24 ਜੁਲਾਈ, 2025 – ਜਲੰਧਰ : ਇੱਥੇ ਅੱਜ ਪਏ ਤੇਜ਼ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਤੇ ਕਈ ਥਾਵਾਂ ’ਤੇ ਲੋਕਾਂ ਦੇ ਘਰਾਂ ਵਿਚ ਪਾਣੀ ਦਾਖਲ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਘਾਹ ਮੰਡੀ, ਬੂਟਾ ਮੰਡੀ, ਕੋਟ ਮੁਹੱਲਾ, ਗੁਰੂ ਨਾਨਕਪੁਰਾ, ਦੋਮੋਰੀਆ ਪੁਲ, ਇਕਹਿਰੀ ਪੁਲੀ, ਦੋਆਬਾ ਚੌਕ, ਨਕੋਦਰ ਰੋਡ, ਰਾਮਾਂਮੰਡੀ, ਸਬਜ਼ੀ ਮੰਡੀ, ਲੰਬਾ ਪਿੰਡ ਚੌਕ, ਕਿਸ਼ਨਪੁਰਾ ਸਮੇਤ ਹੋਰ ਕਈ ਥਾਵਾਂ ’ਤੇ ਪਾਣੀ ਭਰ ਗਿਆ ਤੇ ਕਾਰਾਂ ਅਤੇ ਦੋਪਹੀਆ ਵਾਹਨ ਫਸ ਗਏ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਲਾਡੋਵਾਲੀ ਰੋਡ ’ਤੇ ਟੋਏ ਪਏ ਹੋਣ ਕਾਰਨ ਇਕ ਟਰੱਕ ਟੋਏ ਵਿਚ ਫਸ ਗਿਆ ਤੇ ਆਵਾਜਾਈ ਵਿਚ ਕਾਫੀ ਵਿਘਨ ਪਿਆ।
ਇਸੇ ਤਰ੍ਹਾਂ ਲੰਬਾ ਪਿੰਡ ਤੋਂ ਜੰਡੂਸਿੰਘਾ ਵਾਲੀ ਸੜਕ ’ਤੇ ਆਟੋ ਬੰਦ ਹੋ ਜਾਣ ਕਾਰਨ ਸਵਾਰੀਆਂ ਨੂੰ ਭਰੇ ਪਾਣੀ ਵਾਲੀ ਸੜਕ ਵਿਚ ਹੀ ਉਤਰਨਾ ਪਿਆ। ਕਈ ਨੀਵੇ ਥਾਵਾਂ ’ਤੇ ਲੋਕਾਂ ਦੇ ਘਰਾਂ ਵਿਚ ਪਾਣੀ ਜਾਣ ਕਾਰਨ ਉਨ੍ਹਾਂ ਨੂੰ ਵੀ ਬੜੀ ਪ੍ਰੇਸ਼ਾਨੀ ਹੋਈ ਤੇ ਉਹ ਬਾਲਟੀਆਂ ਨਾਲ ਪਾਣੀ ਘਰਾਂ ਤੋਂ ਬਾਹਰ ਕੱਢਦੇ ਦੇਖੇ ਗਏ। ਇਸੇ ਤਰ੍ਹਾਂ ਆਦਮਪੁਰ, ਜੰਡੂ ਸਿੰਘਾਂ, ਕਠਾਰ, ਨਕੋਦਰ, ਜਮਸ਼ੇਰ, ਕਾਲਾ ਸੰਘਿਆਂ ਵਿਚ ਵੀ ਤੇਜ਼ ਮੀਂਹ ਕਾਰਨ ਹਰ ਪਾਸੇ ਪਾਣੀ ਭਰ ਗਿਆ। ਇਸ ਮੀਂਹ ਤੋਂ ਕਿਸਾਨ ਕਾਫੀ ਖੁਸ਼ ਨਜ਼ਰ ਆਏ। ਆਦਮਪੁਰ ਵਿਚ ਵੀ ਚੌਂਕ ਘੰਟਾ ਘਰ, ਬੱਸ ਸਟੈਂਡ ਚੌਂਕ, ਰੇਲਵੇ ਰੋਡ ਸਮੇਤ ਹੋਰ ਕਈ ਥਾਵਾਂ ’ਤੇ ਪਾਣੀ ਭਰ ਗਿਆ। ਅੱਜ ਦੇ ਮੀਂਹ ਕਾਰਨ ਤਾਪਮਾਨ ਵਿਚ ਵੀ ਕਾਫੀ ਕਮੀ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਕਈ ਥਾਵਾਂ ’ਤੇ ਦਰਖਤ ਅਤੇ ਬਿਜਲੀ ਦੇ ਖੰਬੇ ਡਿੱਗਣ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ ਤੇ ਵਿਭਾਗ ਦੇ ਮੁਲਾਜ਼ਮ ਇਸ ਨੂੰ ਠੀਕ ਕਰਨ ਵਿਚ ਲੱਗੇ ਹੋਏ ਹਨ।
ਸ਼ਾਹਕੋਟ (ਪੱਤਰ ਪ੍ਰੇਰਕ): ਇੱਥੇ ਅੱਜ ਤੜਕੇ ਤਿੰਨ ਵਜੇ ਤੋਂ ਸ਼ੁਰੂ ਹੋ ਕੇ ਦੁਪਹਿਰ 12 ਵਜੇ ਤੱਕ ਪਏ ਭਾਰੀ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਚੋਖਾ ਵਾਧਾ ਕਰ ਦਿੱਤਾ ਹੈ। ਪੂਰੇ ਜ਼ੋਰ ਨਾਲ ਪਏ ਮੀਂਹ ਨਾਲ ਹਰ ਪਾਸੇ ਪਾਣੀ ਭਰ ਗਿਆ। ਇਸ ਮੌਕੇ ਨੀਵੀਆਂ ਸੜਕਾਂ ਵੀ ਪਾਣੀ ਨਾਲ ਭਰ ਗਈਆਂ ਜਿਸ ਕਾਰਨ ਪੈਦਲ ਚੱਲਣ ਵਾਲਿਆਂ, ਦੋ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਸੜਕਾਂ ਤੋਂ ਲੰਘਦੇ ਸਮੇਂ ਅਨੇਕਾਂ ਮੁਸ਼ਕਿਲਾਂ ਦਾ ਸ਼ਾਹਮਣਾ ਕਰਨਾ ਪਿਆ। ਪਿੰਡਾਂ ਦੇ ਛੱਪੜ ਅਤੇ ਟੋਭੇ ਵੀ ਪਾਣੀ ਨਾਲ ਨੱਕੋ ਨੱਕ ਭਰ ਗਏ। ਮਲਸੀਆਂ ਤੋਂ ਸ਼ਾਹਕੋਟ ਨੂੰ ਜਾਂਦੀ ਸੜਕ ’ਤੇ ਗੋਇਲ ਪੈਟਰੋਲ ਪੰਪ ਕੋਲ ਸੜਕ ਨੇ ਨਦੀ ਦਾ ਰੂਪ ਧਾਰਨ ਕਰ ਲਿਆ। ਰਾਸ਼ਟਰੀ ਹਾਈਵੇਅ ਉੱਪਰ ਬਣੇ ਪੁਲਾਂ ਥੱਲੇ ਵੀ ਵੱਡੀ ਪੱਧਰ ’ਤੇ ਪਾਣੀ ਜਮ੍ਹਾਂ ਹੋ ਗਿਆ। ਸਥਾਨਕ ਕਸਬੇ ਵਿਚ ਕਈ ਥਾਵਾਂ ਤੋਂ ਸੀਵਰੇਜ ਦੇ ਬੰਦ ਹੋਣ ਕਾਰਨ ਮੀਂਹ ਦਾ ਪਾਣੀ ਦੁਕਾਨਾਂ ਅੰਦਰ ਵੜ ਗਿਆ। ਇੱਥੋਂ ਦੀ ਜੈਨ ਕਲੋਨੀ, ਸ਼ਮਸ਼ਾਨਘਾਟ ਦੇ ਨਜ਼ਦੀਕ ਵਸਦੇ ਲੋਕਾਂ ਅਤੇ ਕਸਬੇ ਦੇ ਕਈ ਮੁਹੱਲਿਆਂ ਵਿਚ ਮੀਂਹ ਦੇ ਪਾਣੀ ਨੇ ਕਸਬਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਜ਼ਿਆਦਾ ਵਧਾ ਦਿਤਾ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਵਿਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਪੰਜਾਬੀ ਟ੍ਰਿਬਯੂਨ