ਮਾਲਵਾ ਖੇਤਰ ਵਿੱਚ ਸੀਤ ਲਹਿਰ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹੁਣ ਠੰਢ ਦਾ ਅਸਰ ਫ਼ਸਲਾਂ ’ਤੇ ਦਿਸਣ ਲੱਗਿਆ ਹੈ ਅਤੇ ਠੰਢ ਕਾਰਨ ਫ਼ਸਲਾਂ ਦੇ ਪੱਤੇ ਪੀਲੇ ਹੋ ਗਏ ਹਨ।
14 ਜਨਵਰੀ, 2026 – ਮਾਨਸਾ : ਮਾਲਵਾ ਖੇਤਰ ਵਿੱਚ ਸੀਤ ਲਹਿਰ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਹੁਣ ਠੰਢ ਦਾ ਅਸਰ ਫ਼ਸਲਾਂ ’ਤੇ ਦਿਸਣ ਲੱਗਿਆ ਹੈ ਅਤੇ ਠੰਢ ਕਾਰਨ ਫ਼ਸਲਾਂ ਦੇ ਪੱਤੇ ਪੀਲੇ ਹੋ ਗਏ ਹਨ। ਇਸ ਤੋਂ ਇਲਾਵਾ ਠੰਢ ਨੇ ਪਸ਼ੂਆਂ ਦੇ ਹਰੇ-ਚਾਰੇ ਦਾ ਵਾਧਾ ਵੀ ਰੋਕ ਦਿੱਤਾ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਲਗਾਤਾਰ 3-4 ਦਿਨ ਸੀਤ ਲਹਿਰ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਮਾਲਵਾ ਖੇਤਰ ਦੇ ਬਠਿੰਡਾ ਇਲਾਕੇ ਵਿੱਚ ਅੱਜ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵਿਭਾਗ ਅਨੁਸਾਰ ਬਠਿੰਡਾ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਰਨਾਲਾ ਵਿੱਚ ਵੀ ਤਾਪਮਾਨ 2.0 ਤੋਂ ਵੀ ਥੱਲੇ ਰਹਿਣ ਦਾ ਅਨੁਮਾਨ ਹੈ।
ਖੇਤੀਬਾੜੀ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਅਗਲੇ ਦੋ ਦਿਨ ਲਈ ਮਾਨਸਾ ਸਮੇਤ ਬਰਨਾਲਾ, ਫਾਜ਼ਿਲਕਾ, ਮੋਗਾ, ਫਿਰੋਜ਼ਪੁਰ ਆਦਿ ਜ਼ਿਲ੍ਹਿਆਂ ਵਿੱਚ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਪਮਾਨ 1.0 ਤੋਂ 3.0 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ ਜਦੋਂ ਕਿ ਹਵਾ ਵਿੱਚ ਨਮੀ ਦੀ ਮਾਤਰਾ 98-84 ਫ਼ੀਸਦ ਅਤੇ ਹਵਾਵਾਂ ਦੀ ਰਫ਼ਤਾਰ 5.5 ਤੋਂ 8.1 ਕਿਲੋਮੀਟਰ ਪ੍ਰਤੀ ਘੰਟਾ ਚੱਲਣ ਦਾ ਅਨੁਮਾਨ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਠੰਢ ਦੇ ਨਾਲ ਕੋਰਾ ਪੈਣ ਕਾਰਨ ਸਰ੍ਹੋ, ਛੋਲੇ ਅਤੇ ਅਗੇਤੀਆਂ ਲਾਈਆਂ ਸਬਜ਼ੀਆਂ ਜਿਵੇਂ ਸ਼ਿਮਲਾ ਮਿਰਚ, ਕੱਦੂ, ਖੀਰਾ ਦੀ ਫ਼ਸਲ ਦਾ ਨੁਕਸਾਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਨੇ ਸਬਜ਼ੀਆਂ ਨੂੰ ਨੀਵੀਂ ਸੁਰੰਗ ਪ੍ਰਣਾਲੀ (ਲੋਅ ਟਨਲ ਵਿਧੀ) ਤਹਿਤ ਪੋਲੀਥਿਨ ਨਾਲ ਢੱਕਣਾ ਸ਼ੁਰੂ ਕਰ ਦਿੱਤਾ ਹੈ ਪਰ ਇਹ ਮਹਿੰਗਾ ਪੈਂਦਾ ਹੈ ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਸਬਸਿਡੀ ਨਹੀਂ ਦਿੱਤੀ ਜਾ ਰਹੀ ਹੈ। ਉਧਰ ਸੀਤ ਲਹਿਰ ਨੇ ਰੋਜ਼ ਕਮਾਕੇ ਖਾਣ ਵਾਲੇ ਲੋਕਾਂ ਦੇ ਕੰਮਕਾਰਾਂ ’ਤੇ ਮਾੜਾ ਅਸਰ ਪਾਇਆ ਹੈ ਅਤੇ ਬਹੁਤੇ ਕੰਮਾਂ ਦੇ ਰੁੱਕਣ ਕਰਕੇ ਦਿਹਾੜੀ ਮਿਲਣੀ ਮੁਸ਼ਕਲ ਹੋ ਗਈ ਹੈ।
ਪੰਜਾਬੀ ਟ੍ਰਿਬਯੂਨ