ਵਿਵੇਕ ਕਾਟਜੂ
ਪਾਕਿਸਤਾਨ ਇਹ ਦਾਅਵਾ ਕਰਨ ਵਿਚ ਵੀ ਲੱਗਾ ਹੋਇਆ ਹੈ ਕਿ ਭਾਰਤ ਵਿਰੁੱਧ ਉਸ ਦੀ ਹਵਾਈ ਫ਼ੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਹ ਦੁਨੀਆ ਦੇ ਸਾਹਮਣੇ ਖ਼ੁਦ ਨੂੰ ਅੱਤਵਾਦ ਤੋਂ ਪੀੜਤ ਦੇਸ਼ ਦੇ ਰੂਪ ਵਿਚ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਲਗਪਗ ਦੋ ਹਜ਼ਾਰ ਸਾਲ ਪਹਿਲਾਂ ਚੀਨੀ ਰਣਨੀਤੀਕਾਰ ਸੁਨ ਜੂ ਨੇ ਬਹੁਤ ਮਾਅਰਕੇ ਵਾਲੀ ਗੱਲ ਆਖੀ ਸੀ। ਸੁਨ ਜੂ ਮੁਤਾਬਕ, ‘ਜੇਕਰ ਤੁਸੀਂ ਆਪਣੇ ਦੁਸ਼ਮਣ ਅਤੇ ਆਪਣੀਆਂ ਸਮਰੱਥਾਵਾਂ ਤੋਂ ਜਾਣੂ ਹੋ ਤਾਂ ਤੁਹਾਨੂੰ ਤਮਾਮ ਜੰਗਾਂ ਦੇ ਨਤੀਜਿਆਂ ਦੀ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ। ਜੇ ਤੁਹਾਨੂੰ ਆਪਣੀਆਂ ਸਮਰੱਥਾਵਾਂ ਪਤਾ ਹਨ ਪਰ ਦੁਸ਼ਮਣ ਦੀਆਂ ਨਹੀਂ ਤਾਂ ਹਰ ਜਿੱਤ ਦੀ ਸਥਿਤੀ ਵਿਚ ਵੀ ਤੁਸੀਂ ਹਾਰ ਮਹਿਸੂਸ ਕਰੋਗੇ।
ਜੇਕਰ ਤੁਸੀਂ ਨਾ ਆਪਣੇ ਦੁਸ਼ਮਣ ਤੋਂ ਜਾਣੂ ਹੋ ਅਤੇ ਨਾ ਖ਼ੁਦ ਤੋਂ ਤਾਂ ਹਰ ਜੰਗ ਵਿਚ ਤੁਹਾਡੀ ਹਾਰ ਤੈਅ ਹੈ।’ ਇਕ ਅਜਿਹੇ ਸਮੇਂ ਵਿਚ ਜਦ ਪਾਕਿਸਤਾਨ ਦੇ ਨਾਲ ਤਨਾਤਨੀ ਜਾਰੀ ਹੈ ਤਾਂ ਸੁਨ ਜੂ ਦਾ ਇਹ ਹਕੀਕੀ ਗਿਆਨ ਸਾਡੇ ਲਈ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ।
ਪਹਿਲਗਾਮ ਵਿਚ ਹੋਏ ਖ਼ੌਫ਼ਨਾਕ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤ ਦੇ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਤੋਂ ਜਦ ਪਾਕਿਸਤਾਨ ਨਾਲ ਤਲਖ਼ੀ ਹੋਰ ਵਧਣ ਵਾਲੀ ਹੈ ਉਦੋਂ ਸਾਡੇ ਲਈ ਆਪਣੇ ਦੁਸ਼ਮਣ ਅਤੇ ਉਸ ਨਾਲ ਜੁੜੇ ਸਾਰੇ ਪਹਿਲੂਆਂ ਤੋਂ ਜਾਣੂ ਹੋਣਾ ਕਿਤੇ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਚੇਤੇ ਰਹੇ ਕਿ ਪਾਕਿਸਤਾਨ ਵਿਚ ਭਾਰਤ ਨੂੰ ਪੱਕਾ ਦੁਸ਼ਮਣ ਮੰਨਿਆ ਜਾਂਦਾ ਹੈ ਅਤੇ ਇਹ ਮੰਦਾ ਵਿਚਾਰ ਪਾਕਿਸਤਾਨੀ ਜਨਤਾ ਦੀ ਮਾਨਸਿਕਤਾ ਵਿਚ ਘੁਲਿਆ ਹੋਇਆ ਹੈ। ਸਾਨੂੰ ਇਸ ਦੂਸ਼ਿਤ ਮਾਨਸਿਕਤਾ ਦੇ ਕਾਰਨਾਂ ਨੂੰ ਸਮਝਣਾ ਹੋਵੇਗਾ। ਭਾਰਤ ਪ੍ਰਤੀ ਪਾਕਿਸਤਾਨ ਦੀ ਇਹ ਜ਼ਹਿਰੀਲੀ ਮਾਨਸਿਕਤਾ ਦੋ ਰਾਸ਼ਟਰ ਸਿਧਾਂਤ ਤੋਂ ਪ੍ਰੇਰਿਤ ਹੈ। ਇਸੇ ਜ਼ਹਿਰੀਲੇ ਨਜ਼ਰੀਏ ਨੂੰ ਬੀਤੇ ਦਿਨੀਂ ਪਾਕਿਸਤਾਨੀ ਫ਼ੌਜ ਦੇ ਮੁਖੀ ਨੇ ਇਕ ਸੰਬੋਧਨ ਵਿਚ ਜ਼ਾਹਰ ਵੀ ਕੀਤਾ ਜਦ ਉਨ੍ਹਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਦੋ ਅਲੱਗ-ਅਲੱਗ ਕੌਮਾਂ ਦੇ ਰੂਪ ਵਿਚ ਰੇਖਾਂਕਿਤ ਕੀਤਾ।
ਇਸੇ ਤਕਰੀਰ ਤੋਂ ਕੁਝ ਦਿਨਾਂ ਬਾਅਦ ਹੀ ਪਹਿਲਗਾਮ ਵਿਚ ਬੇਗੁਨਾਹ ਸੈਲਾਨੀਆਂ ’ਤੇ ਘਿਨੌਣਾ ਅੱਤਵਾਦੀ ਹਮਲਾ ਕਰ ਦਿੱਤਾ ਗਿਆ ਜਿਸ ਵਿਚ 26 ਤੋਂ ਵੱਧ ਸੈਲਾਨੀਆਂ ਦੀ ਜਾਨ ਚਲੀ ਗਈ। ਇਸ ਘਟਨਾ ਨੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਸਿਖਰ ’ਤੇ ਪਹੁੰਚਾ ਦਿੱਤਾ ਸੀ ਜਿਸ ਕਾਰਨ ਹੁਣ ਇਹ ਦੋਵੇਂ ਮੁਲਕ ਜੰਗ ਦੀ ਕਗਾਰ ’ਤੇ ਪੁੱਜ ਗਏ ਹਨ। ਇਸ ਸਾਰੇ ਕੁਝ ਲਈ ਪਾਕਿਸਤਾਨ ਤੇ ਉਸ ਦੀ ਜਨੂੰਨੀ ਫ਼ੌਜ ਹੀ ਜ਼ਿੰਮੇਵਾਰ ਹੈ।
ਪਾਕਿਸਤਾਨ ਵਿਚ ਸੱਤਾ ਦੀ ਅਸਲ ਚਾਬੀ ਫ਼ੌਜ ਕੋਲ ਹੈ ਅਤੇ ਉਹ ਇਹੀ ਚਾਹੁੰਦੀ ਹੈ ਕਿ ਬਚਪਨ ਤੋਂ ਹੀ ਦੇਸ਼-ਵਾਸੀਆਂ ਵਿਚ ਇਸ ਨਫ਼ਰਤੀ ਚਿੰਤਨ ਅਤੇ ਭਾਰਤ ਨਾਲ ਨਫ਼ਰਤ ਦੇ ਬੀਅ ਬੀਜੇ ਜਾਣ। ਇਸ ਤੋਂ ਵੀ ਬਦਤਰ ਇਹ ਹੈ ਕਿ ਲੋਕਾਂ ਨੂੰ ਇਹ ਘੁੱਟੀ ਪਿਲਾਈ ਜਾਂਦੀ ਹੈ ਕਿ ਹਿੰਦੂਆਂ-ਮੁਸਲਮਾਨਾਂ ਵਿਚਾਲੇ ਕਦੇ ਸੁਲ੍ਹਾ ਨਹੀਂ ਹੋ ਸਕਦੀ।
ਪਾਕਿਸਤਾਨ ਵਿਚ ਇਹੀ ਮਾਨਤਾ ਹੈ ਕਿ ਮਜ਼ਹਬ ਹੀ ਰਾਸ਼ਟਰਵਾਦ ਦਾ ਆਧਾਰ ਹੈ। ਹਾਲਾਂਕਿ ਇਹ ਗੱਲ ਅਲੱਗ ਹੈ ਕਿ ਖ਼ੁਦ ਨੂੰ ਇਸਲਾਮਿਕ ਰਾਸ਼ਟਰ ਮੰਨਣ ਵਾਲੇ ਪਾਕਿਸਤਾਨ ਵਿਚ ਕਦੇ ਇਹ ਸਹਿਮਤੀ ਨਹੀਂ ਬਣ ਸਕੀ ਕਿ ਉਸ ਨੂੰ ਇਸਲਾਮ ਦੀ ਕਿਸ ਧਾਰਾ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਸ਼ੁਰੂ ਤੋਂ ਹੀ ਉਹ ਫ਼ਿਰਕਪ੍ਰਸਤੀ ਦਾ ਸ਼ਿਕਾਰ ਰਿਹਾ ਹੈ।
ਪਾਕਿਸਤਾਨ ਦੇ ਉਲਟ ਭਾਰਤ ਵਿਚ ਇਹੀ ਮਾਨਤਾ ਹੈ ਕਿ ਉਸ ਦੇ ਸਾਰੇ ਨਾਗਰਿਕਾਂ ਕੋਲ ਬਰਾਬਰ ਦੇ ਅਧਿਕਾਰ ਹਨ ਅਤੇ ਧਰਮ-ਮਜ਼ਹਬ ਨਿੱਜੀ ਮਾਮਲਾ ਹੈ। ਇਹ ਭਾਵ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਹੋਈ ਮੀਡੀਆ ਬ੍ਰੀਫਿੰਗ ਵਿਚ ਵੀ ਨਜ਼ਰ ਆਇਆ ਜਦ ਇਕ ਮੁਸਲਿਮ ਮਹਿਲਾ ਫ਼ੌਜੀ ਅਫ਼ਸਰ ਤੇ ਇਕ ਹਿੰਦੂ ਮਹਿਲਾ ਫ਼ੌਜੀ ਅਫ਼ਸਰ ਉਸ ਮੰਚ ’ਤੇ ਇਕੱਠੀਆਂ ਨਜ਼ਰ ਆਈਆਂ ਜਿਸ ਜ਼ਰੀਏ ਪਾਕਿਸਤਾਨ ’ਤੇ ਹੋਏ ਹਮਲੇ ਦੀ ਜਾਣਕਾਰੀ ਜਨਤਕ ਕੀਤੀ ਗਈ। ਰਾਸ਼ਟਰੀ ਤੇ ਸਮਾਜਿਕ ਇਕਜੁੱਟਤਾ ਭਾਰਤ ਦੀ ਵੱਡੀ ਤਾਕਤ ਰਹੀ ਹੈ। ਭਾਰਤੀਆਂ ਨੂੰ ਸਮਾਜਿਕ ਇਕਜੁੱਟਤਾ ਦਾ ਰਣਨੀਤਕ ਮਹੱਤਵ ਵੀ ਸਮਝਣਾ ਚਾਹੀਦਾ ਹੈ। ਸੋਚ ਦੇ ਪੱਧਰ ’ਤੇ ਵੀ ਭਾਰਤ ਤੇ ਪਾਕਿਸਤਾਨ ਬਹੁਤ ਅਲੱਗ ਹਨ। ਪਾਕਿਸਤਾਨ ਵਿਚ ਕੁਲੀਨ ਵਰਗ ਦੇ ਲੋਕ ਇਹ ਸੋਚਦੇ ਹਨ ਕਿ ਭਾਰਤੀ ਉਪ-ਮਹਾਦੀਪ ਦੇ ਅਸਲ ਸ਼ਾਸਕ ਉਹੀ ਹਨ।
ਉਹ ਅਤੀਤ ਦੀਆਂ ਉਨ੍ਹਾਂ ਯਾਦਾਂ ਵਿਚ ਡੁੱਬੇ ਰਹਿੰਦੇ ਹਨ ਕਿ ਅੰਗਰੇਜ਼ਾਂ ਦੇ ਆਗਮਨ ਤੋਂ ਪਹਿਲਾਂ ਮੁਸਲਿਮ ਰਾਜਵੰਸ਼ਾਂ ਨੇ ਹੀ ਸੈਂਕੜੇ ਸਾਲਾਂ ਤੱਕ ਭਾਰਤ ’ਤੇ ਹਕੂਮਤ ਕੀਤੀ ਸੀ। ਇਸ ਲਈ ਇਕ ਸੈਕੂਲਰ, ਖ਼ੁਸ਼ਹਾਲ ਅਤੇ ਮਜ਼ਬੂਤ ਭਾਰਤ ਦਾ ਵਿਚਾਰ ਉਨ੍ਹਾਂ ਨੂੰ ਪਚਦਾ ਨਹੀਂ, ਜਿਸ ਨੂੰ ਵਿਸ਼ਵ ਦੀ ਇਕ ਵੱਡੀ ਤਾਕਤ ਦੇ ਰੂਪ ਵਿਚ ਮਾਨਤਾ ਮਿਲ ਰਹੀ ਹੈ।
ਪਾਕਿਸਤਾਨੀ ਹਰ ਸੰਭਵ ਤਰੀਕੇ ਨਾਲ ਭਾਰਤ ਨੂੰ ਖ਼ਾਰਜ ਕਰਨ ਵਿਚ ਲੱਗੇ ਰਹਿੰਦੇ ਹਨ। ਇਸ ਦੇ ਲਈ ਅੱਤਵਾਦ ਦੇ ਇਸਤੇਮਾਲ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਭਾਰਤ ਵਿਰੁੱਧ ਵੱਡੇ ਪੱਧਰ ’ਤੇ ਕੂੜ-ਪ੍ਰਚਾਰ ਕੀਤਾ ਜਾਂਦਾ ਹੈ। ਖ਼ਾਸ ਤੌਰ ’ਤੇ ਇਸਲਾਮਿਕ ਦੇਸ਼ਾਂ ਵਿਚ ਭਾਰਤ ਪ੍ਰਤੀ ਜ਼ਹਿਰ ਭਰਿਆ ਜਾਂਦਾ ਹੈ ਤਾਂ ਕਿ ਪਾਕਿਸਤਾਨ ਆਪਣੇ ਨਾਪਾਕ ਮਨਸੂਬੇ ਕਿਸੇ ਤਰ੍ਹਾਂ ਸਿਰੇ ਚੜ੍ਹਾਅ ਸਕੇ। ਭਾਰਤ ਨੂੰ ਪਸਤ ਕਰਨ ਦੇ ਯਤਨਾਂ ਵਿਚ ਜੇਕਰ ਆਪਣਾ ਅਰਥਚਾਰਾ ਵੀ ਤਬਾਹ ਹੋ ਜਾਵੇ ਤਾਂ ਵੀ ਉੱਥੇ ਲੋਕਾਂ ਨੂੰ ਇਸ ਨੂੰ ਲੈ ਕੇ ਇਹ ਕਹਿ ਕੇ ਵਰਗਲਾਇਆ ਜਾਂਦਾ ਹੈ ਕਿ ਇਹ ਤਾਂ ਉਹ ਕੀਮਤ ਹੈ ਜੋ ਸਾਨੂੰ ਤਾਰਨੀ ਹੀ ਪਵੇਗੀ। ਪਾਕਿਸਤਾਨ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਵੀ ਪੈ ਰਿਹਾ ਹੈ। ਪਾਕਿਸਤਾਨੀ ਫ਼ੌਜ ਅਤੇ ਕੁਲੀਨ ਵਰਗ ਨੂੰ ਆਮ ਜਨਤਾ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ ਹੈ।
ਉਨ੍ਹਾਂ ਦੇ ਸਵਾਰਥ ਅਤੇ ਫ਼ਰਜ਼ੀ ਸ੍ਰੇਸ਼ਠ ਹੋਣ ਦੇ ਭਰਮ ਦੀ ਕੀਮਤ ਆਮ ਪਾਕਿਸਤਾਨੀਆਂ ਨੂੰ ਤਾਰਨੀ ਪੈ ਰਹੀ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਵਿਚ ‘ਗ਼ੈਰਤ’ ਬਹੁਤ ਆਮ ਸ਼ਬਦ ਹੈ। ਇਸ ਨਾਲ ਫ਼ਰਜ਼ੀ ਆਤਮ-ਸਨਮਾਨ ਦਾ ਅਹਿਸਾਸ ਕਰਵਾਇਆ ਜਾਂਦਾ ਹੈ।
ਪਾਕਿਸਤਾਨੀ ਜਨਤਾ ਦੀ ਮਾਨਸਿਕਤਾ ਦਾ ਇਕ ਹੋਰ ਪਹਿਲੂ ਇਹ ਹੈ ਕਿ ਚਾਹੇ ਜੋ ਹਾਲਾਤ ਹੋਣ ਪਰ ਬਦਲਾ ਲੈਣਾ ਹੀ ਹੋਵੇਗਾ। ਖ਼ਾਸ ਤੌਰ ’ਤੇ ਫ਼ੌਜ ਵਿਚ ਇਹ ਮੁਗਾਲਤਾ ਬਹੁਤ ਡੂੰਘਾਈ ਨਾਲ ਪੈਂਠ ਬਣਾਈ ਬੈਠਾ ਹੈ। ਉਹ ਹਮੇਸ਼ਾ ਬਦਲੇ ਦੀ ਅੱਗ ਵਿਚ ਝੁਲਸਦੀ ਰਹਿੰਦੀ ਹੈ। ਉਹ ਅੱਜ ਤੱਕ 1971 ਵਿਚ ਹੋਈ ਪਾਕਿਸਤਾਨ ਦੀ ਵੰਡ ਲਈ ਭਾਰਤ ਪ੍ਰਤੀ ਵੈਰ ਭਾਵਨਾ ਪਾਲ ਕੇ ਰੱਖੀ ਬੈਠੀ ਹੈ। ਜਦਕਿ ਸੱਚਾਈ ਇਹੀ ਹੈ ਕਿ ਸੈਨਾ ਦਾ ਵਤੀਰਾ ਅਤੇ ਜ਼ੁਲਫਿਕਾਰ ਅਲੀ ਭੁੱਟੋ ਵਰਗੇ ਨੇਤਾ ਹੀ ਪਾਕਿਸਤਾਨ ਦੇ ਬਟਵਾਰੇ ਅਤੇ ਬੰਗਲਾਦੇਸ਼ ਦੀ ਸਿਰਜਣਾ ਲਈ ਜ਼ਿੰਮੇਵਾਰ ਰਹੇ। ਬਦਲੇ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦੇ ਹੋਏ ਹੀ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਵਿਚ ਮਾਰੇ ਗਏ ਲੋਕਾਂ ਦੀ ਮੌਤ ਦਾ ਬਦਲਾ ਲਿਆ ਜਾਵੇਗਾ। ਇਸ ਧਮਕੀ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਭਾਰਤੀ ਨੀਤੀ ਘਾੜਿਆਂ ਨੂੰ ਹੋਰ ਜ਼ਿਆਦਾ ਚੌਕਸ ਰਹਿਣਾ ਹੋਵੇਗਾ।
ਪਾਕਿਸਤਾਨ ਇਹ ਦਾਅਵਾ ਕਰਨ ਵਿਚ ਵੀ ਲੱਗਾ ਹੋਇਆ ਹੈ ਕਿ ਭਾਰਤ ਵਿਰੁੱਧ ਉਸ ਦੀ ਹਵਾਈ ਫ਼ੌਜ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਹ ਦੁਨੀਆ ਦੇ ਸਾਹਮਣੇ ਖ਼ੁਦ ਨੂੰ ਅੱਤਵਾਦ ਤੋਂ ਪੀੜਤ ਦੇਸ਼ ਦੇ ਰੂਪ ਵਿਚ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਦਾ ਦੌਰਾ ਕਰ ਕੇ ਪਰਤਣ ਵਾਲੇ ਕੁਝ ਭਾਰਤੀ ਅਕਸਰ ਪਾਕਿਸਤਾਨੀਆਂ ਦੀ ਮਹਿਮਾਨ-ਨਿਵਾਜ਼ੀ ਅਤੇ ਸਤਿਕਾਰ ਦੀ ਤਾਰੀਫ਼ ਕਰਦੇ ਹਨ। ਕੁਝ ਪਾਕਿਸਤਾਨੀਆਂ ਨਾਲ ਭਾਰਤੀਆਂ ਦੀ ਗੂੜ੍ਹੀ ਦੋਸਤੀ ਵੀ ਹੋ ਸਕਦੀ ਹੈ।
ਫਿਰ ਵੀ, ਉਨ੍ਹਾਂ ਨੂੰ ਇਹ ਧਿਆਨ ਰਹੇ ਕਿ ਕੁਝ ਪਾਕਿਸਤਾਨੀ ਭਾਰਤ ਬਾਰੇ ਚੰਗੀਆਂ ਭਾਵਨਾਵਾਂ ਰੱਖਦੇ ਹੋਣ ਪਰ ਇਸ ਨਾਲ ਭਾਰਤ ਪ੍ਰਤੀ ਉਨ੍ਹਾਂ ਦੇ ਦੇਸ਼ ਦੀ ਫ਼ੌਜ ਦੇ ਵਤੀਰੇ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਇਹ ਵੀ ਇਕ ਤੱਥ ਹੈ ਕਿ ਪਾਕਿਸਤਾਨ ਖ਼ਾਸ ਤੌਰ ’ਤੇ ਉਸ ਦੀ ਫ਼ੌਜ ਭਾਰਤ ਨੂੰ ਧਰਮ-ਨਿਰਪੱਖ ਮੁਲਕ ਨਹੀਂ ਮੰਨਦੀ ਬਲਕਿ ਹਿੰਦੂ ਰਾਸ਼ਟਰ ਦੇ ਰੂਪ ਵਿਚ ਦੇਖਦੀ ਹੈ ਅਤੇ ਹਿੰਦੂਆਂ ਪ੍ਰਤੀ ਉਨ੍ਹਾਂ ਦੀਆਂ ਦੁਰਭਾਵਨਾਵਾਂ ਹਮੇਸ਼ਾ ਤੋਂ ਜ਼ਾਹਰ ਰਹੀਆਂ ਹਨ।
ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਅੱਜ ਪਾਕਿਸਤਾਨ ਵਿਚ ਨਾਮਾਤਰ ਹੀ ਹਿੰਦੂ ਬਚੇ ਹਨ। ਇਸ ਲਈ ਹਿੰਦੂਆਂ ਦੀਆਂ ਪਰੰਪਰਾਵਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਬਚਿਆ ਹੈ। ਇਸ ਸਦਕਾ ਨਫ਼ਰਤੀ ਭਾਵਨਾਵਾਂ ਨੂੰ ਹੋਰ ਖਾਦ-ਪਾਣੀ ਮਿਲਦਾ ਹੈ। ਇਸ ਲਈ ਅਕਸਰ ਪਾਕਿਸਤਾਨੀ ਕੂੜ-ਪ੍ਰਚਾਰ ਵਿਚ ਹਿੰਦੂ-ਵਿਰੋਧੀ ਭਾਵਨਾਵਾਂ ਤਿੱਖੀਆਂ ਹੁੰਦੀਆਂ ਹਨ ਅਤੇ ਹਿੰਦੂਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਇਹ ਪਾਕਿਸਤਾਨੀ ਜਨਤਾ ਦੀ ਮਾਨਸਿਕਤਾ ਦੇ ਕੁਝ ਖ਼ਾਸ ਪਹਿਲੂ ਹਨ ਜਿਨ੍ਹਾਂ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ।
-(ਲੇਖਕ ਸਾਬਕਾ ਡਿਪਲੋਮੈਟ ਹੈ)।
Credit : https://www.punjabijagran.com/editorial/general-pakistan-is-filled-with-hatred-towards-india-9488235.html
test