ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਇਹ ਅਦਭੁਤ ਕਹਾਣੀ ਹੈ ਮਹਾਰਾਜਾ ਦਲੀਪ ਸਿੰਘ ਦੀ ਹੈ ਜਿਨ੍ਹਾਂ ਦਾ ਜਨਮ 1838 ਵਿੱਚ ਇੱਕ ਬਹੁਤ ਹੀ ਤਾਕਤਵਰ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਘਰ ਹੋਇਆ। ਦਲੀਪ ਸਿੰਘ ਦੇ ਜਨਮ ਤੋਂ ਅਗਲੇ ਹੀ ਸਾਲ ਉਨ੍ਹਾਂ ਦੇ ਪਿਤਾ ਰਣਜੀਤ ਸਿੰਘ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੰਜਾਬ ਵਿੱਚ ਖਾਨਾਜੰਗੀ ਅਤੇ ਬਦ ਅਮਨੀ ਫੈਲ ਗਈ।ਪੰਜ ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਤਖ਼ਤ ਉੱਤੇ ਬਿਠਾਇਆ ਗਿਆ, ਜਦਕਿ ਅਸਲ ਵਿੱਚ ਸ਼ਾਸਨ ਦੀ ਵਾਗਡੋਰ ਉਨ੍ਹਾਂ ਦੀ ਮਾਂ ਅਤੇ ਮਾਮੇ ਦੇ ਹੱਥ ਵਿੱਚ ਸੀ।ਇਹ ਜੰਗ ਹੋਰ ਭਿਆਨਕ ਹੁੰਦੀ ਗਈ ਅਤੇ ਜਦੋਂ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਜੀ ਜੰਗ ਹੋਈ ਤਾਂ ਇਹ ਆਪਣੇ ਸਿਖਰਾਂ ਉੱਤੇ ਸੀ। ਅੰਗਰੇਜ਼ਾਂ ਕੋਲ ਪੰਜਾਬ ਉੱਤੇ ਕਬਜ਼ਾ ਕਰਨ ਦਾ ਪੂਰਾ ਮੰਚ ਤਿਆਰ ਸੀ।
1849 ਵਿੱਚ ਪੰਜਾਬ ਨੂੰ ਬ੍ਰਿਟਿਸ਼ ਭਾਰਤ ਵਿੱਚ ਮਿਲਾ ਲਿਆ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਸੀ। ਉਹ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਸਨ।ਬਾਲ ਮਹਾਰਾਜੇ ਨੂੰ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਵਿਛੋੜ ਦਿੱਤਾ ਗਿਆ। ਉਨ੍ਹਾਂ ਨੂੰ ਲਾਹੌਰ ਤੋਂ ਫਤਿਹਗੜ੍ਹ ਭੇਜ ਦਿੱਤਾ ਗਿਆ ਜੋ ਹੁਣ ਉੱਤਰ ਪ੍ਰਦੇਸ਼ ਵਿੱਚ ਹੈ।ਫਤਿਹਗੜ੍ਹ ਬ੍ਰਿਟਿਸ਼ ਭਾਰਤ ਵਿੱਚ ਬ੍ਰਿਟਿਸ਼ ਅਫ਼ਸਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਤੇ ਬੱਚਿਆਂ ਦੀ ਅਬਾਦੀ ਬਣ ਗਿਆ ਸੀ। ਇਸ ਨੂੰ ਭਾਰਤ ਵਿੱਚ ਇੱਕ ਬ੍ਰਿਟਿਸ਼ ਬਸਤੀ ਕਹਿ ਸਕਦੇ ਹੋ।ਦਲੀਪ ਸਿੰਘ ਦੇ ਹੱਥ ਅੰਜੀਲ ਦੇ ਦਿੱਤੀ ਗਈ ਤੇ ਫੌਜ ਦੇ ਸਾਰਜੈਂਟ ਜੌਹਨ ਸਪੈਂਸਰ ਲੋਗਨ ਅਤੇ ਉਨ੍ਹਾਂ ਦੀ ਪਤਨੀ ਲੇਡੀ ਲੋਗਨ ਦੀ ਦੇਖ-ਰੇਖ ਵਿੱਚ ਰੱਖਿਆ ਗਿਆ।
ਇਤਿਹਾਸਕਾਰ ਪੀਟਰ ਬੈਂਸ ਦੱਸਦੇ ਹਨ, “ਉਨ੍ਹਾਂ ਨੂੰ ਅੰਗਰੇਜ਼ੀ ਜੀਵਨ-ਸ਼ੈਲੀ ਸਿਖਾਈ ਗਈ। ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ, ਧਰਮ ਨੂੰ ਉਨ੍ਹਾਂ ਤੋਂ ਜੁਦਾ ਕਰ ਦਿੱਤਾ ਗਿਆ। ਤੇ ਉਹ ਪੰਜਾਬ ਦੇ ਮਹਾਰਾਜੇ ਤੋਂ ਬ੍ਰਿਟਿਸ਼ ਦੇ ਇੱਕ ਨਿਰਭਰ ਬਣ ਗਏ। ਇੱਥੇ ਜਿਸ ਸਾਂਚੇ ਵਿੱਚ ਬ੍ਰਿਟਿਸ਼ ਚਾਹੁਣ, ਉਨ੍ਹਾਂ ਨੂੰ ਢਾਲਿਆ ਜਾ ਸਕਦਾ ਸੀ।”ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਚਿੱਠੀਆਂ ਉਨ੍ਹਾਂ ਦੀ ਸ਼ਖਸ਼ੀਅਤ ਬਾਰੇ ਬਹੁਤ ਕੁਝ ਦੱਸਦੀਆਂ ਹਨ। ਇੱਕ ਬੱਚਾ ਜੋ ਖੇਡਣ ਲਈ ਖਿਡੌਣੇ ਅਤੇ ਪਤੰਗ ਮੰਗ ਰਿਹਾ ਹੈ। ਇੱਕ ਜਗ੍ਹਾ ਉੱਤੇ ਉਹ ਲਿਖਦੇ ਹਨ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਲੇਖਣੀ ਵਿੱਚ ਮੇਰੀਆਂ ਗ਼ਲਤੀਆਂ ਵੱਲ ਧਿਆਨ ਨਹੀਂ ਦਿਓਗੇ ਜਦਕਿ ਇਹ ਲਿਖਦੇ ਹੋਏ ਉਹ ਲੇਖਣੀ ਦੇ ਸ਼ਬਦ-ਜੋੜ ਗ਼ਲਤ ਕਰ ਜਾਂਦੇ ਹਨ।ਜਸਦੀਪ ਸਿੰਘ ਦਲੀਪ ਸਿੰਘ ਵੱਲੋਂ ਲੋਗਨ ਜੋੜੇ ਨੂੰ ਭੇਜੀ ਹੋਈ ਆਪਣੇ ਵਾਲਾਂ ਦੀ ਲਟ ਦਿਖਾਉਂਦੇ ਹਨ ਅਤੇ ਉਸ ਨਾਲ ਲਿਖਿਆ ਨੋਟ ਪੜ੍ਹਦੇ ਹਨ।
ਨੋਟ ਵਿੱਚ ਦਲੀਪ ਸਿੰਘ ਨੇ ਲਿਖਿਆ ਹੈ, “ਮੇਰੇ ਪਿਆਰੇ ਸ਼੍ਰੀਮਤੀ ਲੋਗਨ, ਜਿਵੇਂ ਕਿ ਮੈਂ ਵਾਅਦਾ ਕੀਤਾ ਹੈ, ਮੈਨੂੰ ਤੁਹਾਨੂੰ ਆਪਣੇ ਵਾਲਾਂ ਦਾ ਕੁਝ ਹਿੱਸਾ ਭੇਜਣ ਦੀ ਖੁਸ਼ੀ ਹੈ। ਮੈਂ ਇੱਕ ਵਾਰ ਵਿੱਚ ਇਸ ਤੋਂ ਜ਼ਿਆਦਾ ਨਹੀਂ ਕੱਟ ਸਕਦਾ ਕਿਉਂਕਿ ਇਸ ਨਾਲ ਮੇਰੀ ਦਿੱਖ ਖ਼ਰਾਬ ਹੋ ਜਾਵੇਗੀ।ਸਕੌਟਲੈਂਡ ਵਿੱਚ ਰਹਿਣ ਦੌਰਾਨ ਹੌਲੀ-ਹੌਲੀ ਬਾਲ ਮਹਾਰਜਾ ਨੇ ਈਸਾਈ ਮਤ ਧਾਰਨ ਕਰ ਲਿਆ। ਇੰਗਲੈਂਡ ਵਿੱਚ ਉਹ ਬਲੈਕ ਪ੍ਰਿੰਸ ਵਜੋਂ ਮਸ਼ਹੂਰ ਸਨ।
ਰਾਣੀ ਵਿਕਟੋਰੀਆ ਦੇ ‘ਚਹੇਤੇ’
ਮਈ 1854 ਵਿੱਚ ਉਨ੍ਹਾਂ ਨੂੰ ਇੰਗਲੈਂਡ ਲਿਆਂਦਾ ਗਿਆ ਅਤੇ ਰਾਣੀ ਵਿਕਟੋਰੀਆ ਨੂੰ ਮਿਲਾਇਆ ਗਿਆ। ਰਾਣੀ, ਦਲੀਪ ਸਿੰਘ ਨੂੰ ਦੇਖਦੇ ਹੀ ਪਸੰਦ ਕਰਨ ਲੱਗੇ।ਬੈਂਸ ਮੁਤਾਬਕ, “ਰਾਣੀ ਉਨ੍ਹਾਂ ਨਾਲ ਆਪਣੇ ਚਹੇਤੇ ਪੁੱਤਰ ਵਾਂਗ ਵਿਹਾਰ ਕਰਦੇ ਅਤੇ ਹਰ ਸ਼ਾਹੀ ਇਕੱਠ ਵਿੱਚ ਉਨ੍ਹਾਂ ਨੂੰ ਬੁਲਾਇਆ ਜਾਂਦਾ। ਇੱਥੋਂ ਤੱਕ ਕਿ ਉਹ ਰਾਜਕੁਮਾਰ ਐਲਬਰਟ ਅਤੇ ਰਾਣੀ ਵਿਕਟੋਰੀਆ ਨਾਲ ਛੁੱਟੀਆਂ ਉੱਤੇ ਵੀ ਜਾਂਦੇ।”“ਉਹ ਇੱਕ ਦਾਅਵਤਾਂ ਵਿੱਚ ਨੁਮਾਇਸ਼ ਦੀ ਆਦਰਸ਼ ਵਸਤੂ ਬਣ ਗਏ ਸਨ ਜਿਸ ਨੂੰ ਹਰ ਲਾਰਡ ਤੇ ਲੇਡੀ ਆਪਣੇ ਸਮਾਗਮ ਵਿੱਚ ਬੁਲਾਉਣਾ ਚਾਹੁੰਦੇ ਸੀ।”
ਇਸ ਤਰ੍ਹਾਂ ਇੱਕ ਦਹਾਕੇ ਤੱਕ ਮਹਾਰਾਜਾ ਆਪਣੇ ਰੁਤਬੇ ਕਾਰਨ ਮਿਲਦੇ ‘ਮਾਣ-ਸਨਮਾਨ’ ਨੂੰ ਮਾਣਦੇ ਰਹੇ। ਉਨ੍ਹਾਂ ਦੀ ਬਹੁਤ ਹੀ ਵਿਲਾਸ ਪੂਰਨ ਜੀਵਨ-ਸ਼ੈਲੀ ਸੀ, ਜਿਸ ਵਿੱਚ ਸ਼ਿਕਾਰ ਖੇਡਣਾ ਅਤੇ ਰਾਜ ਪਰਿਵਾਰ ਦੇ ਮੈਂਬਰਾਂ ਨਾਲ ਸ਼ੂਟਿੰਗ ਅਤੇ ਪੂਰੇ ਯੂਰਪ ਦੀਆਂ ਸੈਰਾਂ ਕਰਨਾ ਸ਼ਾਮਿਲ ਸੀ।ਨਿੱਜੀ ਜੀਵਨ ਵਿੱਚ ਉਹ ਇੱਕ ਬ੍ਰਿਟਿਸ਼ ਸਾਮੰਤ ਬਣ ਚੁੱਕੇ ਸਨ, ਜਦਕਿ ਜਨਤਾ ਵਿੱਚ ਉਹ ਆਪਣੇ-ਆਪ ਨੂੰ ਅਜੇ ਵੀ ਭਾਰਤੀ ਰਾਜਕੁਮਾਰ ਵਜੋਂ ਹੀ ਪੇਸ਼ ਕਰਦੇ ਸਨ। ਆਖਰ 13 ਸਾਲ ਬਾਅਦ ਉਨ੍ਹਾਂ ਨੂੰ ਆਪਣੀ ਬਿਰਧ ਮਾਂ ਮਹਾਰਾਣੀ ਜਿੰਦ ਕੌਰ ਨਾਲ ਮਿਲਾਇਆ ਗਿਆ।
ਮਹਾਰਾਣੀ ਜਿੰਦਾਂ ਨਾਲ ਮੁਲਾਕਾਤ
ਮਾਂ ਅਤੇ ਪੁੱਤਰ ਨੇ ਬੜੇ ਮੁਸ਼ਕਿਲ ਹਾਲਾਤਾਂ ਵਿੱਚ ਜ਼ਿੰਦਗੀ ਗੁਜ਼ਾਰੀ, ਪਰ ਉਨ੍ਹਾਂ ਦਾ ਸਬੰਧ ਅਟੁੱਟ ਰਿਹਾ। ਜਿੰਦ ਕੌਰ ਅਤੇ ਦਲੀਪ ਸਿੰਘ ਦੀ ਮੁਲਾਕਾਤ 1861 ਵਿੱਚ ਹੋਈ ਅਤੇ ਇਸ ਤੋਂ ਬਾਅਦ ਜਿੰਦ ਕੌਰ ਨੇ ਦੋ ਸਾਲ ਆਪਣੇ ਪੁੱਤਰ ਨਾਲ ਬ੍ਰਿਟੇਨ ਵਿੱਚ ਬਤੀਤ ਕੀਤੇ।ਇਸ ਤੋਂ ਪਹਿਲਾਂ ਮਾਂ-ਪੁੱਤਰ ਇੱਕ ਦੂਜੇ ਨੂੰ ਚਿੱਠੀਆਂ ਵੀ ਲਿਖਦੇ ਸਨ। ਇਨ੍ਹਾਂ ਵਿੱਚੋਂ ਦੋ ਚਿੱਠੀਆਂ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਹਨ।ਚਿੱਠੀ ਵਿੱਚ ਦਲੀਪ ਸਿੰਘ ਆਪਣੀ ਮਾਂ ਨੂੰ “ਬੀਬੀ ਜੀ” ਅਤੇ ਜਿੰਦ ਕੌਰ ਉਨ੍ਹਾਂ ਨੂੰ “ਦੁਲਹਾ ਜੀ” ਲਿਖਦੇ ਹਨ।ਜਿੰਦ ਕੌਰ ਨੂੰ ਹੁਣ ਅੰਗਰੇਜ਼ ਭਾਰਤ ਵਿੱਚ ਬ੍ਰਿਟਿਸ਼ ਰਾਜ ਲਈ ਕੋਈ ਖ਼ਤਰਾ ਨਹੀਂ ਸਮਝਦੇ ਸਨ।
ਜਿੰਦ ਕੌਰ ਮਹਾਰਾਜੇ ਦੇ ਨਾਲ ਇੰਗਲੈਂਡ ਵਿੱਚ ਰਹਿਣ ਲੱਗੇ ਅਤੇ ਆਪਣੇ ਪੁੱਤਰ ਨੂੰ ਆਪਣੀ ਗੁਆਚੇ ਸਮਾਰਾਜ ਅਤੇ ਸਿੱਖ ਪਛਾਣ ਬਾਰੇ ਦੱਸਣ ਲੱਗੇ। ਦੋ ਸਾਲ ਬਾਅਦ ਜਿੰਦ ਕੌਰ ਦੀ ਮੌਤ ਹੋ ਗਈ। ਦਲੀਪ ਸਿੰਘ ਨੇ ਬੰਬਾ ਮੂਲਰ ਨਾਲ ਵਿਆਹ ਕਰਵਾ ਲਿਆ ਜਿਨ੍ਹਾਂ ਦਾ ਜਨਮ ਮਿਸਰ ਦੇ ਕਾਇਰੋ ਵਿੱਚ ਹੋਇਆ ਸੀ ਤੇ ਦ੍ਰਿੜ ਈਸਾਈ ਕਦਰਾਂ-ਕੀਮਤਾਂ ਵਾਲੇ ਸਨ।ਦਲੀਪ ਸਿੰਘ ਅਤੇ ਬੰਬਾ ਦੇ ਛੇ ਬੱਚੇ ਹੋਏ ਅਤੇ ਉਹ ਸਫਲੌਕ ਦੇ ਦੂਰ ਦਰਾਢੇ ਇਲਾਕੇ ਵਿੱਚ ਐਲਵਿਡਨ ਹਾਲ ਵਿੱਚ ਜਾ ਕੇ ਰਹਿਣ ਲੱਗੇ।ਉਨ੍ਹਾਂ ਦੀ ਧੀ ਸੋਫ਼ੀਆ ਦਾ ਪਾਲਣ ਪੋਸ਼ਣ ਵੀ ਇੱਥੇ ਹੀ ਹੋਇਆ। ਸੋਫ਼ੀਆ ਨੇ ਬ੍ਰਿਟੇਨ ਵਿੱਚ ਰਹਿੰਦਿਆਂ ਔਰਤਾਂ ਨੂੰ ਵੋਟਿੰਗ ਦਾ ਅਧਿਕਾਰ ਦਵਾਉਣ ਲਈ ਲੜਾਈ ਲੜੀ। ਉਨ੍ਹਾਂ ਨੇ ਬ੍ਰਿਟੇਨ ਵਿੱਚ ਰਹਿੰਦੀਆਂ ਭਾਰਤੀ ਔਰਤਾਂ ਦੀ ਸਿੱਖਿਆ ਲਈ ਵੀ ਅਵਾਜ਼ ਚੁੱਕੀ।
ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ ਸੈਨਿਕਾਂ ਦੀ ਸੇਵਾ ਕੀਤੀ ਅਤੇ ਦੂਜੇ ਯੁੱਧ ਦੌਰਾਨ ਸੁਰੱਖਿਅਤ ਬਚਾਏ ਗਏ ਲੋਕਾਂ ਨੂੰ ਸੰਭਾਲਿਆ।ਉਨ੍ਹਾਂ ਦੀ ਇੱਕ ਬੇਟੀ ਕੈਥਰੀਨ ਵੀ ਐਲਵਿਡਨ ਵਿੱਚ ਹੀ ਵੱਡੀ ਹੋਈ ਸੀ।ਪੀਟਰ ਬੈਂਸ ਮੁਤਾਬਕ ਦਲੀਪ ਸਿੰਘ ਦੀ ਧੀ ਕੈਥਰੀਨਨ ਜਰਮਨੀ ਵਿੱਚ ਰਹਿੰਦੇ ਸਨ। ਕੈਥਰੀਨ ਦੀ ਆਇਆ ਇੱਕ ਜਰਮਨ ਮਹਿਲਾ ਲੀਨਾ ਸ਼ੈਫਰ ਸੀ, ਉਹ ਇੱਕ ਦੂਜੇ ਦੇ ਬਹੁਤ ਨੇੜੇ ਆ ਗਈਆਂ ਸਨ ਅਤੇ ਬਹੁਤ ਚਿਰ ਬਾਅਦ ਪਤਾ ਲੱਗਿਆ ਕਿ ਉਹ ਅਸਲ ਵਿੱਚ ਪ੍ਰੇਮਿਕਾਵਾਂ ਸਨ। ਦੋਵਾਂ ਨੇ ਜਰਮਨੀ ਵਿੱਚ ਆਪਣੀ ਉਮਰ ਦੇ ਅੰਤਲੇ ਸਾਲ ਇਕੱਠੇ ਬਿਤਾਏ ਸਨ।
ਜਰਮਨੀ ਵਿੱਚ ਰਹਿੰਦਿਆਂ ਕੈਥਰੀਨ ਨੇ ਕਈ ਯਹੂਦੀਆਂ ਨੂੰ ਨਾਜ਼ੀ ਅੱਤਿਆਚਾਰਾਂ ਤੋਂ ਬਚਾਇਆ। ਬੈਂਸ ਮੁਤਾਬਕ “ਕੈਥਰੀਨ ਨੇ ਆਪਣੇ ਜੀਵਨ ਵਿੱਚ ਜੋ ਵੀ ਕੀਤਾ, ਉਹ ਆਪਣੇ ਦਿਲੋਂ ਕੀਤਾ ਨਾ ਕਿ ਪ੍ਰਸ਼ੰਸਕ ਇਕੱਠੇ ਕਰਨ ਲਈ ਜਾਂ ਸ਼ੋਭਾ ਹਾਸਲ ਕਰਨ ਲਈ।”ਮਹਾਰਾਜਾ ਦਲੀਪ ਸਿੰਘ ਦੇ ਇੱਕ ਪੁੱਤਰ ਦੀ ਮੌਤ 1865 ਵਿੱਚ ਬਹੁਤ ਛੋਟੀ ਉਮਰ ਵਿੱਚ ਹੀ ਹੋ ਗਈ ਸੀ। ਜਿਸ ਨੂੰ ਉਨ੍ਹਾਂ ਨੇ ਕੇਨਮੋਰ ਚਰਚ ਵਿੱਚ ਦਫ਼ਨਾਇਆ ਸੀ।ਲੇਕਿਨ 1870ਵਿਆਂ ਵਿੱਚ ਮਹਾਰਾਜਾ ਆਰਥਿਤ ਤੰਗੀਆਂ ਵਿੱਚ ਘਿਰ ਗਏ। ਛੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਠਾਠ-ਬਾਠ ਵਾਲੀ ਜ਼ਿੰਦਗੀ ਬ੍ਰਿਟਿਸ਼ ਸਰਕਾਰ ਦੀ ਪੈਨਸ਼ਨ ਨਾਲ ਗੁਜ਼ਾਰਨਾ ਉਨ੍ਹਾਂ ਲਈ ਮੁਸ਼ਕਿਲ ਹੋ ਰਿਹਾ ਸੀ ਅਤੇ ਉਹ ਭਾਰੀ ਕਰਜ਼ੇ ਹੇਠ ਆ ਗਏ ਸਨ।
ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਤੋਂ ਭਾਰਤ ਵਿੱਚ ਆਪਣੀ ਜ਼ਮੀਨ ਅਤੇ ਜਾਇਦਾਦ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਉੱਤੇ ਕਬਜ਼ਾ ਬੇਈਮਾਨੀ ਨਾਲ ਕੀਤਾ ਗਿਆ ਸੀ।ਉਨ੍ਹਾਂ ਨੇ ਸਰਕਾਰ ਨੂੰ ਅਣਗਿਣਤ ਚਿੱਠੀਆਂ ਲਿਖ ਕੇ ਭਾਰਤ ਵਿੱਚ ਆਪਣੀ ਜ਼ਮੀਨ ਬਦਲੇ ਮੁਆਵਜ਼ੇ ਦੀ ਮੰਗ ਕੀਤੀ। ਪਰ ਸਭ ਵਿਅਰਥ ਗਿਆ।ਸੰਨ 1886 ਦੇ ਮਾਰਚ ਮਹੀਨੇ ਦੀ ਅਖੀਰਲੀ ਤਰੀਕ ਨੂੰ ਉਨ੍ਹਾਂ ਨੇ ਆਪਣੇ ਜੀਵਨ ਦਾ ਸਭ ਤੋਂ ਸਾਹਸੀ ਕਦਮ ਚੁੱਕਿਆ। ਉਹ ਆਪਣੇ ਪਰਿਵਾਰ ਸਮੇਤ ਭਾਰਤ ਲਈ ਰਵਾਨਾ ਹੋ ਗਏ। ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਨੂੰ ਦੱਸਿਆ ਕਿ ਉਹ ਮੁੜ ਤੋਂ ਸਿੱਖ ਸਜਣਗੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਾਪਸ ਮੁੜ ਹਾਸਲ ਕਰਨਗੇ।
ਪੈਰਿਸ ਵਿੱਚ ਦੇਹਾਂਤ
ਬ੍ਰਿਟਿਸ਼ ਸਰਕਾਰ ਇਸ ਸੰਭਾਵੀ ਬਗਾਵਤ ਦੇ ਖ਼ਤਰੇ ਨੂੰ ਸਹਿਣ ਨਹੀਂ ਕਰ ਸਕਦੀ ਸੀ। ਜਦੋਂ ਉਨ੍ਹਾਂ ਦਾ ਜਹਾਜ਼ ਭਾਰਤ ਨੂੰ ਜਾਣ ਦੇ ਰਾਹ ਵਿੱਚ ਅਦਨ ਪਹੁੰਚਿਆ ਤਾਂ ਮਹਾਰਾਜਾ ਦਲੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਦਾ ਪਰਿਵਾਰ ਬ੍ਰਿਟੇਨ ਵਾਪਸ ਆ ਗਿਆ।
ਦਲੀਪ ਸਿੰਘ ਸਿੱਖ ਵੀ ਸਜ ਗਏ। ਲੇਕਿਨ ਆਖਰ ਬ੍ਰਿਟਿਸ਼ ਜਸੂਸਾਂ ਦੀ ਨਿਗਰਾਨੀ ਅਤੇ ਕਈ ਸਾਲ ਭਟਕਣ ਤੋਂ ਬਾਅਦ ਪੈਰਿਸ ਵਿੱਚ ਅਕਤੂਬਰ 1893 ਨੂੰ ਬੇਹੱਦ ਮੁਫਲਿਸੀ ਵਿੱਚ 55 ਸਾਲ ਦੀ ਉਮਰ ਵਿੱਚ ਪੰਜਾਬ ਦੇ ਇਸ ਆਖਰੀ ਮਹਾਰਾਜੇ ਦਾ ਦੇਹਾਂਤ ਹੋ ਗਿਆ।
ਪੱਤਰਕਾਰ ਕ੍ਰਿਸਟੀ ਕੈਂਪਬੈਲ ਦੱਸਦੇ ਹਨ, “ਚੌਵੀ ਘੰਟਿਆਂ ਦੇ ਸਮੇਂ ਵਿੱਚ ਹੀ ਬ੍ਰਿਟਿਸ਼ ਵਿਦੇਸ਼ ਮੰਤਰੀ ਨੂੰ ਮਹਾਰਾਜਾ ਦਲੀਪ ਸਿੰਘ ਦੀ ਦੇਹ ਨੂੰ ਤਬੂਤ ਵਿੱਚ ਬੰਦ ਅਤੇ ਸੀਲ ਬੰਦ ਕਰਕੇ ਵਾਪਸ ਬ੍ਰਿਟੇਨ ਅਤੇ ਐਲਵਿਡਨ ਭੇਜਣ ਦੀ ਹਦਾਇਤ ਦਿੱਤੀ ਗਈ। ਇਸ ਨੂੰ ਸੈਂਟ ਐਂਡਰਿਊਜ਼ ਐਂਡ ਸੈਂਟ ਪੈਟਰਿਕ ਦੇ ਚਰਚ ਵਿੱਚ ਈਸਾਈ ਰਸਮਾਂ ਨਾਲ ਦਫ਼ਨਾਇਆ ਗਿਆ। ਸਰਕਾਰੀ ਕਾਰਨਾਂ ਕਰਕੇ ਬ੍ਰਿਟਿਸ਼ ਸਰਕਾਰ ਲਈ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਇੱਕ ਈਸਾਈ ਵਜੋਂ ਦਫ਼ਨਾਇਆ ਜਾਵੇ।”
ਆਭਾਰ : https://www.bbc.com/punjabi/articles/c20pvknq1g7o
test