14 ਅਪਰੈਲ, 2025 – ਧਰਮਕੋਟ : ਪੰਜਾਬ ਦੇ ਸਿਹਤ ਵਿਭਾਗ ਦੇ ਨੱਕ ਹੇਠ ਮਨੁੱਖੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜ ਦਾ ਇਕ ਮਾਮਲਾ ਚਰਚਾ ’ਚ ਹੈ। ਦਿਹਾਤੀ ਖੇਤਰਾਂ ਦੇ ਜ਼ਿਆਦਾਤਰ ਮੈਡੀਕਲ ਸਟੋਰ ਕਲੀਨਿਕਾਂ ’ਚ ਤਬਦੀਲ ਹੋ ਗਏ ਹਨ। ਜਿੱਥੇ ਸ਼ਰੇਆਮ ਮਰੀਜ਼ਾਂ ਦੀ ਹਰੇਕ ਬਿਮਾਰੀ ਦਾ ਇਲਾਜ ਸਟੋਰਾਂ ਦੇ ਸੰਚਾਲਕਾਂ ਵੱਲੋਂ ਕੀਤਾ ਜਾਂਦਾ ਹੈ। ਇਸ ਇਲਾਜ ਪ੍ਰਣਾਲੀ ਨੂੰ ਲੈ ਕੇ ਵਿਭਾਗ ਦੀ ਕਾਰਜਸ਼ੈਲੀ ਉੱਤੇ ਸੁਆਲ ਉਠਣ ਲੱਗੇ ਹਨ। ਸਿਹਤ ਵਿਭਾਗ ਨੂੰ ਇਸਦਾ ਇਲਮ ਨਾ ਹੋਣਾ ਹਜ਼ਮ ਨਹੀਂ ਹੋ ਰਿਹਾ ਹੈ। ਜਦੋਂ ਕਿ ਡਰੱਗ ਇੰਸਪੈਕਟਰ ਵਲੋਂ ਸਮੇਂ ਸਮੇਂ ਉੱਤੇ ਮੈਡੀਕਲ ਸਟੋਰਾਂ ਦੀ ਅਕਸਰ ਜਾਂਚ ਕੀਤੀ ਜਾਂਦੀ ਹੈ।
ਲੰਘੇ ਕੁਝ ਸਾਲਾਂ ਤੋਂ ਦਵਾਈਆ ਦੀਆਂ ਦੁਕਾਨਾਂ ’ਤੇ ਇਹ ਗੈਰਕਾਨੂੰਨੀ ਵਰਤਾਰਾ ਤੇਜ਼ੀ ਨਾਲ ਵਧਿਆ ਹੈ। ਹੁਣ ਸਟੋਰਧਾਰਕਾਂ ਨੇ ਛੋਟੇ ਮੋਟੇ ਅਪਰੇਸ਼ਨਾਂ ਨੂੰ ਵੀ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਗੈਰਕਾਨੂੰਨੀ ਕਲੀਨਿਕਾਂ ’ਤੇ ਹਰ ਬਿਮਾਰੀ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਮੋਗਾ ਜ਼ਿਲ੍ਹੇ ਦੀਆਂ ਤਿੰਨ ਤਹਿਸੀਲਾਂ ਅੰਦਰ ਕੁੱਲ 700 ਸਾਰੀਆਂ ਕੈਟਾਗਰੀਆਂ ਦੇ ਮੈਡੀਕਲ ਸਟੋਰ ਹਨ। ਇਕੱਲੇ ਧਰਮਕੋਟ ਖੇਤਰ ਅੰਦਰ ਸਟੋਰਾਂ ਦੀ ਗਿਣਤੀ 136 ਹੈ। ਜਿਨ੍ਹਾਂ ਵਿਚੋ 15 ਲਾਇਸੰਸ ਹੋਲਸੇਲ ਦੀਵਾਈਆ ਵੇਚਣ ਅਤੇ 121 ਰਿਟੇਲਰ ਹਨ।ਕਮਾਊ ਪੁੱਤ ਬਨਣ ਕਾਰਨ ਸਟੋਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜ਼ਿਆਦਾਤਰ ਸਟੋਰ ਵਿਭਾਗੀ ਨਿਯਮ ਅਤੇ ਸ਼ਰਤਾਂ ਵੀ ਪੂਰੀਆਂ ਕਰਦੇ ਦਿਖਾਈ ਦਿੰਦੇ ਨਜ਼ਰੀ ਨਹੀਂ ਆਉਂਦੇ ਹਨ। ਇੰਝ ਪ੍ਰਤੀਤ ਹੁੰਦਾ ਜਿਵੇਂ ਵਿਭਾਗ ਨੇ ਇਨ੍ਹਾਂ ਤੋਂ ਆਬਾਦੀ ਅਤੇ ਡਾਕਟਰਾਂ ਦੀ ਪਰਚੀ ਵਾਲੀ ਸ਼ਰਤ ਹਟਾ ਲਈ ਹੋਵੇ।
ਕੁਝ ਸਟੋਰ ਡੱਬਾ ਬੰਦ ਦੀਵਾਈਆ ਵੇਚਣ ਲਈ ਅਧਿਕਾਰਤ ਹਨ ਅਤੇ ਕੁਝ ਕਿਰਾਏ ਦੇ ਲਾਇਸੈਂਸਾਂ ਨਾਲ ਚਲਾਏ ਜਾ ਰਹੇ ਹਨ। ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਚਲਾਏ ਜਾ ਰਹੇ ਇਨ੍ਹਾਂ ਸਟੋਰਾਂ ਨੂੰ ਕਲੀਨਿਕਾਂ ਵਜੋਂ ਚਲਾਉਣ ਨਾਲ ਅਨੇਕਾਂ ਸਿਹਤ ਸਮੱਸਿਆਵਾਂ ਪੈਦਾ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਦੰਦਾਂ, ਹੱਡੀਆਂ ਦੇ ਵੱਖਰੇ ਅਣ-ਅਧਿਕਾਰਤ ਹਸਪਤਾਲਾਂ ਦੀ ਵੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ।ਇਹ ਲੋਕ ਬਗੈਰ ਇਜਾਜ਼ਤ ਐਕਸਰੇ ਮਸ਼ੀਨਾਂ ਦੀ ਵੀ ਵਰਤੋਂ ਕਰ ਰਹੇ ਹਨ। ਸਿਹਤ ਵਿਭਾਗ ਦੇ ਕੁੰਭਕਰਨੀ ਨੀਂਦ ਸੁੱਤੇ ਹੋਣ ਸਦਕਾ ਇਸ ਕੰਮ ਵਿੱਚ ਲੱਗੇ ਲੋਕਾਂ ਦੇ ਹੌਸਲੇ ਬੁਲੰਦ ਹਨ।
ਜ਼ਿਲ੍ਹੇ ਦੇ ਡਰੱਗ ਇੰਸਪੈਕਟਰ ਰਵੀ ਗੁਪਤਾ ਨੇ ਦੱਸਿਆ ਕਿ ਨਵੇਂ ਮੈਡੀਕਲ ਲਾਇਸੈਂਸ ਲੈਣਾ ਦੀ ਸਾਲ 2021 ਤੋਂ ਮਾਨਯੋਗ ਹਾਈ ਕੋਰਟ ਵੱਲ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਲਿਸੀ ਬਦਲ ਚੁੱਕੀ ਹੈ। ਹੁਣ ਇਕ ਸਟੋਰ ਤੋਂ ਦੂਸਰੇ ਸਟੋਰ ਦੀ ਦੂਰੀ ਦਿਹਾਤੀ 50 ਮੀਟਰ ਅਤੇ ਸ਼ਹਿਰੀ 100 ਮੀਟਰ ਮਿੱਥੀ ਗਈ ਹੈ। ਉਂਝ ਉਨ੍ਹਾਂ ਮੰਨਿਆ ਕਿ ਮੈਡੀਕਲ ਸਟੋਰਾਂ ’ਤੇ ਕੁਝ ਥਾਵਾਂ ਤੇ ਪ੍ਰੈਕਟਿਸ ਕਰਨ ਦੀਆਂ ਖ਼ਬਰਾਂ ਮਿਲੀਆਂ ਸਨ, ਜਿਨ੍ਹਾਂ ਨੂੰ ਸਖ਼ਤੀ ਨਾਲ ਇਸ ਕੰਮ ਤੋਂ ਵਰਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿਹਾਤੀ ਖੇਤਰਾਂ ਵਿੱਚ ਅਣ-ਅਧਿਕਾਰਤ ਡਾਕਟਰੀ ਪੇਸ਼ੇ ਦੀ ਰੋਕਥਾਮ ਲਈ ਵਿਭਾਗ ਕੰਮ ਕਰ ਰਿਹਾ ਹੈ।
ਪੰਜਾਬੀ ਟ੍ਰਿਬਯੂਨ
test