01 ਸਤੰਬਰ, 2025 – ਚੰਡੀਗੜ੍ਹ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੰਡੋਕੇ ਦੇ ਬਲਦੇਵ ਸਿੰਘ ਦਾ ਪੋਲਟਰੀ ਫਾਰਮ ਮੀਂਹ ਨਾਲ ਡਿੱਗ ਗਿਆ, ਜਿਸ ਵਿੱਚ ਕਰੀਬ ਡੇਢ ਸੌ ਮੁਰਗੀਆਂ ਮਰ ਗਈਆਂ ਜਦੋਂਕਿ ਇਸੇ ਜ਼ਿਲ੍ਹੇ ਦੇ ਪਿੰਡ ਝਬੇਲਵਾਲੀ ’ਚ ਆਜੜੀ ਹਰਬੰਸ ਸਿੰਘ ਦੀਆਂ ਦੋ ਦਰਜਨ ਬੱਕਰੀਆਂ ਛੱਪਰ ਡਿੱਗਣ ਕਾਰਨ ਮਰ ਗਈਆਂ। ਦੋਵਾਂ ਪੀੜਤਾਂ ਨੂੰ ਮੁੱਖ ਮੰਤਰੀ ਵੱਲੋਂ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਣ ਦੇ ਐਲਾਨ ਕਾਰਨ ਥੋੜ੍ਹਾ ਧਰਵਾਸ ਹੈ। ਬਲਦੇਵ ਸਿੰਘ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਅੱਜ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਈ, ਉਸ ਤੋਂ ਜਾਪਦਾ ਹੈ ਕਿ ਮੁਰਗੀਆਂ ਦਾ ਮੁਆਵਜ਼ਾ ਜਲਦੀ ਆ ਜਾਵੇਗਾ। ਉਸ ਨੇ ਦੱਸਿਆ ਕਿ ਅੱਜ ਪ੍ਰਭਾਵਿਤ ਪੋਲਟਰੀ ਫਾਰਮ ਦੇਖਣ ਪਹਿਲਾਂ ਪਟਵਾਰੀ ਆਇਆ, ਫਿਰ ਕਾਨੂੰਨਗੋ। ਉਸ ਮਗਰੋਂ ਤਹਿਸੀਲਦਾਰ ਤੇ ਨਾਲ ਹੀ ਵੈਟਰਨਰੀ ਡਾਕਟਰ ਵੀ ਪਹੁੰਚ ਗਿਆ।
ਸਭਨਾਂ ਨੇ ਮਰੀਆਂ ਮੁਰਗੀਆਂ ਅਤੇ ਡਿੱਗੇ ਪੋਲਟਰੀ ਫਾਰਮ ਦੀਆਂ ਤਸਵੀਰਾਂ ਖਿੱਚੀਆਂ। ਉਹ ਆਖਦਾ ਹੈ ਕਿ ਬਾਕੀ ਤਾਂ ਮੁਆਵਜ਼ੇ ਮਿਲੇ ਤੋਂ ਹੀ ਕੁੱਝ ਕਿਹਾ ਜਾ ਸਕਦਾ ਹੈ। ਆਜੜੀ ਹਰਬੰਸ ਸਿੰਘ ਵੀ ਇਸੇ ਉਮੀਦ ’ਚ ਹੈ। ਉਹ ਆਖਦਾ ਹੈ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਅਗਸਤ 2023 ਨੂੰ ਜਨਤਕ ਇਕੱਠ ’ਚ ਐਲਾਨ ਕੀਤਾ ਸੀ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਨ ਭਰਪਾਈ ਕੀਤੀ ਜਾਵੇਗੀ, ਇੱਥੋਂ ਤੱਕ ਕਿ ਮੁਰਗੀ ਤੇ ਬੱਕਰੀ ਮਰੀ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ।
ਵਿਰੋਧੀ ਧਿਰਾਂ ਦੇ ਆਗੂ ਬੱਕਰੀਆਂ ਤੇ ਮੁਰਗੀਆਂ ਦੇ ਮੁਆਵਜ਼ੇ ’ਤੇ ਸੁਆਲ ਉਠਾਉਂਦੇ ਆ ਰਹੇ ਸਨ। ਪੰਜਾਬ ’ਚ ਹੁਣ ਹੜ੍ਹਾਂ ’ਚ ਇਹ ਪਹਿਲੇ ਕੇਸ ਸਾਹਮਣੇ ਆਏ ਹਨ, ਜਿੱਥੇ ਮੁਰਗੀਆਂ ਤੇ ਬੱਕਰੀਆਂ ਦਾ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਹੜ੍ਹਾਂ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਇੱਕ ਪੋਲਟਰੀ ਫਾਰਮ ’ਚ 12 ਹਜ਼ਾਰ ਮੁਰਗੀਆਂ ਦਾ ਨੁਕਸਾਨ ਹੋ ਗਿਆ, ਜਦੋਂਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਲਦਾਲ ’ਚ ਇੱਕ ਪੋਲਟਰੀ ਫਾਰਮ ’ਚ 5600 ਦੇ ਕਰੀਬ ਚੂਜ਼ੇ ਮਰ ਗਏ। ਪੋਲਟਰੀ ਫਾਰਮ ਮਾਲਕ ਜੁਗਰਾਜ ਸਿੰਘ ਆਖਦਾ ਹੈ ਕਿ ਮੀਂਹ ਕਾਰਨ ਉਸ ਦਾ ਭਾਰੀ ਨੁਕਸਾਨ ਹੋ ਗਿਆ।
ਚੂਜ਼ਿਆਂ ਦਾ ਮੁਆਵਜ਼ਾ ਸਰਕਾਰ ਦੇਵੇਗੀ ਜਾਂ ਨਹੀਂ, ਇਸ ਬਾਰੇ ਹਾਲੇ ਕੁੱਝ ਵੀ ਸਪਸ਼ਟ ਨਹੀਂ ਹੋ ਸਕਿਆ। ਫ਼ਾਜ਼ਿਲਕਾ ’ਚ ਕੁੱਝ ਮੁਰਗੀਆਂ ਰੁੜ੍ਹ ਗਈਆਂ ਜਦੋਂਕਿ ਪਠਾਨਕੋਟ ’ਚ ਤਿੰਨ ਗਾਵਾਂ ਤੇ ਦੋ ਮੱਝਾਂ ਦੇ ਮਰਨ ਤੋਂ ਇਲਾਵਾ ਪੰਜ ਹੋਰ ਪਸ਼ੂ ਵੀ ਪਾਣੀ ’ਚ ਰੁੜ੍ਹ ਗਏ। ‘ਆਪ’ ਸਰਕਾਰ ਦਾ ਦਾਅਵਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਰਫ਼ ਫ਼ਸਲਾਂ ਦੇ ਨੁਕਸਾਨ ਦੀ ਹੀ ਭਰਪਾਈ ਕੀਤੀ ਜਾਂਦੀ ਸੀ ਜਦੋਂਕਿ ਉਨ੍ਹਾਂ ਦੀ ਸਰਕਾਰ ਹਰ ਮਰੀ ਹੋਈ ਮੁਰਗੀ ਤੇ ਬੱਕਰੀ ਦਾ ਮੁਆਵਜ਼ਾ ਦੇਵੇਗੀ। ਜਿਨ੍ਹਾਂ ਮੁਰਗੀ ਪਾਲਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦੀਆਂ ਉਮੀਦਾਂ ਹੁਣ ਸਰਕਾਰ ਤੋਂ ਵਧ ਗਈਆਂ ਹਨ। ਨਿਯਮਾਂ ਅਨੁਸਾਰ ਮੁਰਗੀ ਅਤੇ ਬੱਕਰੀ ਦਾ ਕਿੰਨਾ ਮੁਆਵਜ਼ਾ ਤੈਅ ਹੈ, ਇਸ ਬਾਰੇ ਤਾਂ ਪਤਾ ਨਹੀਂ। ਹਾਲਾਂਕਿ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ 18 ਸਤੰਬਰ 2024 ਨੂੰ ਰਾਹਤ ਪੈਕੇਜ ਦੇਣ ਦਾ ਐਲਾਨ ਕਰਦਿਆਂ ਸੂਬੇ ’ਚ ਆਏ ਹੜ੍ਹਾਂ ਦੌਰਾਨ ਪ੍ਰਤੀ ਮੁਰਗੀ 100 ਰੁਪਏ ਦੇਣ ਦੀ ਗੱਲ ਆਖੀ ਸੀ ਅਤੇ ਪੋਲਟਰੀ ਸ਼ੈੱਡ ਨੁਕਸਾਨੇ ਜਾਣ ਦੀ ਸੂਰਤ ’ਚ ਪੰਜ ਹਜ਼ਾਰ ਰੁਪਏ ਵੱਖਰਾ ਦਿੱਤਾ ਜਾਣਾ ਸੀ।
ਪੰਜਾਬੀ ਟ੍ਰਿਬਯੂਨ