ਦੂਜੇ ਸੂਬਿਆਂ ਤੋਂ ਜਿਣਸ ਲਿਆ ਕੇ ਵੇਚਣ ਦਾ ਮਾਮਲਾ; ਡਿਪਟੀ ਕਮਿਸ਼ਨਰਾਂ ਦੀ ਪ੍ਰਵਾਨਗੀ ਨਾਲ ਖ਼ਰੀਦ ਹੋਵੇਗੀ ਸ਼ੁਰੂ
11 ਨਵੰਬਰ, 2025 – ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਾਜ ਵਿਚ ਬੋਗਸ ਖ਼ਰੀਦ ਦੇ ਡਰੋਂ ਝੋਨੇ ਦੀ ਖੁੱਲ੍ਹੀ ਖ਼ਰੀਦ ਬੰਦ ਕਰ ਦਿੱਤੀ ਹੈ ਅਤੇ ‘ਸ਼ਰਤਾਂ ਨਾਲ ਖ਼ਰੀਦ’ ਕਰਨ ਦਾ ਫ਼ੈਸਲਾ ਕੀਤਾ ਹੈ। ਖ਼ੁਰਾਕ ਤੇ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਅੱਜ ਨਿਰਦੇਸ਼ ਦਿੱਤੇ ਹਨ ਕਿ ਸੂਬੇ ’ਚ 12 ਨਵੰਬਰ ਤੋਂ ਖ਼ਰੀਦ ਕੇਂਦਰਾਂ ’ਚ ਝੋਨੇ ਦੀ ਖ਼ਰੀਦ ਸਿਰਫ਼ ਡਿਪਟੀ ਕਮਿਸ਼ਨਰਾਂ ਦੀ ਅਗਾਊਂ ਪ੍ਰਵਾਨਗੀ ਨਾਲ ਹੀ ਹੋਵੇਗੀ। ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ਰਤਾਂ ਸਮੇਤ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਤਹਿਤ ਮੰਡੀਆਂ ’ਚ ਖ਼ਰੀਦ ਹੁਣ ਫ਼ੋਟੋਗਰਾਫੀ ਨਾਲ ਹੋਵੇਗੀ। ਮੰਗਲਵਾਰ ਨੂੰ ਵੀ ਇਸੇ ਤਰੀਕੇ ਨਾਲ ਸ਼ਰਤਾਂ ਸਮੇਤ ਖ਼ਰੀਦ ਹੋਵੇਗੀ।
ਵੇਰਵਿਆਂ ਅਨੁਸਾਰ 12 ਨਵੰਬਰ ਤੱਕ ਝੋਨੇ ਦੀ ਖ਼ਰੀਦ ਮੌਕੇ ਕਿਸਾਨ, ਖ਼ਰੀਦ ਏਜੰਸੀ ਦੇ ਇੰਸਪੈਕਟਰ ਅਤੇ ਮੰਡੀ ਬੋਰਡ ਦੇ ਸੁਪਰਵਾਈਜ਼ਰ ਦੀ ਫ਼ਸਲ ਦੀ ਢੇਰੀ ਕੋਲ ਗਰੁੱਪ ਫ਼ੋਟੋ ਲਾਜ਼ਮੀ ਕਰਾਰ ਦਿੱਤੀ ਹੈ ਅਤੇ ਨਾਲ ਹੀ ਸਬੂਤ ਵਜੋਂ ਅਖ਼ਬਾਰ ਦੀ ਫ਼ੋਟੋ ਵੀ ਖਿੱਚੀ ਜਾਣੀ ਹੈ। ਖ਼ੁਰਾਕ ਤੇ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਅੱਜ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਦੌਰਾਨ ਜਾਣੂ ਕਰਾਇਆ ਕਿ 12 ਨਵੰਬਰ ਤੋਂ ਮੰਡੀਆਂ ’ਚ ਕਿਸਾਨ ਡਿਪਟੀ ਕਮਿਸ਼ਨਰਾਂ ਦੀ ਪ੍ਰਵਾਨਗੀ ਤੋਂ ਬਿਨਾਂ ਫ਼ਸਲ ਨਹੀਂ ਵੇਚ ਸਕਣਗੇ। ਇਸੇ ਦੌਰਾਨ, ਸਰਕਾਰ ਨੇ ਅਸਥਾਈ ਖ਼ਰੀਦ ਕੇਂਦਰਾਂ ਨੂੰ ਬੰਦ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਪੰਜਾਬ ’ਚ ਐਤਕੀਂ ਝੋਨੇ ਦੀ ਸਰਕਾਰੀ ਖ਼ਰੀਦ 15 ਸਤੰਬਰ ਤੋਂ ਸ਼ੁਰੂ ਹੋਈ ਸੀ ਪ੍ਰੰਤੂ ਮੰਡੀਆਂ ’ਚ ਫ਼ਸਲ ਹੜ੍ਹਾਂ ਕਰ ਕੇ ਅਕਤੂਬਰ ’ਚ ਆਉਣੀ ਸ਼ੁਰੂ ਹੋਈ ਸੀ। ਸਰਕਾਰ ਨੇ ਹੜ੍ਹਾਂ ਦੀ ਮਾਰ ਨੂੰ ਦੇਖਦਿਆਂ ਇਸ ਵਾਰ ਝੋਨੇ ਦੀ ਖ਼ਰੀਦ ਦਾ ਟੀਚਾ 175 ਤੋਂ ਸੋਧ ਕੇ 165 ਲੱਖ ਮੀਟਰਿਕ ਟਨ ਕਰ ਲਿਆ ਸੀ। ਹੁਣ ਤੱਕ ਮੰਡੀਆਂ ’ਚ 149.31 ਲੱਖ ਮੀਟਰਿਕ ਟਨ ਫ਼ਸਲ ਦੀ ਖ਼ਰੀਦ ਹੋ ਚੁੱਕੀ ਹੈ ਅਤੇ ਇਸ ਲਿਹਾਜ਼ ਨਾਲ ਮੰਡੀਆਂ ’ਚ ਕੁੱਲ 155 ਲੱਖ ਮੀਟਰਿਕ ਟਨ ਫ਼ਸਲ ਆਉਣ ਦੀ ਸੰਭਾਵਨਾ ਹੈ। ਸੂਬੇ ’ਚ ਕੁੱਲ 2537 ਖ਼ਰੀਦ ਕੇਂਦਰ ਬਣਾਏ ਗਏ ਸਨ ਜਿਨ੍ਹਾਂ ’ਚ 715 ਆਰਜ਼ੀ ਖ਼ਰੀਦ ਕੇਂਦਰ ਵੀ ਸ਼ਾਮਲ ਹਨ। ਹੜ੍ਹਾਂ ਕਾਰਨ ਸੂਬੇ ’ਚ 3.47 ਲੱਖ ਏਕੜ ਝੋਨੇ ਦੀ ਫ਼ਸਲ ਨੁਕਸਾਨੀ ਗਈ ਹੈ। ਖ਼ੁਰਾਕ ਤੇ ਸਪਲਾਈਜ਼ ਵਿਭਾਗ ਅਨੁਸਾਰ 12 ਨਵੰਬਰ ਤੋਂ ਜਦੋਂ ਵੀ ਝੋਨੇ ਦੀ ਖ਼ਰੀਦ ਦਾ ਮਾਮਲਾ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਲਿਆਂਦਾ ਜਾਵੇਗਾ ਤਾਂ ਡਿਪਟੀ ਕਮਿਸ਼ਨਰ ਫ਼ੌਰੀ ਐੱਸ ਡੀ ਐੱਮ ਜਾਂ ਕਾਰਜਕਾਰੀ ਮੈਜਿਸਟਰੇਟ ਰੈਂਕ ਦੇ ਅਧਿਕਾਰੀ ਨੂੰ ਮੰਡੀ ਵਿੱਚ ਭੇਜੇਗਾ। ਇਸ ਅਧਿਕਾਰੀ ਦੇ ਨਾਲ ਕਿਸਾਨ, ਮੰਡੀ ਸੁਪਰਵਾਈਜ਼ਰ ਅਤੇ ਖ਼ਰੀਦ ਇੰਸਪੈਕਟਰ ਦੀ ਫ਼ੋਟੋ ਹੋਵੇਗੀ। ਜ਼ਿਲ੍ਹਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਫ਼ੋਟੋਗਰਾਫੀ ਨਾਲ ਹੋਣ ਵਾਲੀ ਸਮੁੱਚੀ ਖ਼ਰੀਦ ਦੀ ਫਾਈਲ ਡਿਪਟੀ ਕਮਿਸ਼ਨਰ ਕੋਲ ਭੇਜਣਗੇ।
ਤਿੰਨ ਜ਼ਿਲ੍ਹਿਆਂ ਫ਼ਾਜ਼ਿਲਕਾ, ਤਰਨ ਤਾਰਨ ਅਤੇ ਗੁਰਦਾਸਪੁਰ ’ਚ ਹੜ੍ਹਾਂ ਨਾਲ ਫ਼ਸਲ ਪ੍ਰਭਾਵਿਤ ਹੋਣ ਦੇ ਬਾਵਜੂਦ ਪਿਛਲੇ ਸਾਲ ਦੇ ਬਰਾਬਰ ਹੀ ਫ਼ਸਲ ਪੁੱਜੀ ਹੈ। ਸਰਕਾਰ ਨੂੰ ਸ਼ੱਕ ਹੈ ਕਿ ਕੁਝ ਲੋਕ ਦੂਸਰੇ ਸੂਬਿਆਂ ’ਚੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ’ਚ ਸਰਕਾਰੀ ਭਾਅ ’ਤੇ ਵੇਚ ਕੇ ਮੁਨਾਫ਼ਾ ਕਮਾ ਰਹੇ ਹਨ। ਇਸ ਨੂੰ ਲੈ ਕੇ ਸਰਕਾਰ ਨੇ ਕਈ ਜ਼ਿਲ੍ਹਿਆਂ ’ਚ ਪੁਲੀਸ ਕੇਸ ਵੀ ਦਰਜ ਕਰਾਏ ਹਨ। ਪਿਛਲੇ ਦਿਨਾਂ ਤੋਂ ਮੰਡੀਆਂ ’ਚ ਫ਼ਸਲ ਵੀ ਆਉਣੀ ਘਟ ਗਈ ਹੈ; ਬੀਤੇ ਦਿਨੀਂ 2.19 ਲੱਖ ਮੀਟਰਿਕ ਟਨ ਝੋਨਾ ਮੰਡੀਆਂ ’ਚ ਪੁੱਜਿਆ ਸੀ।
ਪੰਜਾਬੀ ਟ੍ਰਿਬਯੂਨ