ਕਈ ਥਾਵਾਂ ’ਤੇ ਹਵਾ ਨੇ ਕਣਕ ਵਿਛਾਈ; ਸਰ੍ਹੋਂ ਦੀ ਵਾਢੀ ਦਾ ਕੰਮ ਰੁਕਣ ਦਾ ਖ਼ਦਸ਼ਾ
19 ਮਾਰਚ, 2026 – ਮਾਨਸਾ : ਮਾਲਵਾ ਪੱਟੀ ਵਿਚ ਹਲਕੀ-ਫੁਲਕੀ ਕਿਣਮਿਣ ਕਣੀ ਨਾਲ ਚੱਲਣ ਲੱਗੀ ਤੇਜ਼ ਹਵਾ ਨੇ ਕਿਸਾਨਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਵੱਲੋਂ ਰਾਜ ਵਿਚ ਲਗਾਤਾਰ ਅਜਿਹਾ ਮੌਸਮ ਰਹਿਣ ਦੀ ਦਿੱਤੀ ਚਿਤਾਵਨੀ ਨੇ ਪਹਿਲਾਂ ਹੀ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ।
ਕੱਲ੍ਹ ਵੱਡੇ ਤੜਕੇ ਤੋਂ ਕਿਤੇ-ਕਿਤੇ ਪਈਆਂ ਹਲਕੀਆਂ ਕਣੀਆਂ ਉਸ ਵੇਲੇ ਕਿਸਾਨੀ ਲਈ ਸਿਰਦਰਦੀ ਬਣਨ ਲੱਗੀਆਂ, ਜਦੋਂ ਕਣੀਆਂ ਦੇ ਨਾਲ ਹੀ ਤੇਜ਼ ਹਵਾ ਸ਼ੁਰੂ ਹੋ ਗਈ। ਇਸ ਹਵਾ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ਵਿਛਣੇ ਸ਼ੁਰੂ ਹੋ ਗਏ। ਜਿਹੜੀਆਂ ਕਣਕਾਂ ਨੂੰ ਤਾਜ਼ਾ ਨਹਿਰੀ ਜਾਂ ਟਿਊਬਵੈਲਾਂ ਦਾ ਪਾਣੀ ਲੱਗਿਆ ਸੀ, ਉਹ ਬਿਲਕੁਲ ਜ਼ਮੀਨ ’ਤੇ ਡਿੱਗ ਗਈਆਂ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੋਜ ਕੇਂਦਰ ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਦੱਸਿਆ ਕਿ ਮਹਿਕਮੇ ਦੇ ਮਾਹਿਰਾਂ ਵੱਲੋਂ ਵੈਸੇ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਸਲਾਹ ਦਿੱਤੀ ਹੋਈ ਹੈ ਕਿ ਉਹ ਕਣਕ ਦੀ ਫ਼ਸਲ ਨੂੰ ਅਗਲੇ ਪੂਰੇ ਹਫ਼ਤੇ ਤੱਕ ਪਾਣੀ ਦੇਣ ਤੋਂ ਬਿਲਕੁਲ ਗੁਰੇਜ਼ ਕਰਨ, ਵੈਸੇ ਜਿਹੜੇ ਕਿਸਾਨਾਂ ਨੇ ਪਾਣੀ ਲਾਉਣ ਦਾ ਉਪਰਾਲਾ ਕੀਤਾ ਹੈ, ਉਥੇ ਕਣਕਾਂ ਧਰਤੀ ’ਤੇ ਡਿੱਗਣ ਦੀ ਸੰਭਾਵਨਾ ਵੱਧ ਗਈ ਹੈ।ਜੇ ਇਸ ਮੀਂਹ ਦੌਰਾਨ ਤੇਜ਼ ਹਵਾ ਅਤੇ ਝੱਖੜ ਨਹੀਂ ਝੁਲਦਾ ਤਾਂ ਕਣਕ ਸਣੇ ਹੋਰ ਹਾੜ੍ਹੀ ਦੀ ਕਿਸੇ ਵੀ ਫਸਲ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ।
ਉਨ੍ਹਾਂ ਮੰਨਿਆ ਕਿ ਇਸ ਮੌਸਮ ਵਿਚਲੀ ਸਿੱਲ ਕਾਰਨ ਸਰ੍ਹੋਂ ਦੀ ਵਾਢੀ ਦਾ ਕੰਮ ਕੁਝ ਸਮੇਂ ਲਈ ਰੁਕ ਸਕਦਾ ਹੈ। ਖੇਤੀ ਮਹਿਕਮੇ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਮੀਂਹ ਨਾਲ ਜਿੱਥੇ ਅਗੇਤੀਆਂ ਕਣਕਾਂ ਡਿੱਗੀਆਂ ਹਨ, ਉਥੇ ਖੜ੍ਹੀਆਂ ਕਣਕਾਂ ਸਣੇ ਹੋਰ ਫਸਲਾਂ ਨੂੰ ਇਸ ਮੀਂਹ ਦਾ ਲਾਭ ਵੀ ਹੋਇਆ ਹੈ, ਇਸ ਨਾਲ ਤੇਲੇ ਸਮੇਤ ਕਈ ਹੋਰ ਬਿਮਾਰੀਆਂ ਦਾ ਖਾਤਮਾ ਹੋ ਚੁੱਕਿਆ ਹੈ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਖੇਤੀ ਮਾਹਿਰਾਂ ਨੂੰ ਅਜਿਹੇ ਮੌਸਮ ਦੀ ਜਦੋਂ ਅਗੇਤੀ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਹ ਕਿਸਾਨਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ।
ਪੰਜਾਬੀ ਟ੍ਰਿਬਯੂਨ