06 ਮਾਰਚ, 2025 – ਮਹਿਲ ਕਲਾਂ : ਬਿਹਤਰ ਸਿਹਤ ਸਹੂਲਤਾਂ ਦੇ ਦਾਅਵੇ ਕਰ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਿਹਤ ਕੇਂਦਰ ਡਾਕਟਰਾਂ ਲਈ ਤਰਸ ਰਹੇ ਹਨ। ਮਹਿਲ ਕਲਾਂ ਦੇ ਕਮਿਊਨਟੀ ਹੈਲਥ ਸੈਂਟਰ ਦੇ ਹਾਲਾਤ ਵੀ ਕੁਝ ਅਜਿਹੇ ਹੀ ਹਨ। ਜਿੱਥੇ ਮੁੱਖ ਬੀਮਾਰੀਆਂ ਦਾ ਇੱਕ ਵੀ ਡਾਕਟਰ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਪਾਰਟੀ ਨੇ ਸੱਤਾਧਾਰ ਧਿਰ ਨੂੰ ਘੇਰਿਆ ਹੈ। ਅੱਜ ਸੀਐੱਚਸੀ ਮਹਿਲ ਕਲਾਂ ਵਿੱਚ ਕਾਂਗਰਸ ਦੇ ਐੱਸਸੀ ਵਿੰਗ ਦੇ ਸੂਬਾ ਕੋਆਡੀਨੇਟਰ ਐਡਵੋਕੇਟਰ ਜਸਵੀਰ ਸਿੰਘ ਖੇੜੀ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਸਰਕਾਰ ਦੇ ‘ਸਿਹਤ ਮਾਡਲ’ ’ਤੇ ਸਵਾਲ ਉਠਾਏ ਹਨ ਅਤੇ ਸਿਹਤ ਕੇਂਦਰ ਵਿੱਚ ਡਾਕਟਰਾਂ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਐਡਵੋਕੇਟ ਖੇੜੀ ਨੇ ਕਿਹਾ ਕਿ ਮਹਿਲ ਕਲਾਂ ਦੇ ਸਿਹਤ ਕੇਂਦਰ ਵਿੱਚ ਕੇਵਲ ਐੱਸਐੱਮਓ ਦੀ ਅਸਾਮੀ ਹੀ ਭਰੀ ਹੈ ਜਦਕਿ ਮੈਡੀਸਨ, ਗਾਇਨੀ, ਹੱਡੀਆਂ, ਅੱਖਾਂ, ਰੇਡੀਓਲੋਜਿਸਟ ਸਮੇਤ ਕੁੱਲ 16 ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਦਰਜਾ ਚਾਰ ਮੁਲਾਜ਼ਮਾਂ ਦੀਆਂ 23 ਵਿੱਚੋਂ ਕੇਵਲ 7 ਅਸਾਮੀਆਂ ਭਰੀਆਂ ਹਨ ਜਦਕਿ 16 ਦਰਜਾ ਚਾਰ ਮੁਲਾਜ਼ਮਾਂ ਦੀ ਘਾਟ ਹੈ।
ਉਨ੍ਹਾਂ ਕਿਹਾ ਕਿ ਮਹਿਲ ਕਲਾਂ ਦੇ ਸੀਐੱਚਸੀ ਹਸਪਤਾਲ ਦੀ ਇਮਾਰਤ ਵੀ ਕਾਂਗਰਸ ਰਾਜ ਵੇਲੇ ਬਣਾਈ ਗਈ ਸੀ ਜਦਕਿ ਆਪ ਸਰਕਾਰ ਇੱਥੇ ਤਿੰਨ ਵਰ੍ਹਿਆਂ ਦੌਰਾਨ ਲੋੜੀਂਦਾ ਸਟਾਫ਼ ਵੀ ਮੁਹੱਈਆ ਨਹੀਂ ਕਰਵਾ ਸਕੀ। ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਸੇਵਾਵਾਂ ਵੀ ਠੱਪ ਹਨ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ, ਪ੍ਰਧਾਨ ਰੌਸ਼ਨ ਲਾਲ, ਪ੍ਰਧਾਨ ਬੱਗਾ ਸਿੰਘ, ਬਲਵੰਤ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ ਠੁੱਲੀਵਾਲ, ਰੇਸ਼ਮ ਸਿੰਘ ਦਾਰਾ ਠੀਕਰੀਵਾਲ, ਭਗਵੰਤ ਸਿੰਘ ਠੀਕਰੀਵਾਲ, ਭਗਵਾਨ ਸਿੰਘ , ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਸਰਕਾਰ ਤੋਂ ਸਟਾਫ਼ ਪੂਰਾ ਕਰਨ ਦੀ ਮੰਗ ਕੀਤੀ।
ਸਰਕਾਰ ਨੂੰ ਲਿਖਤੀ ਭੇਜ ਚੁੱਕੇ ਹਾਂ: ਸਿਵਲ ਸਰਜਨ
ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਘਾਟ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ। ਫਿਰ ਵੀ ਹੋਰ ਹਸਪਤਾਲਾਂ ਤੋਂ ਡਾਕਟਰਾਂ ਨੂੰ ਇੱਥੇ ਆਰਜ਼ੀ ਤੌਰ ’ਤੇ ਭੇਜ ਰਹੇ ਹਾਂ ਤਾਂ ਕਿ ਲੋਕਾਂ ਨੂੰ ਸਿਹਤ ਸਹੂਲਤ ਮਿਲ ਸਕੇ।
ਪੰਜਾਬੀ ਟ੍ਰਿਬਯੂਨ
test