08 ਜੁਲਾਈ, 2025 – ਜਲੰਧਰ : ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦੇਸ਼ ਭਗਤ ਯਾਦਗਾਰ ਜਲੰਧਰ ਦੇ ਬਾਬਾ ਜੁਆਲਾ ਸਿੰਘ ਠੱਠੀਆਂ ਹਾਲ ਵਿੱਚ ਪਰਮਜੀਤ ਕੌਰ ਹੁਸ਼ਿਆਰਪੁਰ, ਬਲਵਿੰਦਰ ਕੌਰ ਹਾਜੀਪੁਰ, ਸਰਪੰਚ ਮੀਨਾ ਕੌਰ ਤਰਨ ਤਾਰਨ, ਰੇਖਾ ਰਾਣੀ ਨਵਾਂ ਸ਼ਹਿਰ, ਸਤਪਾਲ ਸਹੋਤਾ ਜਲੰਧਰ, ਮਨੀਸ਼ਾ ਦੇਵੀ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਾਝਾ-ਦੋਆਬਾ ਜ਼ੋਨ ਦੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਸਮਾਪਤੀ ਤੋਂ ਪਿੱਛੋਂ ਕੇਂਦਰ ਤੇ ਸੂਬਾ ਸਰਕਾਰ ਦੀ ਮਨਰੇਗਾ ਵਿਰੋਧੀ ਸੋਚ ਖ਼ਿਲਾਫ਼ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ।
ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੇ ਜਮਹੂਰੀ ਕਿਸਾਨ ਸਭਾ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾਰਾਏ ਨੇ ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਵਿਚਾਰ ਰੱਖੇ। ਉਨ੍ਹਾਂ ਤੋਂ ਇਲਾਵਾ ਮੰਗਲ ਸਿੰਘ ਟਾਂਡਾ, ਚਰਨਜੀਤ ਸਿੰਘ ਥੰਮੂਵਾਲ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ, ਹਰਪਾਲ ਸਿੰਘ ਨਵਾਂ ਸ਼ਹਿਰ, ਬਲਬੀਰ ਸਿੰਘ ਬਘੋਰਾ, ਅਨੀਤਾ ਹਾਜੀਪੁਰ, ਵੀਨਾ ਦੇਵੀ ਹਾਜੀਪੁਰ, ਪਰਮਿੰਦਰ ਸਿੰਘ ਪੱਸੀ ਕਰੋੜਾ, ਰਾਮ ਜੀ ਦਾਸ, ਛਿੰਦੋ ਰਾਣੀ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਧਰਮਿੰਦਰ ਸਿੰਘ ਮੁਕੇਰੀਆਂ ਨੇ ਕੀਤਾ। ਇਸ ਮੌਕੇ ਹਾਜ਼ਰੀਨ ਨੇ ਜੋਸ਼ੀਲੇ ਨਾਅਰਿਆਂ ਨੇ ਸੁਝਾਏ ਗਏ ਭਵਿੱਖੀ ਕਾਰਜਾਂ ਨੂੰ ਦੋਵੇਂ ਹੱਥ ਖੜ੍ਹੇ ਕਰ ਕੇ ਪ੍ਰਵਾਨ ਕੀਤਾ।
ਬੁਲਾਰਿਆਂ ਨੇ ਦੋਸ਼ ਲਾਇਆ ਹੈ ਕਿ 20 ਸਾਲ ਬੀਤ ਜਾਣ ਪਿੱਛੋਂ ਵੀ ਹਕੂਮਤਾਂ ਤੇ ਪ੍ਰਸ਼ਾਸਨਿਕ ਮਸ਼ੀਨਰੀ ਮਗਨਰੇਗਾ ਕਾਨੂੰਨ ਨੂੰ ਸਹੀ ਭਾਵਨਾ ਨਾਲ ਲਾਗੂ ਨਹੀਂ ਕਰ ਰਹੇ। ਕਿਸੇ ਵੀ ਰਜਿਸਟਰਡ ਕਿਰਤੀ ਨੂੰ ਸਾਲ ਵਿੱਚ 100 ਦਿਨ ਦਾ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਸਮੇਂ ਸਿਰ ਮਿਹਨਤਾਨਾ ਤੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ। ਸਰਕਾਰਾਂ ਤੇ ਨੌਕਰਸ਼ਾਹ, ਕਾਰਪੋਰੇਟਾਂ ਦੀ ਸਾਜ਼ਿਸ਼ ਅਧੀਨ ਮਨਰੇਗਾ ਨੂੰ ਫੇਲ੍ਹ ਕਰਨ ਲੱਗੇ ਹੋਏ ਹਨ। ਕੇਂਦਰ ਸਰਕਾਰ ਹਰ ਸਾਲਾਨਾ ਬਜਟ ਵਿੱਚ ਮਨਰੇਗਾ ਫੰਡਾਂ ’ਚ ਕਟੌਤੀ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਕਾਮਿਆਂ ਨੂੰ ਧਰਮ, ਜਾਤ, ਰੰਗ, ਬੋਲੀ, ਲਿੰਗਕ ਆਧਾਰ ‘ਤੇ ਵੰਡਣ ਵਾਲੀਆਂ ਤਾਕਤਾਂ ਤੋਂ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਮਨਰੇਗਾ ਦੀ ਰਾਖੀ ਲਈ ਮਜ਼ਬੂਤ ਸੰਗਠਨ ਖੜ੍ਹਾ ਕਰਨ ਦਾ ਸੱਦਾ ਦਿਤਾ।
ਇਸ ਮੌਕੇ ਸਰਵਸੰਮਤੀ ਨਾਲ ਪ੍ਰਵਾਨ ਕੀਤੇ ਮਤੇ ਰਾਹੀਂ ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਵੱਲੋਂ 9 ਜੁਲਾਈ ਦੀ ਕੌਮੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਗਿਆ ਹੈ।
ਹਰ ਪਿੰਡ ’ਚ ਯੂਨੀਅਨ ਦੀ ਇਕਾਈ ਕਾਇਮ ਕਰ ਕੇ ਇਲਾਕਾ, ਤਹਿਸੀਲ, ਜਿਲ੍ਹਾ ਪੱਧਰ ਦੀਆਂ ਚੋਣਾਂ ਕਰਵਾਉਣ ਪਿੱਛੋਂ ਮੈਂਬਰਸ਼ਿਪ ਦੇ ਆਧਾਰ ’ਤੇ ਸੂਬਾਈ ਅਜਲਾਸ ਸੱਦਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਪੰਜਾਬੀ ਟ੍ਰਿਬਯੂਨ