ਨਰਮੇ ਅਤੇ ਮੱਕੀ ਦੀ ਫ਼ਸਲ ’ਚ ਖੜ੍ਹੇ ਪਾਣੀ ਕਾਰਨ ਕਿਸਾਨ ਫ਼ਿਕਰਮੰਦ; ਮਾਹਿਰਾਂ ਵੱਲੋਂ ਸਪਰੇਅ ਕਰਨ ਦੀ ਸਲਾਹ
04 ਸਤੰਬਰ, 2025 – ਬਠਿੰਡਾ : ਲਗਾਤਾਰ ਜਾਰੀ ਭਰਵੇਂ ਮੀਂਹਾਂ ਦੇ ਦੌਰ ਦੌਰਾਨ ਮਾਲਵੇ ਦੀ ‘ਕਪਾਹ ਪੱਟੀ’ ਦੇ ਕਾਸ਼ਤਕਾਰ ਕਾਫੀ ਚਿੰਤਤ ਹਨ। ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੇ ਫ਼ਿਕਰਾਂ ਨੂੰ ਹਰਨ ਲਈ ਦਾਅਵੇ ਕੀਤੇ ਜਾਂਦੇ ਹਨ, ਪਰ ਨਿਰੰਤਰ ਅੰਬਰ ’ਤੇ ਮੰਡਰਾ ਰਹੇ ਬੱਦਲ ਅਤੇ ਨਰਮੇ ਅਤੇ ਮੱਕੀ ਦੀ ਫ਼ਸਲ ਵਾਲੇ ਖੇਤਾਂ ’ਤੇ ਕਾਬਜ਼ ਵਰਖਾ ਦਾ ਪਾਣੀ ਅੰਨਦਾਤੇ ਦੇ ਫ਼ਿਕਰਾਂ ’ਚ ਇਜ਼ਾਫ਼ੇ ਦੀ ਵਜ੍ਹਾ ਬਣਿਆ ਹੋਇਆ ਹੈ। ਜ਼ਿਲ੍ਹਾ ਬਠਿੰਡਾ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਗਦੀਸ਼ ਸਿੰਘ ਅਨੁਸਾਰ ਨਰਮੇ ਅਤੇ ਮੱਕੀ ਦੀ ਫ਼ਸਲ ਜ਼ਿਆਦਾ ਸਮਾਂ ਪਾਣੀ ਖੇਤ ਵਿੱਚ ਖੜੋਣ ਨੂੰ ਸਹਾਰ ਨਹੀਂ ਸਕਦੀ। ਉਨ੍ਹਾਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਦੋਵਾਂ ਫ਼ਸਲਾਂ ਵਿੱਚ ਪਾਣੀ ਬਿਲਕੁਲ ਨਾ ਖੜ੍ਹਨ ਦਿੱਤਾ ਜਾਵੇ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਪਾਣੀ ਖੜ੍ਹਨ ਨਾਲ ਨਰਮੇ ਦੇ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਆ ਸਕਦੀ ਹੈ, ਜਿਸ ਨਾਲ ਨਰਮੇ ਦੇ ਫੁੱਲ ਅਤੇ ਟੀਂਡੇ ਡਿੱਗਣ ਲੱਗਦੇ ਹਨ ਅਤੇ ਫ਼ਸਲ ਦੀ ਝਾੜ ਉਤੇ ਬੁਰਾ ਅਸਰ ਪੈਂਦਾ ਹੈ।
ਉਨ੍ਹਾਂ ਦੀ ਕਿਸਾਨਾਂ ਨੂੰ ਸਲਾਹ ਹੈ ਕਿ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦੀਆਂ ਹਫ਼ਤੇ-ਹਫ਼ਤੇ ਦੇ ਫਰਕ ’ਤੇ ਚਾਰ ਸਪਰੇਆਂ ਜ਼ਰੂਰ ਕਰ ਦਿੱਤੀਆਂ ਜਾਣ। ਲਗਾਤਾਰ ਚੱਲ ਰਹੇ ਸਿੱਲ੍ਹੇ ਮੌਸਮ ਕਾਰਨ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਸਰਵੇਖਣ ਦਾ ਖੁਲਾਸਾ ਕਰਦਿਆਂ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਬਠਿੰਡਾ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਕਿ ਨਰਮੇ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਕਈ ਜਗ੍ਹਾ ’ਤੇ ਵੇਖਣ ’ਚ ਆਇਆ ਹੈ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਜੋ ਫ਼ਸਲ ਹੁਣ ਤੱਕ ਬਚੀ ਹੈ, ਅਗਲੇ ਦਿਨੀਂ ਉਸ ਦੇ ਵੀ ਲਪੇਟ ’ਚ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਨਰਮੇ ਦੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ਸਰਵੇਖਣ ਜ਼ਰੂਰ ਕੀਤਾ ਜਾਵੇ ਅਤੇ ਜੇਕਰ ਫ਼ਸਲ ਵਿੱਚ 5 ਪ੍ਰਤੀਸ਼ਤ ਭੰਬੀਰੀ ਬਣੇ ਫੁੱਲ ਜਾਂ 20 ਟੀਂਡਿਆਂ ਵਿੱਚ 2 ਤੋਂ ਵੱਧ ਜਾਂ ਵੱਧ ਟੀਂਡੇ ਦਾਗੀ ਜਾਂ ਕਾਣੇ ਮਿਲਣ, ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਪਰੇਅ ਕੀਤੀ ਜਾ ਸਕਦੀ ਹੈ। ਪਤਾ ਲੱਗਾ ਹੈ ਕਿ ਵਿਭਾਗੀ ਸਰਵੇਖਣ ਦੌਰਾਨ ਇਹ ਵੀ ਦੇਖਿਆ ਗਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮੇ ਦੀ ਫ਼ਸਲ ਵਿੱਚ ਟੀਂਡਿਆਂ ਦੇ ਗਲਣ ਦੀ ਸਮੱਸਿਆ ਆ ਰਹੀ ਹੈ।
ਕਿਸਾਨਾਂ ਨੂੰ ਫ਼ਸਲਾਂ ’ਚੋਂ ਪਾਣੀ ਕੱਢਣ ਦੀ ਸਲਾਹ
ਮਾਨਸਾ (ਜੋਗਿੰਦਰ ਸਿੰਘ ਮਾਨ): ਮੀਂਹਾਂ ਨੇ ਨਰਮੇ ਦੇ ਫੁੱਲਾਂ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਅਗੇਤੇ ਝੋਨੇ ਦੇ ਬੂਰ ਨੂੰ ਵੀ ਝਾੜਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਸਿੰਘ ਭੀਖੀ ਨੇ ਕਿਹਾ ਕਿ ਨਰਮੇ ਦੇ ਫੁੱਲ ਮੀਂਹ ਦੇ ਪਾਣੀ ਨਾਲ ਹੇਠਾਂ ਡਿੱਗਣ ਲੱਗੇ ਹਨ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮੇ ਦੇ ਟੀਂਡੇ ਗਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਮੀਂਹ ਨੇ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਤਬਾਹ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣੀ ਪੁੱਤਰਾਂ ਵਾਂਗ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਹੁਣ ਤੱਕ ਮਸਾਂ ਹੀ ਪਾਲਿਆਂ ਸੀ, ਪਰ ਜਦੋਂ ਹੁਣ ਨਰਮੇ ਦੇ ਫੁੱਲ ਫ਼ਲ ਚੁੱਕਿਆ ਸੀ ਤਾਂ ਹੁਣ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤਕੇ ਰੱਖ ਦਿੱਤੇ ਹਨ। ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਮੰਨਿਆ ਨਰਮੇ ਦੀ ਫ਼ਸਲ ਜ਼ਿਆਦਾ ਮੀਂਹ ਨਹੀਂ ਝੱਲ ਸਕਦੀ ਹੈ, ਪਰ ਜਿਹੜੇ ਖੇਤਾਂ ਵਿੱਚ ਪਾਣੀ ਖੜ੍ਹ ਜਾਂਦਾ ਹੈ ਤਾਂ ਕਿਸਾਨ ਇਸ ਪਾਣੀ ਨੂੰ ਨੀਵੀਂਆਂ ਥਾਵਾਂ ਵੱਲ ਕੱਢ ਸਕਦੇ ਹਨ।
ਪੰਜਾਬੀ ਟ੍ਰਿਬਯੂਨ