02 ਮਈ, 2025 – ਨਵੀਂ ਦਿੱਲੀ : India bans Pakistan Army’s YouTube channel ਭਾਰਤ ਨੇ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨੀ ਮੀਡੀਆ ਆਊਟਲੈੱਟਾਂ ’ਤੇ ਨਕੇਲ ਕਸਦਿਆਂ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ISPR ਦੇ ਯੂਟਿਊਬ ਚੈਨਲ ’ਤੇ ਪਾਬੰਦੀ ਲਾ ਦਿੱਤੀ ਹੈ। ਉਧਰ ਗੁਆਂਢੀ ਮੁਲਕ ਨੇ ਵੀ ਜਵਾਬੀ ਕਾਰਵਾਈ ਵਿਚ ਆਪਣੇ ਐੱਫਐੱਮ ਰੇਡੀਓ ਸਟੇੇਸ਼ਨਾਂ ’ਤੇ ਭਾਰਤੀ ਗਾਣਿਆਂ ਦਾ ਪ੍ਰਸਾਰਨ ਬੰਦ ਕਰ ਦਿੱਤਾ ਹੈ।
ਅਧਿਕਾਰਤ ਸੂਤਰਾਂ ਅਨੁਸਾਰ, ਸਰਕਾਰ ਨੇ ਕਥਿਤ ਯੂਟਿਊਬ, ਇੰਸਟਾਗ੍ਰਾਮ ਅਤੇ ਐਕਸ ਵਰਗੇ ਪਲੈਟਫਾਰਮਾਂ ਨੂੰ ਭਾਰਤ ਵਿੱਚ ਸਾਰੇ ਪਾਕਿਸਤਾਨੀ ਹੈਂਡਲਾਂ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। ਯੂਟਿਊਬ ’ਤੇ ISPR ਚੈਨਲ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਜ਼ਿਟਰਾਂ ਦਾ ਸਵਾਗਤ ਹੁਣ ਇੱਕ ਸੰਦੇਸ਼ ਨਾਲ ਕੀਤਾ ਜਾਂਦਾ ਹੈ ਜਿਸ ਵਿੱਚ ਕਿਹਾ ਗਿਆ ਹੈ: ‘ਇਹ ਸਮੱਗਰੀ ਇਸ ਸਮੇਂ ਇਸ ਦੇਸ਼ ਵਿੱਚ ਉਪਲਬਧ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਇੱਕ ਆਦੇਸ਼ ਹੈ।’’
ISPR ਤੋਂ ਇਲਾਵਾ, ਯੂਟਿਊਬ ’ਤੇ ਕਈ ਹੋਰ ਪ੍ਰਸਿੱਧ ਪਾਕਿਸਤਾਨੀ ਡਰਾਮਾ ਚੈਨਲ ਜਿਨ੍ਹਾਂ ਵਿੱਚ ARY, ਹਰ ਪਲ ਜੀਓ ਅਤੇ ‘ਹਮ’ ਟੀਵੀ ਸ਼ਾਮਲ ਹਨ, ਨੂੰ ਵੀ ਭਾਰਤ ਸਰਕਾਰ ਨੇ ਬਲਾਕ ਕਰ ਦਿੱਤਾ ਹੈ। ਕਈ ਪਾਕਿਸਤਾਨੀ ਮਸ਼ਹੂਰ ਹਸਤੀਆਂ ਦੇ ਇੰਸਟਾਗ੍ਰਾਮ ਹੈਂਡਲ ਜਿਨ੍ਹਾਂ ਵਿੱਚ ਹਾਨੀਆ ਆਮਿਰ, ਮਾਹਿਰਾ ਖਾਨ, ਅਲੀ ਜ਼ਫਰ, ਸਨਮ ਸਈਦ, ਬਿਲਾਲ ਅੱਬਾਸ, ਇਕਰਾ ਅਜ਼ੀਜ਼, ਇਮਰਾਨ ਅੱਬਾਸ ਅਤੇ ਸਾਜਲ ਅਲੀ ਸ਼ਾਮਲ ਹਨ, ਨੂੰ ਭਾਰਤ ਵਿੱਚ ਇਸੇ ਪਾਬੰਦੀ ਦਾ ਸਾਹਮਣਾ ਕਰ ਪੈ ਰਿਹਾ ਹੈ।
ਇਸ ਤੋਂ ਪਹਿਲਾਂ, ਡਾਅਨ ਨਿਊਜ਼, ਸਮਾਂ ਟੀਵੀ, ਏਆਰਵਾਈ ਨਿਊਜ਼ ਅਤੇ ਜੀਓ ਨਿਊਜ਼ ਸਮੇਤ 16 ਪਾਕਿਸਤਾਨੀ ਯੂਟਿਊਬ ਚੈਨਲਾਂ ’ਤੇ ਭਾਰਤ ਵਿਰੁੱਧ ਗਲਤ ਜਾਣਕਾਰੀ ਫੈਲਾਉਣ ਲਈ ਪਾਬੰਦੀ ਲਗਾਈ ਗਈ ਸੀ। ਅਧਿਕਾਰੀਆਂ ਮੁਤਾਬਕ ਭਾਰਤ, ਫੌਜ ਅਤੇ ਸੁਰੱਖਿਆ ਏਜੰਸੀਆਂ ਬਾਰੇ ਭੜਕਾਊ ਅਤੇ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ ਫੈਲਾਉਣ, ਝੂਠੇ ਅਤੇ ਗੁੰਮਰਾਹਕੁਨ ਬਿਰਤਾਂਤ ਸਿਰਜਣ ਲਈ ਪਾਕਿਸਤਾਨ ਦੇ ਯੂਟਿਊਬ ਚੈਨਲਾਂ ’ਤੇ ਪਾਬੰਦੀ ਲਗਾਈ ਗਈ ਸੀ।
ਇਸ ਦੌਰਾਨ ਗੁਆਂਢੀ ਮੁਲਕ ਦੀ ਜਵਾਬੀ ਕਾਰਵਾਈ ਵਜੋਂ ਪਾਕਿਸਤਾਨ ਬ੍ਰੌਡਕਾਸਟਰਜ਼ ਐਸੋਸੀਏਸ਼ਨ (ਪੀਬੀਏ) ਨੇ ਪਾਕਿਸਤਾਨ ਐਫਐਮ ਰੇਡੀਓ ਸਟੇਸ਼ਨਾਂ ’ਤੇ ਭਾਰਤੀ ਗਾਣਿਆਂ ਦਾ ਪ੍ਰਸਾਰਨ ਬੰਦ ਕਰ ਦਿੱਤਾ ਹੈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਤਾਉੱਲਾ ਤਰਾਰ ਨੇ ਪੀਬੀਏ ਨੂੰ ਲਿਖੇ ਇੱਕ ਪੱਤਰ ਵਿੱਚ ਇਸ ਪੇਸ਼ਕਦਮੀ ਨੂੰ ‘ਦੇਸ਼ ਭਗਤੀ ਦਾ ਇਸ਼ਾਰਾ’ ਕਰਾਰ ਦਿੱਤਾ ਹੈ।
ਪੰਜਾਬੀ ਟ੍ਰਿਬਯੂਨ
test