ਅਬੋਹਰ ਤੇ ਮੋਗਾ ਵਿੱਚ ਭਾਰੀ ਮੀਂਹ ਦੇ ਨਾਲ ਗਡ਼ੇਮਾਰੀ, ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ
08 ਅਪ੍ਰੈਲ, 2026 – ਚੰਡੀਗੜ੍ਹ : ਪੰਜਾਬ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਇਸ ਦੇ ਨਾਲ ਹੀ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ’ਤੇ ਪੈ ਰਿਹਾ ਮੀਂਹ ਤੇ ਗੜੇਮਾਰੀ ਕਿਸਾਨਾਂ ਲਈ ਆਫ਼ਤ ਬਣ ਗਿਆ ਹੈ। ਅੱਜ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਵੇਰ ਤੋਂ ਹੀ ਮੌਸਮ ਖਰਾਬ ਸੀ, ਜਿੱਥੇ ਕਿਣ-ਮਿਣ ਹੁੰਦੀ ਰਹੀ ਪਰ ਬਾਅਦ ਦੁਪਹਿਰ ਪੰਜਾਬ ਦੇ ਅਬੋਹਰ, ਮੋਗਾ ਤੇ ਆਲੇ-ਦੁਆਲੇ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਤੇ ਗੜੇਮਾਰੀ ਹੋਈ ਹੈ, ਜਿਸ ਨੇ ਫ਼ਸਲ ਝੰਭ ਦਿੱਤੀ। ਇਸ ਤੋਂ ਇਲਾਵਾ ਬਠਿੰਡਾ, ਮੁਕਤਸਰ, ਫਾਜ਼ਿਲਕਾ, ਪਠਾਨਕੋਟ, ਜਲੰਧਰ, ਪਟਿਆਲਾ ਤੇ ਹੋਰ ਕਈ ਇਲਾਕਿਆਂ ਵਿੱਚ ਦਰਮਿਆਨਾ ਮੀਂਹ ਪਿਆ। ਮੀਂਹ ਤੇ ਹਨੇਰੀ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਪੱਕੀ ਫ਼ਸਲ ਡਿੱਗਣ ਦੀਆਂ ਰਿਪੋਰਟਾਂ ਹਨ।
ਇਸ ਦੇ ਨਾਲ ਹੀ ਖਰਬੂਜ਼ਾ, ਖੀਰਾ ਅਤੇ ਹੋਰ ਫਲ ਤੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਫ਼ਸਲ ਨੂੰ ਕਰੰਡ ਹੋਣ ਦਾ ਖਦਸ਼ਾ ਹੈ।
ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਮੁੱਢਲੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਦੌਰਾਨ ਮਾਲਵਾ ਖੇਤਰ ਵਿੱਚ ਪਏ ਮੀਂਹ ਤੇ ਗੜੇਮਾਰੀ ਕਰਕੇ ਇਕ ਲੱਖ ਏਕੜ ਤੋਂ ਵੱਧ ਫ਼ਸਲ ਦਾ ਨੁਕਸਾਨ ਹੋ ਗਿਆ, ਜਦੋਂ ਕਿ ਇਹ ਅੰਕੜਾ ਦੁੱਗਣਾ ਹੋ ਸਕਦਾ ਹੈ। ਮੌਸਮ ਵਿਗਿਆਨੀਆਂ ਨੇ 8 ਅਪਰੈਲ ਨੂੰ ਵੀ ਪੰਜਾਬ ਵਿੱਚ ਮੀਂਹ ਤੇ ਗੜੇਮਾਰੀ ਹੋਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਮੌਸਮ ਵਿਗਿਆਨੀਆਂ ਨੇ 8 ਅਪਰੈਲ ਲਈ ਔਰੈਂਜ ਅਲਰਟ ਵੀ ਜਾਰੀ ਕਰ ਦਿੱਤਾ।
500 ਤੋਂ ਵੱਧ ਅਧਿਕਾਰੀ ਫ਼ਸਲਾਂ ਦੇ ਨੁਕਸਾਨ ਦਾ ਲੈਣਗੇ ਜਾਇਜ਼ਾ: ਖੁੱਡੀਆਂ
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬੇ ਵਿੱਚ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਅਧਿਕਾਰੀਆਂ ਨੂੰ ਸੱਤ ਜ਼ਿਲ੍ਹਿਆਂ ਵਿੱਚ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਲਗਾਇਆ ਗਿਆ ਹੈ, ਜਿਨ੍ਹਾਂ ਵੱਲੋਂ ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ, ਮਾਨਸਾ, ਫਿਰੋਜ਼ਪੁਰ ਤੇ ਮੋਗਾ ਵਿੱਚ ਫ਼ਸਲਾਂ ਦੇ ਖਰਾਬੇ ਦਾ ਜਾਇਜ਼ਾ ਲਿਆ ਜਾਵੇਗਾ। ਮੁੱਢਲੀਆਂ ਰਿਪੋਰਟਾਂ ਅਨੁਸਾਰ ਸੂਬੇ ਵਿੱਚ ਮੀਂਹ ਤੇ ਗੜੇਮਾਰੀ ਕਰਕੇ ਸੱਤ ਜ਼ਿਲ੍ਹਿਆਂ ਵਿੱਚ 125 ਲੱਖ ਏਕੜ ਤੋਂ ਵੱਧ ਕਰਬੇ ਵਿੱਚ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦੇ ਖਰਾਬੇ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਫਾਜ਼ਿਲਕਾ ਵਿੱਚ ਪਿਆ ਸਭ ਤੋਂ ਵੱਧ ਮੀਂਹ
ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤੱਕ ਫਾਜ਼ਿਲਕਾ ਵਿੱਚ ਸਭ ਤੋਂ ਵੱਧ 8.5 ਐੱਮ ਐੱਮ ਮੀਂਹ ਪਿਆ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 0.8 ਐੱਮ ਐੱਮ, ਅੰਮ੍ਰਿਤਸਰ ਵਿੱਚ 2 ਐੱਮ ਐੱਮ, ਲੁਧਿਆਣਾ ਵਿੱਚ 0.5 ਐੱਮ ਐੱਮ, ਪਟਿਆਲਾ ਵਿੱਚ 2.6 ਐੱਮ ਐੱਮ, ਪਠਾਨਕੋਟ ਵਿੱਚ 5.5 ਐੱਮ ਐੱਮ, ਰੂਪਨਗਰ ਵਿੱਚ ਇਕ ਐੱਮ ਐੱਮ ਅਤੇ ਫਿਰੋਜ਼ਪੁਰ ਤੇ ਮੁਹਾਲੀ ਵਿੱਚ 0.5 ਐੱਮ ਐੱਮ ਮੀਂਹ ਪਿਆ। ਮੀਂਹ ਦੇ ਨਾਲ ਹੀ ਸੂਬੇ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਗਿਆ। ਅੱਜ ਅੰਮ੍ਰਿਤਸਰ ਵਿੱਚ 21.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ, ਜੋ ਆਮ ਨਾਲੋਂ 10.2 ਡਿਗਰੀ ਸੈਲਸੀਅਸ ਘੱਟ ਹੈ। ਇਸੇ ਤਰ੍ਹਾਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 21 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।
ਪੰਜਾਬੀ ਟ੍ਰਿਬਯੂਨ