ਲੋਕਾਂ ਨੂੰ ਝੱਲਣੀ ਪੈ ਰਹੀ ਹੈ ਪ੍ਰੇਸ਼ਾਨੀ
03 ਫਰਵਰੀ, 2026 – ਮਹਿਲਾ ਕਲਾਂ : ਪੰਜਾਬ ਦੀ ‘ਆਪ’ ਸਰਕਾਰ ਸੂਬੇ ਵਿੱਚ ਸੜਕ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੀਆਂ ਟੁੱਟੀਆਂ ਸੜਕਾਂ ਇਸ ਕ੍ਰਾਂਤੀ ਦੇ ਇੰਤਜ਼ਾਰ ਵਿੱਚ ਹਨ। ਲੰਬੇ ਸਮੇਂ ਤੋਂ ਸੜਕਾਂ ਦੇ ਮੰਦੇ ਹਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਸਬਾ ਮਹਿਲ ਕਲਾਂ ਤੋਂ ਪਿੰਡ ਛੀਨੀਵਾਲ ਕਲਾਂ-ਚੰਨਣਵਾਲ ਨੂੰ ਬਰਨਾਲਾ-ਜਗਰਾਓਂ ਮੁੱਖ ਸੜਕ ਨਾਲ ਜੋੜਨ ਵਾਲੀ ਸੜਕ ਡੂੰਘੇ ਟੋਇਆਂ ਵਿੱਚ ਤਬਦੀਲ ਹੋ ਚੁੱਕੀ ਹੈ। ਦੋਪਹੀਆ ਸਵਾਰਾਂ ਅਤੇ ਸਕੂਲੀ ਬੱਚਿਆਂ ਲਈ ਇੱਥੋਂ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ। ਮਹਿਲ ਕਲਾਂ ਤੋਂ ਮੂੰਮ ਲਿੰਕ ਸੜਕ ਭਾਰੀ ਟਿੱਪਰਾਂ ਦੀ ਆਵਾਜਾਈ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਮਹਿਲ ਕਲਾਂ ਤੋਂ ਪਿੰਡ ਖਿਆਲੀ ਅਤੇ ਕੁਰੜ ਨੂੰ ਜਾਣ ਵਾਲੀ ਲਿੰਕ ਸੜਕ ਵੀ ਥਾਂ-ਥਾਂ ਤੋਂ ਟੁੱਟੀ ਹੋਣ ਕਰਕੇ ਲੋਕਾਂ ਲਈ ਸਿਰਦਰਦ ਬਣੀ ਹੋਈ ਹੈ। ਲੋਕਾਂ ਮੁਤਾਬਕ ਇਸ ਸੜਕ ਨੂੰ 18 ਫੁੱਟ ਚੌੜਾ ਬਣਾਉਣ ਲਈ ਨੀਂਹ ਪੱਥਰ ਤਾਂ ਰੱਖਿਆ ਗਿਆ ਸੀ, ਪਰ ਕੰਮ ਅੱਧ ਵਿਚਕਾਰ ਹੀ ਲਟਕ ਗਿਆ।
ਇਸ ਤੋਂ ਇਲਾਵਾ ਪਿੰਡ ਸੱਦੋਵਾਲ ਤੋਂ ਚੱਕ ਦੇ ਪੁੱਲ ਰਾਹੀਂ ਪਿੰਡ ਗਾਗੇਵਾਲ ਨੂੰ ਜਾਣ ਵਾਲੀ ਲਿੰਕ ਸੜਕ ਪੂਰੀ ਤਰ੍ਹਾਂ ਖਸਤਾ ਹੋਣ ਕਾਰਨ ਲੋਕਾਂ ਨੂੰ ਵੱਡੇ ਚੱਕਰ ਕੱਟ ਕੇ ਮਹਿਲ ਕਲਾਂ ਜਾਂ ਬਰਨਾਲਾ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਪਿੰਡ ਹਮੀਦੀ ਤੋਂ ਕਰਮਗੜ੍ਹ ਲਿੰਕ ਸੜਕ ਦੀ ਹਾਲਤ ਵੀ ਬਹੁਤ ਹੀ ਤਰਸਯੋਗ ਹੈ। ਬਰਸਾਤੀ ਮੌਸਮ ਦੌਰਾਨ ਸੜਕ ਨੂੰ ਕਈ ਥਾਵਾਂ ਤੋਂ ਵੱਢ ਕੇ ਪਾਣੀ ਲੰਘਾਉਣ ਕਾਰਨ ਸੜਕ ਦਾ ਢਾਂਚਾ ਖ਼ਰਾਬ ਹੋ ਚੁੱਕਾ ਹੈ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਇਹ ਸੜਕਾਂ ਅਜਿਹੀ ਹੀ ਹਾਲਤ ਵਿੱਚ ਹਨ ਅਤੇ ਬਾਰ-ਬਾਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ ਵੀ ਸਰਕਾਰ ਦੀ ਨੀਂਦ ਨਹੀਂ ਖੁੱਲੀ। ਇਸੇ ਤਰ੍ਹਾਂ ਮਨਾਲ ਤੋਂ ਹਮੀਦੀ ਤੱਕ ਆਉਂਦੀ ਸੜਕ ਅਨੇਕਾਂ ਥਾਵਾਂ ਤੋਂ ਟੁੱਟ ਚੁੱਕੀ ਹੈ। ਹਲਕੇ ਦੇ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਕਿਹਾ ਕਿ ਸਰਕਾਰ ਦੀ ਕ੍ਰਾਂਤੀ ਮੁਹਿੰਮ ਸਿਰਫ਼ ਕਾਗਜ਼ਾਂ ਤੱਕ ਸੀਮਤ ਹੈ, ਜ਼ਮੀਨੀ ਪੱਧਰ ’ਤੇ ਸਰਕਾਰ ਹਰ ਮਾਮਲੇ ‘ਤੇ ਫੇਲ੍ਹ ਹੈ। ਪੀਡਬਲਿਊਡੀ ਵਿਭਾਗ ਦੇ ਜੇਈ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਬਹੁਤੀਆਂ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ।
ਪੰਜਾਬੀ ਟ੍ਰਿਬਯੂਨ