26 ਅਗਸਤ, 2025 – ਬਠਿੰਡਾ : ਭਾਦੋਂ ਮਹੀਨੇ ਵਿੱਚ ਪੈ ਰਹੇ ਲਗਾਤਾਰ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਬੀਤੀ ਐਤਵਾਰ ਸਵੇਰੇ 11 ਵਜੇ ਤੋਂ ਰੁਕ ਰੁਕ ਕੇ ਪੈ ਰਹੀ ਬਰਸਾਤ ਦੂਜੇ ਦਿਨ ਵੀ ਜਾਰੀ ਰਹੀ। ਝੜੀ ਨੇ ਲੋਕਾਂ ਨੂੰ ਘਰਾਂ ਵਿੱਚ ਤਾੜਨ ਲਈ ਮਜਬੂਰ ਕਰ ਦਿੱਤਾ ਹੈ। ਇਸੇ ਦੌਰਾਨ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ ਖਰਾਬ ਰਹਿਣ ਦੇ ਨਾਲ-ਨਾਲ ਝੱਖੜ ਝੁੱਲਣ ਦੀ ਵੀ ਪੇਸ਼ੀਨਗੋਈ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਅਨੁਸਾਰ, ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ 22.5 ਡਿਗਰੀ ਅਤੇ ਵੱਧ ਤੋਂ ਵੱਧ 25.6 ਡਿਗਰੀ ਦਰਜ ਕੀਤਾ ਗਿਆ। ਇਸ ਦੌਰਾਨ 23.4 ਐੱਮ.ਐੱਮ. ਬਾਰਿਸ਼ ਦਰਜ ਕੀਤੀ ਗਈ।
ਸ੍ਰੀ ਮੁਕਤਸਰ ਸਾਹਿਬ : ਇੱਥੇ ਦੇਰ ਰਾਤ ਤੋਂ ਸ਼ੁਰੂ ਹੋਇਆ ਮੀਂਹ ਅੱਜ ਸਾਰਾ ਦਿਨ ਲਗਾਤਾਰ ਵਰ੍ਹਦਾ ਰਿਹਾ ਜਿਸ ਨਾਲ ਬਾਜ਼ਾਰ, ਗਲੀਆਂ ਮੁਹੱਲੇ ਤੇ ਸੜਕਾਂ ਜਲਥਲ ਹੋ ਗਈਆਂ। ਉਪਰੋਂ ਬਿਜਲੀ ਦੇ ਲੰਬੇ ਕੱਟਾਂ ਕਾਰਨ ਪ੍ਰੇਸ਼ਾਨੀ ਹੋਰ ਵਧ ਗਈ। ਇਸ ਮੌਸਮ ਦੀ ਇਸ ਪਹਿਲੀ ਝੜੀ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ। ਸੜਕਾਂ ਦੀ ਮਾੜੀ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਸਮੱਸਿਆ ਜਾ ਸਾਹਮਣਾ ਕਰਨਾ ਪਿਆ। ਮੁਕਤਸਰ-ਬਠਿੰਡਾ ਬਾਈਪਾਸ ਉਪਰ ਡੀਸੀ ਦਫ਼ਤਰ ਲਾਗੇ ਬਣੇ ਖੱਡਿਆਂ ’ਚ ਇੱਕ ਟਰਾਲੇ ਦਾ ਐਕਸਲ ਟੁੱਟ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਥਾਂਦੇਵਾਲਾ ਰੋਡ ਉਪਰ ਸੀਵਰੇਜ ਦੇ ਖੁੱਲ੍ਹੇ ਅਤੇ ਟੁੱਟੇ ਢੱਕਣਾਂ ਕਰਕੇ ਜਾਨ ਦਾ ਖੌਅ ਬਣਿਆ ਰਿਹਾ। ਲੋਕਾਂ ਨੇ ਆਪਣੇ ਤੌਰ ’ਤੇ ਸੀਵਰੇਜ ਵਿੱਚ ਸੋਟੀਆਂ ਲਾ ਕੇ ਰਾਹਗੀਰਾਂ ਨੂੰ ਸੁਚੇਤ ਕਰਨ ਦੀ ਜ਼ਿੰਮੇਵਾਰੀ ਨਿਭਾਈ। ਮੁੱਖ ਬਾਜ਼ਾਰ ਦੀਆਂ ਦੁਕਾਨਾਂ ਵਿੱਚ ਪਾਣੀ ਭਰ ਜਾਣ ਕਾਰਨ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਬੀਤੀ ਰਾਤ ਤੋਂ ਪੈ ਰਹੇ ਮੀਂਹ ਕਾਰਨ ਰਸਤਿਆਂ ਵਿੱਚ ਪਾਣੀ ਭਰਨ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੇ ਪਾਣੀ ਨਾਲ ਪਿੰਡਾਂ-ਸ਼ਹਿਰਾਂ ਦੀਆਂ ਗਲੀਆਂ ਰਜਵਾਹਿਆਂ ਦਾ ਰੂਪ ਧਾਰਨ ਕਰ ਲਿਆ।
ਸ਼ਹਿਣਾ : ਕਸਬਾ ਸ਼ਹਿਣਾ ਇਲਾਕੇ ਵਿੱਚ ਅੱਜ ਬਹੁਤ ਭਾਰੀ ਬਾਰਿਸ਼ ਹੋਈ। ਲਗਭਗ ਸਾਰੀ ਰਾਤ ਅਤੇ ਅੱਜ ਸਵੇਰੇ ਤੋਂ ਵਰਖਾ ਹੁੰਦੀ ਰਹੀ। ਇਸ ਨਾਲ ਸਥਾਨਕ ਬੱਸ ਸਟੈਂਡ ਰੋਡ ਅਤੇ ਮੰਡੀ ਰੋਡ ਦੀ ਹਾਲਤ ਖਸਤਾ ਹੋ ਗਈ ਅਤੇ ਦੋ-ਦੋ ਫੁੱਟ ਪਾਣੀ ਖੜ੍ਹ ਗਿਆ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਕਾਫ਼ੀ ਘੱਟ ਰਹੀ। ਨੇੜਲੇ ਪਿੰਡ ਚੂੰਘਾਂ, ਮੱਲੀਆਂ, ਬੁਰਜ ਫਤਿਹਗੜ੍ਹ, ਚੀਮਾ ਤੇ ਸੁੱਖਪੁਰਾ ਵਿੱਚ ਵੀ ਭਾਰੀ ਬਾਰਿਸ਼ ਹੋਈ।
ਨਥਾਣਾ : ਇਲਾਕੇ ਵਿੱਚ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਜ਼ਦੂਰ ਵਰਗ ਅਤੇ ਦੁਕਾਨਦਾਰਾਂ ਦਾ ਕੰਮ-ਕਾਜ ਠੱਪ ਹੋ ਕੇ ਰਹਿ ਗਿਆ ਹੈ। ਐਤਵਾਰ ਦੁਪਹਿਰ ਤੋ ਬਾਅਦ ਅੱਜ ਸ਼ਾਮ ਤੱਕ ਬਿਜਲੀ ਸਪਲਾਈ ਦਾ ਕਾਫ਼ੀ ਮੰਦਾ ਹਾਲ ਰਿਹਾ। ਛੱਪੜ ਨੱਕੋ-ਨੱਕ ਭਰ ਜਾਣ ਉਪਰੰਤ ਗਲੀਆਂ, ਆਮ ਰਸਤਿਆਂ ਅਤੇ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ।
ਕਾਲਾਂਵਾਲੀ : ਬੀਤੀ ਰਾਤ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨਾਲ ਮੁੱਖ ਬਾਜ਼ਾਰਾਂ ਸਮੇਤ ਜ਼ਿਆਦਾਤਰ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੰਡੀ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਹੇਠਲੇ ਇਲਾਕਿਆਂ ਵਿੱਚ ਨਵੀਂ ਅਨਾਜ ਮੰਡੀ, ਟੈਲੀਫੋਨ ਐਕਸਚੇਂਜ ਰੋਡ, ਦੇਸੂ ਮਲਕਾਣਾ ਰੋਡ, ਬੱਸ ਸਟੈਂਡ ਰੋਡ, ਦਾਦੂ ਰੋਡ, ਪੰਜਾਬ ਬੱਸ ਸਟੈਂਡ, ਡਾਕਟਰ ਮਾਰਕੀਟ, ਮੋਬਾਈਲ ਮਾਰਕੀਟ ਸਮੇਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਭਰ ਗਿਆ।
ਕੋਟਲੀ ਖੁਰਦ ਨੇੜੇ ਸੂਆ ਟੁੱਟਿਆ
ਬਠਿੰਡਾ : ਮੀਂਹ ਕਾਰਨ ਅੱਜ ਪਿੰਡ ਕੋਟਲੀ ਖੁਰਦ ਨੇੜੇ ਸੂਆ ਟੁੱਟਣ ਕਾਰਨ ਪਿੰਡ ਕੋਟਲੀ ਖੁਰਦ ਅਤੇ ਪਿੰਡ ਦਲੀਏਵਾਲੀ ਦੇ ਸੈਂਕੜੇ ਏਕੜ ਖੇਤਾਂ ’ਚ ਪਾਣੀ ਭਰ ਗਿਆ। ਸੂਏ ’ਚ ਕਰੀਬ 30-35 ਫੁੱਟ ਪਾੜ ਪੈਣ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਨੇ ਠੇਕੇ ’ਤੇ ਜ਼ਮੀਨ ਲੈ ਕੇ ਫਸਲ ਬੀਜੀ ਹੋਈ ਸੀ, ਜਿਨ੍ਹਾਂ ਦੀ ਮਿਹਨਤ ਪਾਣੀ ’ਚ ਡੁੱਬ ਗਈ। ਜਿਵੇਂ ਹੀ ਪਾੜ ਪੈਣ ਦੀ ਖ਼ਬਰ ਫੈਲੀ ਤਾਂ ਪਿੰਡ ਦੇ ਗੁਰੁਦੁਆਰੇ ਤੋਂ ਹੋਕਾ ਦਿੱਤਾ ਗਿਆ ਅਤੇ ਵੱਡੀ ਗਿਣਤੀ ’ਚ ਕਿਸਾਨ ਮੌਕੇ ’ਤੇ ਦੌੜੇ। ਉਨ੍ਹਾਂ ਵੱਲੋਂ ਦਰੱਖਤਾਂ ਦੇ ਟਾਹਣੇ ਤੇ ਮਿੱਟੀ ਦੇ ਗੱਟੇ ਸੁੱਟ ਕੇ ਸੂਏ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਨੇੜਲੇ ਵੇਦਾਂਤਾ ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ ਜੇਸੀਬੀ ਮਦਦ ਲਈ ਭੇਜੀ ਗਈ, ਜਿਸ ਨਾਲ ਕਿਸਾਨਾਂ ਨੂੰ ਪਾੜ ਪੂਰਨ ਵਿੱਚ ਮਦਦ ਮਿਲੀ।
ਛੱਤ ਡਿੱਗਣ ਕਾਰਨ ਦੋ ਦੁਧਾਰੂ ਪਸ਼ੂਆਂ ਦੀ ਮੌਤ
ਤਪਾ ਮੰਡੀ : ਇੱਥੇ ਭਾਰੀ ਮੀਂਹ ਕਾਰਨ ਤਪਾ ਮੰਡੀ ਵਿੱਚ ਇੱਕ ਦੁੱਧ ਦੇ ਵਪਾਰੀ ਦੇ ਪਸ਼ੂਆਂ ਵਾਲੇ ਘਰ ਦੀ ਛੱਡ ਡਿੱਗ ਗਈ, ਜਿਸ ਕਾਰਨ ਦੋ ਦੁਧਾਰੂ ਗਾਵਾਂ ਦੀ ਮੌਤ ਹੋ ਗਈ। ਇਸ ਸਬੰਧੀ ਪੀੜਤ ਨਾਜ਼ਮ ਹੁਸੈਨ ਉਰਫ਼ ਰਾਜੂ ਖਾਨ ਨੇ ਦੱਸਿਆ ਕਿ ਛੱਤ ਡਿੱਗਣ ਕਾਰਨ ਉਸਦਾ ਕਰੀਬ 4 ਲੱਖ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਵੇਲੇ ਜਦੋਂ ਉਸਦੀ ਪਤਨੀ ਦੁਧਾਰੂ ਪਸ਼ੂਆਂ ਦੀ ਧਾਰ ਕੱਢ ਕੇ ਘਰ ਵਾਪਸ ਹੀ ਗਈ ਸੀ ਕਿ ਥੋੜ੍ਹੇ ਸਮੇਂ ਬਾਅਦ ਹੀ ਬਾਹਰਲੇ ਪਸ਼ੂਆਂ ਵਾਲੇ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਅੰਦਰ ਖੜ੍ਹੀਆਂ ਦੋ ਗਾਵਾਂ ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਪੰਜਾਬ ਸਰਕਾਰ ਤੋਂ ਆਰਥਿਕ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਚਲ ਸਕੇ।
ਮਾਲਵੇ ’ਚ ਅਗਲੇ 24 ਘੰਟਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ
ਮਾਨਸਾ : ਮਾਲਵਾ ਖੇਤਰ ਵਿੱਚ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਕੌਮੀ ਗੜਬੜੀ ਚਿਤਾਵਨੀ ਅਲਰਟ ਪੋਰਟਲ (ਐਨਡੀਐਮਏਈਡਬਲਯੂ) ਵੱਲੋਂ ਸ਼ੋਸਲ ਮੀਡੀਆ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਮਾਨਸਾ ਸਮੇਤ ਮੋਗਾ, ਬਠਿੰਡਾ, ਬਰਨਾਲਾ, ਫ਼ਰੀਦਕੋਟ, ਫਿਰੋਜ਼ਪੁਰ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਮਾਲੇਰਕੋਟਲਾ ਸਮੇਤ ਅੰਮ੍ਰਿਤਸਰ, ਸ੍ਰੀ ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਰੂਪਨਗਰ, ਐੱਸਬੀਐੱਸ ਨਗਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਕੁੱਝ ਥਾਵਾਂ ’ਤੇ ਭਾਰੀ ਅਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਪਿੰਡਾਂ ਅਤੇ ਸ਼ਹਿਰਾਂ ਦੇ ਖੇਤਰ ਵਿੱਚ ਮੀਂਹ ਪੈਣ ਨਾਲ ਕੋਈ ਅਮਰਜੈਂਸੀ ਸਥਿਤੀ ਪੈਦਾ ਹੁੰਦੀ ਹੈ ਤਾਂ 112 ਨੰਬਰ ’ਤੇ ਕਾਲ ਕੀਤੀ ਜਾ ਸਕਦੀ ਹੈ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/malwa/heavy-rains-derail-life-in-malwa/
ਮੀਂਹ ਦੀ ਮਾਰ: ਡੀਸੀ ਦੇ ਘਰ ਦੇ ਗੇਟ ਅੱਗੇ ਬੋਰੀਆਂ ਲਾਈਆਂ
26 ਅਗਸਤ, 2025 – ਮਾਨਸਾ : ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਮਾਨਸਾ ਸ਼ਹਿਰ ਦੇ ਬਹੁਤੇ ਬਾਜ਼ਾਰ ਖੁੱਲ੍ਹ ਨਹੀਂ ਸਕੇ। ਕਈ ਦੁਕਾਨਾਂ ਵਿੱਚ ਪਾਣੀ ਭਰ ਗਿਆ। ਬਹੁਤੇ ਸਾਰੇ ਪ੍ਰਾਈਵੇਟ ਸਕੂਲਾਂ ਨੇ ਸ਼ਹਿਰ ਅਤੇ ਗਲੀਆਂ ਵਿੱਚ ਭਰੇ ਪਾਣੀ ਦੇ ਮੱਦੇਨਜ਼ਰ ਸਕੂਲਾਂ ਵਿੱਚ ਸਵੇਰੇ ਛੁੱਟੀ ਕਰ ਦਿੱਤੀ। ਜ਼ਿਲ੍ਹਾ ਕਚਹਿਰੀ ਨੂੰ ਜਾਂਦੀ ਮੁੱਖ ਸੜਕ ਪਾਣੀ ਵਿੱਚ ਡੁੱਬੀ ਹੋਣ ਕਾਰਨ ਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਦਫ਼ਤਰਾਂ ਵਿੱਚ ਨਹੀਂ ਜਾ ਸਕੇ।
ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਘਰ ਨੂੰ ਬਚਾਉਣ ਲਈ ਮੁੱਖ ਗੇਟ ’ਤੇ ਰੇਤੇ ਦੀਆਂ ਬੋਰੀਆਂ ਭਰ ਕੇ ਲਾਈਆਂ ਗਈਆਂ। ਦੇਰ ਸ਼ਾਮ ਤੱਕ ਡੀਸੀ ਦੇ ਘਰ ਦਾ ਗੇਟ ਨਾ ਖੁੱਲ੍ਹ ਸਕਿਆ। ਪਤਾ ਲੱਗਿਆ ਹੈ ਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਕੋਲ ਲੋਕਾਂ ਨੂੰ ਬੱਸਾਂ ’ਤੇ ਚੜ੍ਹਨ ਲਈ ਬਣੇ ਮਿਨੀ ਬੱਸ ਸਟੌਪ ਵਿੱਚ ਪਾਣੀ ਭਰਨ ਕਾਰਨ ਸਿਰਸਾ-ਸਰਦੂਲਗੜ੍ਹ, ਤਲਵੰਡੀ ਸਾਬੋ, ਬੁਢਲਾਡਾ, ਪਟਿਆਲਾ-ਚੰਡੀਗੜ੍ਹ, ਬਰਨਾਲਾ-ਲੁਧਿਆਣਾ ਅਤੇ ਬਠਿੰਡਾ ਨੂੰ ਜਾਣ-ਆਉਣ ਵਾਲੀਆਂ ਸਵਾਰੀਆਂ ਨੂੰ ਸਾਰਾ ਦਿਨ ਉਤਰਨ-ਚੜ੍ਹਨ ਦੀ ਵੱਡੀ ਦਿੱਕਤ ਹੁੰਦੀ ਰਹੀ। ਡਿਪਟੀ ਕਮਿਸ਼ਨਰ ਨੂੰ ਆਪਣੇ ਘਰ ਤੋਂ ਦਫ਼ਤਰ ਜਾਣ ਲਈ ਕਿਸੇ ਹੋਰ ਗੇਟ ਦਾ ਸਹਾਰਾ ਲੈਣਾ ਪਿਆ। ਓਵਰਬ੍ਰਿਜ ਨੇੜਲੇ ਜਮ੍ਹਾਂ ਹੋਇਆ ਮੀਂਹ ਦੇ ਇਸ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਦਿਨ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਇਹ ਪਾਣੀ ਆਉਂਦੇ-ਜਾਂਦੇ ਰਾਹਗੀਰਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ।
ਬਰਨਾਲਾ: ਮੀਂਹ ਕਾਰਨ ਸੀਵਰੇਜ ਪ੍ਰਬੰਧਾਂ ਦੀ ਪੋਲ ਖੁੱਲ੍ਹੀ
ਬਰਨਾਲਾ/ਧਨੌਲਾ : ਇੱਥੇ ਭਾਰੀ ਬਰਸਾਤ ਕਾਰਨ ਧਨੌਲਾ ਦੇ ਵੱਖ-ਵੱਖ ਇਲਾਕਿਆਂ ’ਚ ਜਮ੍ਹਾਂ ਹੋਏ ਪਾਣੀ ਨੇ ਸੀਵਰੇਜ ਪ੍ਰਬੰਧਾਂ ਦੀ ਪੋਲ ਖੋਲ੍ਹਕੇ ਰੱਖ ਦਿੱਤੀ। ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਉਨ੍ਹਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਪੋਸਟ ਆਫਿਸ ਵਾਲੀ ਗਲੀ ਅਤੇ ਭੈਣੀ ਸਾਹਿਬ ਅਗਵਾੜ ਦੇ ਕਈ ਘਰਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਨੇ ਕੌਂਸਲ ਅਧਿਕਾਰੀਆਂ ਅਤੇ ਕੌਂਸਲਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਾਰਡ ਨੰਬਰ ਪੰਜ ਦੇ ਵਾਸੀ ਜੀਤੀ ਜਟਾਣਾ, ਸੁਖਵਿੰਦਰ ਸਿੰਘ ਢੀਂਡਸਾ, ਗੁਰਜੀਤ ਸਿੰਘ, ਹਰਮੀਤ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਤੀਹ ਸਾਲਾਂ ਤੋਂ ਉਹ ਬਰਸਾਤ ਦੇ ਮੌਸਮ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨ ਹਨ। ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਕਈ ਵਾਰ ਕੌਂਸਲਰ, ਵਿਧਾਇਕ ਅਤੇ ਕਾਰਜ ਸਾਧਕ ਅਧਿਕਾਰੀ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਗੌਰਤਲਬ ਹੈ ਕਿ ਇਸ ਮੁਹੱਲੇ ਦਾ ਇਹ ਖੇਤਰ ਕਾਫੀ ਨੀਂਵਾ ਹੈ, ਬਾਕੀ ਚਾਰੋਂ ਪਾਸੇ ਸੜਕ ਦਾ ਲੈਵਲ ਉੱਚਾ ਹੈ ਜਿਸ ਨਾਲ ਇੱਥੇ ਪਾਣੀ ਭਰ ਜਾਂਦਾ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਗੰਦੇ ਪਾਣੀ ਦੀ ਨਿਕਾਸੀ ਦੀ ਵਿਵਸਥਾ ਜਲਦ ਨਹੀਂ ਕੀਤੀ ਗਈ ਤਾਂ ਕੌਂਸਲ ਪ੍ਰਧਾਨ ’ਤੇ ਅਧਿਕਾਰੀਆਂ ਖ਼ਿਲਾਫ਼ ਮੋਰਚਾ ਖੋਲਿਆ ਜਾਵੇਗਾ। ਦੂਜੇ ਪਾਸੇ, ਕੌਂਸਲ ਪ੍ਰਧਾਨ ਰਣਜੀਤ ਕੌਰ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਪੂਰੇ ਹਨ, ਹੁਣ ਜੇਕਰ ਬਰਸਾਤ ਹੀ ਜ਼ਿਆਦਾ ਹੋ ਗਈ ਤਾਂ ਕੀ ਕੀਤਾ ਜਾ ਸਕਦਾ ਹੈ?
ਮਾੜੇ ਨਿਕਾਸੀ ਪ੍ਰਬੰਧਾਂ ਕਾਰਨ ਲੋਕ ਪ੍ਰੇਸ਼ਾਨ
ਭਦੌੜ : ਇੱਥੇ ਦੁਪਹਿਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਚਾਰੇ ਪਾਸੇ ਜਲ-ਥਲ ਹੋ ਗਿਆ। ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਸਬਾ ਭਦੌੜ ਦੀ ਜੈਦ ਮਾਰਕੀਟ ’ਚ ਪਾਣੀ ਭਰ ਗਿਆ ਅਤੇ ਨਿਕਾਸੀ ਨਾ ਹੋਣ ਕਾਰਨ ਪਾਣੀ ਦੁਕਾਨਾਂ ਅੰਦਰ ਦਾਖ਼ਲ ਹੋ ਗਿਆ। ਦੁਕਾਨਦਾਰ ਦੁਕਾਨਾਂ ’ਚੋਂ ਪਾਣੀ ਕੱਢਦੇ ਦਿਸੇ ਅਤੇ ਪ੍ਰਸ਼ਾਸਨ ਨੂੰ ਕੋਸਦੇ ਰਹੇ। ਇਸੇ ਤਰ੍ਹਾਂ ਬੱਸ ਸਟੈਂਡ ਰੋਡ ’ਤੇ ਵੀ ਪਾਣੀ ਜਮ੍ਹਾਂ ਹੋ ਗਿਆ। ਥਾਣਾ ਭਦੌੜ ਦੇ ਕੋਲ ਲੱਕ-ਲੱਕ ਪਾਣੀ ਹੋ ਗਿਆ। ਸਿਵਲ ਹਸਪਤਾਲ ਭਦੌੜ ਵੀ ਪਾਣੀ ਨਾਲ ਨੱਕੋ ਨੱਕ ਭਰ ਗਿਆ ਜਿਸ ਕਾਰਨ ਕਈ ਘੰਟੇ ਇਹ ਰਸਤਾ ਬੰਦ ਹੀ ਰਿਹਾ। ਬਰਨਾਲਾ ਰੋਡ ’ਤੇ ਗੋਬਿੰਦ ਸਕੂਲ ਕੋਲ ਤਿੰਨ ਤੋਂ ਚਾਰ ਫੁੱਟ ਪਾਣੀ ਖੜ੍ਹ ਗਿਆ ਜਿਸ ਕਰਕੇ ਕਈ ਕਾਰਾਂ ਪਾਣੀ ’ਚ ਬੰਦ ਹੋ ਗਈਆਂ ਜਿਨ੍ਹਾਂ ਨੂੰ ਭਦੌੜ ਦੇ ਨੌਜਵਾਨਾਂ ਨੇ ਕੱਢਿਆ। ਨੌਜਵਾਨ ਲਵਲੀਨ ਸੇਖੋਂ, ਜਗਸੀਰ ਜੱਗੀ, ਸਰਪੰਚ ਗੁਰਜੰਟ ਸਿੰਘ ਜੈਦ ਤੇ ਰਿੱਕੀ ਸੇਖੋਂ ਆਪਣੇ ਸਾਥੀਆਂ ਸਮੇਤ ਸਵੇਰੇ ਤੋਂ ਹੀ ਪਾਣੀ ’ਚ ਫਸੀਆਂ ਗੱਡੀਆਂ ਨੂੰ ਕੱਢਦੇ ਰਹੇ।
ਪੰਜਾਬੀ ਟ੍ਰਿਬਯੂਨ
https://www.punjabitribuneonline.com/news/malwa/rain-hits-bags-placed-in-front-of-dcs-house-gate/