Home Affairs Dialogue
ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਦਾ ਮੁੱਦਾ ਭਾਰਤ ਨੇ ਜ਼ੋਰਦਾਰ ਢੰਗ ਨਾਲ ਚੁੱਕਿਆ
28 ਫਰਵਰੀ, 2026 – ਨਵੀਂ ਦਿੱਲੀ : ਨਵੀਂ ਦਿੱਲੀ ਵਿੱਚ ਹੋਏ 6ਵੇਂ ‘ਹੋਮ ਅਫੇਅਰਜ਼ ਡਾਇਲਾਗ’ (HAD) ਦੌਰਾਨ ਭਾਰਤ ਅਤੇ ਯੂਨਾਈਟਿਡ ਕਿੰਗਡਮ (UK) ਨੇ ਖ਼ਾਲਿਸਤਾਨੀ ਕੱਟੜਪੰਥੀਆਂ ਅਤੇ ਯੂਕੇ ਵਿੱਚ ਸਰਗਰਮ ਭਾਰਤ ਵਿਰੋਧੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਆਪਸੀ ਸਹਿਯੋਗ ਦੇ ਮੁੱਖ ਖੇਤਰਾਂ ਵਜੋਂ ਚੁਣਿਆ ਹੈ।
ਇਸ ਉੱਚ-ਪੱਧਰੀ ਬੈਠਕ ਵਿੱਚ ਭਾਰਤ ਨੇ ਯੂਕੇ ਵਿੱਚ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਅਤੇ ਉੱਚ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਲੱਗੀ ਸੰਨ੍ਹ ਬਾਰੇ ਆਪਣੀਆਂ ਗੰਭੀਰ ਚਿੰਤਾਵਾਂ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ।
ਭਾਰਤੀ ਵਫ਼ਦ ਦੀ ਅਗਵਾਈ ਸਕੱਤਰ (ਬਾਰਡਰ ਮੈਨੇਜਮੈਂਟ) ਰਾਜੇਂਦਰ ਕੁਮਾਰ ਨੇ ਕੀਤੀ, ਜਦੋਂਕਿ ਯੂਕੇ ਵਫ਼ਦ ਦੀ ਅਗਵਾਈ ਹੋਮ ਆਫਿਸ ਦੇ ਸੈਕੰਡ ਪਰਮਾਨੈਂਟ ਸੈਕਟਰੀ ਸਾਈਮਨ ਰਿਡਲੇ ( Simon Ridley) ਨੇ ਕੀਤੀ।
ਇਸ ਗੱਲਬਾਤ ਦੌਰਾਨ ਨਾ ਸਿਰਫ਼ ਕੱਟੜਪੰਥ, ਸਗੋਂ ਨਸ਼ਾ ਤਸਕਰੀ, ਗ਼ੈਰ-ਕਾਨੂੰਨੀ ਪਰਵਾਸ, ਅਪਰਾਧਿਕ ਨਿਆਂ ਪ੍ਰਣਾਲੀ ਅਤੇ ਸਾਈਬਰ ਸੁਰੱਖਿਆ ਵਰਗੇ ਅਹਿਮ ਮੁੱਦਿਆਂ ’ਤੇ ਵੀ ਸਰਗਰਮ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਗਿਆ। ਬੈਠਕ ਦੇ ਅੰਤ ਵਿੱਚ ਦੋਵਾਂ ਦੇਸ਼ਾਂ ਨੇ ਮੌਜੂਦਾ ਸਹਿਯੋਗ ’ਤੇ ਤਸੱਲੀ ਪ੍ਰਗਟਾਈ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤੀ ਜਤਾਈ।
ਪੰਜਾਬੀ ਟ੍ਰਿਬਯੂਨ