਲਾਕਾ ਉਸ ਦੇ ਵਾਰ ਤੋਂ ਬਾਹਰ ਨਹੀਂ ਹੈ। ਭਾਰਤ ਵਿਚ ਪਾਕਿਸਤਾਨ ਦੇ ਹਮਲਿਆਂ ਤੋਂ ਇਹ ਪਤਾ ਲੱਗਾ ਕਿ ਉਸ ਨੂੰ ਚੀਨ ਤੋਂ ਇਲਾਵਾ ਤੁਰਕੀ ਦੀ ਵੀ ਫ਼ੌਜੀ ਮਦਦ ਮਿਲ ਰਹੀ ਹੈ। ਭਾਰਤ ਦੇ ਸਖ਼ਤ ਇਤਰਾਜ਼ ਤੋਂ ਬਾਅਦ ਵੀ ਕੌਮਾਂਤਰੀ ਮੁਦਰਾ ਕੋਸ਼ ਨੇ ਉਸ ਨੂੰ ਕਰਜ਼ਾ ਦੇਣਾ ਤੈਅ ਕੀਤਾ।
ਸ਼ਾਇਦ ਪੱਛਮੀ ਦੇਸ਼ ਪਾਕਿਸਤਾਨ ਦੀਆਂ ਹਰਕਤਾਂ ਤੋਂ ਜਾਣੂ ਹੋਣ ਤੋਂ ਬਾਅਦ ਵੀ ਇਸ ਗ਼ਲਤ ਸੋਚ ਤੋਂ ਗ੍ਰਸਤ ਹਨ ਕਿ ਆਰਥਿਕ ਮਦਦ ਦੀ ਘਾਟ ਵਿਚ ਜੇ ਪਾਕਿਸਤਾਨ ਫੇਲ੍ਹ ਸਟੇਟ ਬਣ ਗਿਆ ਤਾਂ ਉਸ ਦੀ ਸਿਰਦਰਦੀ ਹੋਰ ਵਧ ਜਾਵੇਗੀ। ਇਹ ਉਹ ਸੋਚ ਹੈ ਜੋ ਪੂਰੀ ਦੁਨੀਆ ਨੂੰ ਸੰਕਟ ਵਿਚ ਪਾਵੇਗੀ। ਪੱਛਮੀ ਦੇਸ਼ਾਂ ਨੂੰ ਆਪਣੀ ਇਹ ਸੋਚ ਬਦਲਣੀ ਹੋਵੇਗੀ ਕਿਉਂਕਿ ਹੁਣ ਭਾਰਤ ਪਾਕਿਸਤਾਨ ਪ੍ਰੇਰਿਤ ਅੱਤਵਾਦ ਨੂੰ ਸਹਿਣ ਵਾਸਤੇ ਤਿਆਰ ਨਹੀਂ ਹੈ। ਪਾਕਿਸਤਾਨ ਜਿਹੇ ਅੱਤ ਦੇ ਗ਼ੈਰ-ਜ਼ਿੰਮੇਵਾਰ ਤੇ ਜਹਾਦੀ ਸੋਚ ਵਾਲੇ ਮੁਲਕ ਨੂੰ ਆਲਮੀ ਵਿੱਤੀ ਸੰਸਥਾਵਾਂ ਵੱਲੋਂ ਵਿੱਤੀ ਇਮਦਾਦ ਦੇਣਾ ਭਾਰਤ ਦੀ ਸੁਰੱਖਿਆ ਲਈ ਗੰਭੀਰ ਖ਼ਤਰੇ ਖੜ੍ਹੇ ਕਰਨਾ ਹੈ। ਇਸ ਨਾਲ ਅਣਗਿਣਤ ਬੇਗੁਨਾਹ ਲੋਕਾਂ ਦੀ ਜਾਨ ’ਤੇ ਬਣ ਆਵੇਗੀ ਤੇ ਇਸ ਖਿੱਤੇ ਵਿਚ ਅਸਥਿਰਤਾ ਫੈਲੇਗੀ। ਪੱਛਮੀ ਦੇਸ਼ਾਂ ਦੇ ਮੁਕਾਬਲੇ ਚੀਨ ਆਪਣੇ ਭਾਰਤ ਵਿਰੋਧੀ ਰਵੱਈਏ ਕਾਰਨ ਪਾਕਿਸਤਾਨ ਦਾ ਸਾਥ ਦਿੰਦਾ ਚਲਿਆ ਆ ਰਿਹਾ ਹੈ। ਉਹ ਭਾਰਤ ਨੂੰ ਤਰੱਕੀ ਕਰਦੇ ਹੋਏ ਨਹੀਂ ਦੇਖਣਾ ਚਾਹੁੰਦਾ। ਉਹ ਪਾਕਿਸਤਾਨ ਨੂੰ ਭਾਰਤ ਵਿਰੁੱਧ ਉਕਸਾ ਕੇ ਆਪਣੇ ਆਰਥਿਕ ਹਿੱਤ ਸੇਧਣ ਦੀ ਕੋਸ਼ਿਸ਼ ਵਿਚ ਰੁੱਝਿਆ ਹੋਇਆ ਹੈ। ਭਾਰਤ ਨੇ ਪਾਕਿਸਤਾਨ ਨੂੰ ਪਸਤ ਕਰ ਕੇ ਉਸ ਨੂੰ ਵੀ ਜ਼ਰੂਰੀ ਸੰਦੇਸ਼ ਦੇ ਦਿੱਤਾ ਹੈ।
ਭਾਰਤ ਪ੍ਰਤੀ ਨਫ਼ਰਤ ਦੇ ਚੱਲਦੇ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਇਹ ਸਮਝਣ ਨੂੰ ਤਿਆਰ ਨਹੀਂ ਸੀ ਕਿ ਉਹ ਆਪਣੇ ਦੇਸ਼ ਨੂੰ ਤਬਾਹੀ ਵੱਲ ਲੈ ਕੇ ਜਾ ਰਹੀ ਹੈ। ਉੱਥੋਂ ਦੀ ਜਨਤਾ ਦਾ ਇਕ ਵਰਗ ਜ਼ਰੂਰ ਇਹ ਮਹਿਸੂਸ ਕਰ ਰਿਹਾ ਸੀ ਅਤੇ ਇਸ ਲਈ ਉਹ ਆਸਿਮ ਮੁਨੀਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਿਹਾ ਹੈ। ਉਹ ਉਸ ਨੂੰ ਇਕ ਜਹਾਦੀ ਜਨਰਲ ਦੇ ਰੂਪ ਵਿਚ ਦੇਖ ਰਿਹਾ ਹੈ।
ਪਾਕਿਸਤਾਨ ਦੇ ਹੁਕਮਰਾਨ ਆਪਣੀ ਫ਼ੌਜ ਦੀ ਕਠਪੁਤਲੀ ਬਣਨ ਕਾਰਨ ਸਾਖ਼ ਗੁਆ ਚੁੱਕੇ ਸਨ। ਇਸ ਲਈ ਉਸ ਦਾ ਵਿਸ਼ਵ ਦੇ ਮੁੱਖ ਦੇਸ਼ਾਂ ਨੇ ਸਾਥ ਨਹੀਂ ਦਿੱਤਾ। ਸਪਸ਼ਟ ਹੈ ਕਿ ਇਸ ਕਾਰਨ ਵੀ ਉਸ ਦੇ ਹੌਸਲੇ ਪਸਤ ਹੋਏ। ਪਾਕਿਸਤਾਨੀ ਫ਼ੌਜ ਦਾ ਇਕ ਹੀ ਮਕਸਦ ਹੈ ਭਾਰਤ ਪ੍ਰਤੀ ਨਫ਼ਰਤ ਵਧਾਉਣੀ ਅਤੇ ਹਥਿਆਰ ਖ਼ਰੀਦ ਕੇ ਆਪਣੀਆਂ ਜੇਬਾਂ ਗਰਮ ਕਰਨਾ।
ਪਾਕਿਸਤਾਨ ਅੱਦਵਾਦ ਅਤੇ ਆਰਮੀ ਦੇ ਚੱਕਰ ਵਿਚ ਪਹਿਲਾਂ ਹੀ ਬਰਬਾਦ ਹੋ ਚੁੱਕਾ ਹੈ। ਪਹਿਲਗਾਮ ਵਿਚ ਅੱਤਵਾਦੀ ਹਮਲਾ ਕਰਵਾ ਕੇ ਉਸ ਨੇ ਆਪਣੇ-ਆਪ ਨੂੰ ਹੋਰ ਡੂੰਘੇ ਸੰਕਟ ਵਿਚ ਫਸਾ ਲਿਆ ਸੀ। ਫ਼ੌਜੀ ਟਕਰਾਅ ਖ਼ਤਮ ਹੋਣ ਤੋਂ ਬਾਅਦ ਵੀ ਉਸ ਵਾਸਤੇ ਸੰਕਟ ’ਚੋਂ ਨਿਕਲਣਾ ਆਸਾਨ ਨਹੀਂ। ਉਸ ਵਾਸਤੇ ਵੱਖ-ਵੱਖ ਮੁਹਾਜ਼ਾਂ ’ਤੇ ਅਣਗਿਣਤ ਮੁਸੀਬਤਾਂ ਮੂੰਹ ਅੱਡ ਕੇ ਖੜ੍ਹੀਆਂ ਹੋਈਆਂ ਹਨ।
ਪਾਕਿਸਤਾਨ ਆਰਥਿਕ ਤੌਰ ’ਤੇ ਬਦਹਾਲ ਹੈ ਅਤੇ ਉਸ ਨੂੰ ਆਪਣੀ ਬਦਹਾਲੀ ਦਾ ਫ਼ਿਕਰ ਵੀ ਨਹੀਂ ਪਰ ਭਾਰਤ ਤੇਜ਼ੀ ਨਾਲ ਵਧਦਾ ਅਰਥਚਾਰਾ ਹੈ। ਹੁਣ ਉਸ ਨੂੰ ਪਾਕਿਸਤਾਨ ਨੂੰ ਹਮੇਸ਼ਾ ਲਈ ਹੱਦ ਵਿਚ ਰੱਖਣ ਦੇ ਨਾਲ ਹੀ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਸ ਨੇ ਆਪਣੇ ਅਰਥਚਾਰੇ ਨੂੰ ਮਜ਼ਬੂਤ ਕਰਨ ਦੀ ਜੋ ਰੂਪ-ਰੇਖਾ ਬਣਾਈ ਹੈ ਅਤੇ ਜਿਸ ਕਾਰਨ ਵਿਦੇਸ਼ੀ ਨਿਵੇਸ਼ ਆ ਰਿਹਾ ਹੈ, ਉਸ ਵਿਚ ਕੋਈ ਅੜਿੱਕਾ ਨਾ ਪੈ ਸਕੇ।
Credit : https://www.punjabijagran.com/editorial/general-pakistan-is-not-trustworthy-9488937.html
test