ਫਰਵਰੀ ਦੇ ਤੀਜੇ ਹਫ਼ਤੇ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ; ਕੇਂਦਰੀ ਆਗੂ ਕਰਨਗੇ ਸ਼ਮੂਲੀਅਤ
20 ਜਨਵਰੀ, 2026 – ਚੰਡੀਗੜ੍ਹ : ਪੰਜਾਬ ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਮਿਸ਼ਨ ਪੰਜਾਬ’ ਦਾ ਆਗਾਜ਼ ਫਰਵਰੀ ਦੇ ਤੀਜੇ ਹਫ਼ਤੇ ਕਰ ਸਕਦੀ ਹੈ। ਭਾਜਪਾ ਤਰਫ਼ੋਂ ਫਰਵਰੀ ਮਹੀਨੇ ’ਚ ਇਕੱਲੇ ਤੌਰ ’ਤੇ ਪੰਜਾਬ ’ਚ ਤਾਕਤੀ ਪ੍ਰਦਰਸ਼ਨ ਕੀਤਾ ਜਾਣਾ ਹੈ ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜਣਗੇ। ਸੂਤਰਾਂ ਅਨੁਸਾਰ ਪੰਜਾਬ ਭਾਜਪਾ ਨੇ ਮੋਗਾ ’ਚ ਸਿਆਸੀ ਰੈਲੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਰੈਲੀ 22 ਜਾਂ 24 ਫਰਵਰੀ ਨੂੰ ਹੋਣ ਦੀ ਸੰਭਾਵਨਾ ਹੈ ਜਿਸ ਬਾਰੇ ਆਖ਼ਰੀ ਫ਼ੈਸਲਾ ਆਉਂਦੇ ਦਿਨਾਂ ’ਚ ਹੋਵੇਗਾ।
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਉਸ ਤੋਂ ਪਹਿਲਾਂ ਪੰਜਾਬ ਦਾ ਇੱਕ ਰੋਜ਼ਾ ਦੌਰਾ ਕਰ ਸਕਦੇ ਹਨ। ਪੰਜਾਬ ਭਾਜਪਾ ਦੀ ਲੀਡਰਸ਼ਿਪ ਤਰਫ਼ੋਂ ਮੋਗਾ ਰੈਲੀ ਬਾਰੇ ਦੋ ਸੂਬਾਈ ਮੀਟਿੰਗਾਂ ਵੀ ਚੰਡੀਗੜ੍ਹ ਅਤੇ ਜਲੰਧਰ ’ਚ ਕੀਤੀਆਂ ਜਾ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋਣ ਮਗਰੋਂ ਹੁਣ ਪੰਜਾਬ ਭਾਜਪਾ ਆਪਣੇ ਸਿਆਸੀ ਦਮ ਦੀ ਪਰਖ ਕਰਨਾ ਚਾਹੁੰਦੀ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਦਾ ਅਗਾਮੀ ਚੋਣਾਂ ’ਚ ਕਿਸ ਧਿਰ ਨਾਲ ਗੱਠਜੋੜ ਹੋਵੇਗਾ, ਇਹ ਵੀ ਮੋਗਾ ਰੈਲੀ ਤੋਂ ਸਾਫ਼ ਹੋਵੇਗਾ।
ਪਤਾ ਲੱਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਆਉਂਦੇ ਦਿਨਾਂ ’ਚ ਪੰਜਾਬ ਦੀਆਂ ਬੁਨਿਆਦੀ ਮੰਗਾਂ ਬਾਰੇ ਕੇਂਦਰ ਕੋਲ ਅਪੀਲ ਕਰ ਸਕਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗਾ ਰੈਲੀ ’ਚ ਪੰਜਾਬ ਲਈ ਅਹਿਮ ਐਲਾਨ ਵੀ ਕਰ ਸਕਦੇ ਹਨ, ਇਨ੍ਹਾਂ ’ਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਫ਼ਸਲਾਂ ਦੇ ਸਰਕਾਰੀ ਭਾਅ ਆਦਿ ਸ਼ਾਮਲ ਹਨ। ਪੰਜਾਬ ਭਾਜਪਾ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ’ਚ ਭਾਜਪਾ ਨੂੰ ਮਿਲੇ ਵੋਟ ਸ਼ੇਅਰ ਤੋਂ ਵੀ ਤਸੱਲੀ ’ਚ ਹੈ।
ਉਂਜ, ਪੰਜਾਬ ਭਾਜਪਾ ਦਿਹਾਤੀ ਖੇਤਰੀ ’ਚ ਆਪਣੇ ਪੈਰ ਪਸਾਰਨ ਨੂੰ ਸਫਲਤਾ ਵਜੋਂ ਦੇਖ ਰਹੀ ਹੈ। ਜ਼ਿਲ੍ਹਾ ਪਰਿਸ਼ਦ ਚੋਣਾਂ ’ਚ ਭਾਜਪਾ ਨੂੰ 6.39 ਫ਼ੀਸਦੀ ਅਤੇ ਸਮਿਤੀ ਚੋਣਾਂ ’ਚ 6.41 ਫ਼ੀਸਦੀ ਵੋਟ ਮਿਲੇ ਹਨ। 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਕੋਈ ਸੀਟ ਤਾਂ ਹਾਸਲ ਨਹੀਂ ਹੋਈ ਸੀ ਪਰ ਭਾਜਪਾ ਨੂੰ ਇਸ ਸੰਸਦੀ ਚੋਣ ’ਚ 18.56 ਫ਼ੀਸਦੀ ਵੋਟ ਮਿਲੇ ਸਨ ਜਦੋਂਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਹ 9.7 ਫ਼ੀਸਦੀ ਸਨ। ਮੋਗਾ ਰੈਲੀ ਵਿੱਚ ਪੇਂਡੂ ਲੋਕਾਂ ਦਾ ਇੱਕ ਲੱਖ ਦਾ ਇਕੱਠ ਕਰਨ ਦਾ ਏਜੰਡਾ ਹੈ।
ਸਿਆਸੀ ਹਲਕੇ ਆਖਦੇ ਹਨ ਕਿ ਭਾਜਪਾ ਪੰਜਾਬ ਦੇ ਕੇਂਦਰ ਮੋਗਾ ਵਿੱਚ ਰੈਲੀ ਕਰ ਕੇ ਸ਼੍ਰੋਮਣੀ ਅਕਾਲੀ ਦਲ ’ਤੇ ਆਪਣਾ ਪ੍ਰਭਾਵ ਬਣਾਵੇਗੀ। ਸੂਤਰ ਦੱਸਦੇ ਹਨ ਕਿ ਪੰਜਾਬ ਭਾਜਪਾ ਮੋਗਾ ਰੈਲੀ ਤੋਂ ਹੀ ਆਗਾਮੀ ਚੋਣਾਂ ਦੀ ਤਿਆਰੀ ਸ਼ੁਰੂ ਕਰੇਗੀ।
ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ: ਸੋਢੀ
ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਅਨੁਸਾਰ ਪਾਰਟੀ ਦਾ ਫਰਵਰੀ ਦੇ ਆਖ਼ਰੀ ਹਫ਼ਤੇ ਮੋਗਾ ’ਚ ਰੈਲੀ ਕਰਾਉਣ ਦਾ ਵਿਚਾਰ ਹੈ। ਉਨ੍ਹਾਂ ਕਿਹਾ ਕਿ ਜਲਦੀ ਪਾਰਟੀ ਪ੍ਰਧਾਨ ਇਸ ਰੈਲੀ ਦੀ ਤਰੀਕ ਦੱਸਣਗੇ। ਇਸ ਬਾਰੇ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਇਸ ਰੈਲੀ ’ਚ ਕੇਂਦਰੀ ਲੀਡਰਸ਼ਿਪ ਨੂੰ ਵੀ ਸੱਦਿਆ ਜਾਣਾ ਹੈ।
ਪੰਜਾਬੀਆਂ ਦੇ ਮਨਾਂ ’ਚ ਭਾਜਪਾ ਖ਼ਿਲਾਫ਼ ਰੋਸ
ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲੇ ਅੰਦੋਲਨ ਮਗਰੋਂ ਪੰਜਾਬੀਆਂ ਦੇ ਮਨਾਂ ਵਿੱਚ ਭਾਜਪਾ ਖ਼ਿਲਾਫ਼ ਵੱਡਾ ਰੋਸਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ, ਪੰਜਾਬ ’ਵਰਸਿਟੀ ਦੀ ਸੈਨੇਟ ਦੇ ਪੁਨਰਗਠਨ, ਭਾਰਤੀ ਖ਼ੁਰਾਕ ਨਿਗਮ ਦੇ ਜਨਰਲ ਮੈਨੇਜਰ ਦਾ ਅਹੁਦਾ ਪੰਜਾਬ ਤੋਂ ਖੋਹਣਾ ਆਦਿ ਫ਼ੈਸਲੇ ਲਏ ਹਨ ਜਿਨ੍ਹਾਂ ਨੂੰ ਪੰਜਾਬ ਨੇੜਿਓਂ ਗਹੁ ਨਾਲ ਦੇਖ ਰਿਹਾ ਹੈ।
ਪੰਜਾਬੀ ਟ੍ਰਿਬਯੂਨ