ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ ਝਗਡ਼ਾ; ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੁੱਖ ਪ੍ਰਗਟਾਇਆ
06 ਜਨਵਰੀ, 2026 – ਜਗਰਾਓਂ : ਥਾਣਾ ਹਠੂਰ ਅਧੀਨ ਪੈਂਦੇ ਪਿੰਡ ਮਾਣੂੰਕੇ ਵਿੱਚ ਅੱਜ ਬਾਅਦ ਦੁਪਹਿਰ ਕੁੱਝ ਹਮਲਾਵਰਾਂ ਨੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਉਰਫ ਗਗਨਾ (36) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਪਿੰਡ ਦੀ ਦਾਣਾ ਮੰਡੀ ਵਿੱਚ ਵਾਪਰੀ, ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਨੌਜਵਾਨਾਂ ਨੇ ਗਗਨਦੀਪ ਦੇ ਦੋਸਤ ਦੀ ਕੁੱਟਮਾਰ ਕੀਤੀ ਸੀ। ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ, ਜਿਸ ਨੇ ਹਿੰਸਕ ਰੂਪ ਧਾਰ ਲਿਆ। ਪਿੰਡ ਦੇ ਲੋਕਾਂ ਅਨੁਸਾਰ ਹਾਂਡਾ ਸਿਟੀ ਕਾਰ ਵਿੱਚ ਆਏ ਹਮਲਾਵਰਾਂ ਨੇ ਮੰਡੀ ਵਿੱਚ ਆਪਣੇ ਸਾਥੀਆਂ ਨਾਲ ਖੜ੍ਹੇ ਗਗਨਦੀਪ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਗਗਨਦੀਪ ਗੰਭੀਰ ਜ਼ਖਮੀ ਹੋ ਗਿਆ ਅਤੇ ਹਮਲਾਵਰ ਮੌਕੇ ਤੋਂ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਇਹ ਵੀ ਚਰਚਾ ਹੈ ਕਿ ਗੋਲੀਆਂ ਚਲਾਉਣ ਵਾਲਾ ਨੌਜਵਾਨ ਗਗਨਦੀਪ ਦਾ ਦੋਸਤ ਹੀ ਸੀ, ਹਾਲਾਂਕਿ ਪੁਲੀਸ ਇਸ ਪਹਿਲੂ ਦੀ ਜਾਂਚ ਕਰ ਰਹੀ ਹੈ।
ਜ਼ਖ਼ਮੀ ਹਾਲਤ ਵਿੱਚ ਗਗਨਦੀਪ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਸਿਵਲ ਹਸਪਤਾਲ ਪਹੁੰਚੇ। ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਅਤੇ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ। ਵਿਧਾਇਕਾ ਨੇ ਮੌਕੇ ’ਤੇ ਹੀ ਐੱਸ ਐੱਸ ਪੀ ਡਾ. ਅੰਕੁਰ ਗੁਪਤਾ ਨਾਲ ਫੋਨ ’ਤੇ ਗੱਲਬਾਤ ਕਰਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਜਗਰਾਉਂ ਇਲਾਕੇ ਵਿੱਚ ਕਬੱਡੀ ਖਿਡਾਰੀ ਦੀ ਹੱਤਿਆ ਦੀ ਇਹ ਪਹਿਲੀ ਵਾਰਦਾਤ ਨਹੀਂ ਹੈ। ਇਸ ਤੋਂ ਪਹਿਲਾਂ 31 ਅਕਤੂਬਰ 2025 ਨੂੰ ਪੁਲੀਸ ਲਾਈਨ ਦੇ ਸਾਹਮਣੇ ਤੇਜਪਾਲ ਸਿੰਘ ਦੀ ਵੀ ਹੱਤਿਆ ਕੀਤੀ ਗਈ ਸੀ।
ਇੱਕ ਹਮਲਾਵਰ ਗ੍ਰਿਫ਼ਤਾਰ
ਥਾਣਾ ਹਠੂਰ ਪੁਲੀਸ ਨੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਉਰਫ਼ ਗਗਨਾ ਦੀ ਹੱਤਿਆ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਦੀ ਪਛਾਣ ਕਰਦਿਆਂ ਉਨ੍ਹਾਂ ਸਮੇਤ ਕੁਝ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਇੱਕ ਮੁਲਜ਼ਮ ਗ੍ਰਿਫ਼ਤਾਰ ਵੀ ਕਰ ਲਿਆ ਹੈ। ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ’ਚ ਗੁਰਸੇਵਕ ਸਿੰਘ ਉਰਫ਼ ਮੋਟੂ, ਜਸਪਾਲ ਸਿੰਘ ਅਤੇ ਪੱਪਾ ਸ਼ਾਮਲ ਹਨ। ਲੁਧਿਆਣਾ ਰੇਂਜ ਦੇ ਡੀ ਆਈ ਜੀ ਸਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਅਤੇ ਤਕਨੀਕੀ ਪੱਖਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।
ਪੰਜਾਬੀ ਟ੍ਰਿਬਯੂਨ