ਬਾਰਸ਼ ਫ਼ਸਲਾਂ ਲਈ ਲਾਹੇਵੰਦ ਕਰਾਰ
22 ਜਨਵਰੀ, 2026 – ਮਾਨਸਾ : ਮਾਲਵੇ ਵਿੱਚ ਪੋਹ ਦਾ ਸਾਰਾ ਮਹੀਨਾ ਮੀਂਹ ਵੰਨੀਓਂ ਸੁੱਕਾ ਲੰਘ ਗਿਆ। ਮੀਂਹ ਨਾ ਪੈਣ ਕਾਰਨ ਕਣਕ ਸਮੇਤ ਹਾੜੀ ਦੀਆਂ ਸਾਰੀਆਂ ਫਸਲਾਂ ਦਾ ਅਜੇ ਜ਼ੋਰਦਾਰ ਫੁਟਾਰਾ ਨਹੀਂ ਹੋ ਸਕਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰ ਵੀ ਇਸ ਸਮੇਂ ਕਿਸਾਨਾਂ ਸਮੇਤ ਮੀਂਹ ਨਾ ਪੈਣ ਕਾਰਨ ਪ੍ਰੇਸ਼ਾਨੀ ਵਿੱਚ ਵੀ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਹਲਕਾ-ਫੁਲਕਾ ਮੀਂਹ ਵੀ ਫਸਲਾਂ ਲਈ ਘਿਉ ਵਾਂਗ ਕੰਮ ਕਰਦਾ ਹੈ।
ਬੇਸ਼ੱਕ ਇਸ ਵੇਲੇ ਤਾਪਮਾਨ ਦਾ ਘੱਟ ਰਹਿਣਾ ਕਣਕ ਲਈ ਲਾਭਦਾਇਕ ਮੰਨਿਆ ਜਾਂਦਾ ਹੈ, ਪਰ ਇਸ ਦੇ ਨਾਲ ਹੀ ਮੀਂਹ ਨਾ ਪੈਣ ਕਾਰਨ ਦੱਖਣੀ ਪੰਜਾਬ ਦੇ ਬਰਾਨੀ ਖੇਤਰ ਵਿੱਚ ਖੜ੍ਹੀਆਂ ਸਰ੍ਹੋਂ, ਛੋਲੇ, ਜੌਂਅ ਜਿਹੀਆਂ ਫ਼ਸਲਾਂ ਦਾ ਵਾਧਾ ਫਿਲਹਾਲ ਰੁਕਿਆ ਪਿਆ ਹੈ। ਹਾੜੀ ਦੇ ਸੀਜ਼ਨ ਦੌਰਾਨ ਹਮੇਸ਼ਾ ਡੂੰਘੀ ਜੜ੍ਹ ਵਾਲੀਆਂ ਫਸਲਾਂ ਵੱਧ ਮੀਂਹ ਮੰਗਦੀਆਂ ਹਨ।
ਮਾਨਸਾ ਦੇ ਜਿਲ੍ਹਾ ਖੇਤੀਬਾੜੀ ਅਫਸਰ ਹਰਵਿੰਦਰ ਸਿੰਘ ਨੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਨਵੰਬਰ-ਦਸੰਬਰ ਦਾ ਮਹੀਨਾ ਮੀਂਹ ਵੰਨੀਓਂ ਲਗਭਗ ਸੁੱਕਾ ਲੰਘ ਗਿਆ। ਇਸ ਮਹੀਨੇ ਕਣਕ ਨੂੰ ਜਿੰਨੀ ਵਰਖਾ ਦੀ ਜ਼ਰੂਰਤ ਸੀ, ਉਹ ਅਜੇ ਨਹੀਂ ਪਈ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਇਸ ਸਮੇਂ ਭਰਵੇਂ ਮੀਂਹ ਦੀ ਸਖ਼ਤ ਜ਼ਰੂਰਤ ਹੈ ਅਤੇ ਇਸ ਮੀਂਹ ਨਾਲ ਹੀ ਫ਼ਸਲ ਨੇ ਵੱਧਣਾ-ਫੁੱਲਣਾ ਸ਼ੁਰੂ ਕਰਨਾ ਹੈ। ਉਨ੍ਹਾਂ ਦਾ ਕਹਿਣਾ ਕਿ ਬੇਸ਼ੱਕ ਮਾਲਵਾ ਪੱਟੀ ਵਿਚ ਇਸ ਵੇਲੇ ਪੂਰੀ ਸਰਦੀ ਪੈ ਰਹੀ ਹੈ, ਪਰ ਫਿਰ ਵੀ ਇਹ ਸਰਦੀ ਕਣਕ ਦੀ ਫ਼ਸਲ ਵਾਸਤੇ ਜ਼ਿਆਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾੜੀ ਦੀ ਭਰਵੀਂ ਫ਼ਸਲ ਵਾਸਤੇ ਅਜੇ ਮੀਂਹ ਦੀ ਲੋੜ ਹੈ।
ਉੱਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਇਸ ਵਾਰ ਭਰਵੀਂ ਵਰਖਾ ਨਾ ਹੋਣ ਕਾਰਨ ਖੇਤੀ ਮਾਹਿਰ ਚਿੰਤਾ ਵਿੱਚ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਅਜੇ ਮੀਂਹ ਪੈਣ ਦੀ ਬਹੁਤ ਰੁੱਤ ਪਈ ਹੈ, ਪਰ ਫਿਰ ਵੀ ਜਿੰਨਾ ਚਿਰ ਤੱਕ ਮੀਂਹ ਫ਼ਸਲ ਉੱਤੇ ਨਹੀਂ ਵਰ੍ਹਦਾ, ਕਿਸਾਨ ਅਸਤੁੰਸ਼ਟ ਹੀ ਰਹਿਣਗੇ। ਰਿਪੋਰਟ ਅਨੁਸਾਰ ਖੇਤਾਂ ਵਿੱਚ ਭਾਵੇਂ ਕਣਕ ਦੀ ਫ਼ਸਲ ਬੜੀ ਵਧੀਆ ਖੜੀ ਹੈ, ਪਰ ਅਜੇ ਇਸ ਨੂੰ ਵਰਖਾ ਦੀ ਸਖ਼ਤ ਜ਼ਰੂਰਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਨਰਮਾ ਪੱਟੀ ਵਿੱਚ ਅਕਸਰ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ, ਜੋ ਮੀਂਹ ਨਾਲ ਫੁਟਾਰੇ ਮਾਰਨ ਲੱਗ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੰਬਰੀਂ ਪਾਣੀ ਨਾਲ ਫ਼ਸਲਾਂ ਦੇ ਪੱਤੇ ਧੋਤੇ ਜਾਂਦੇ ਹਨ ਅਤੇ ਜਦੋਂ ਫ਼ਸਲ ਉੱਪਰਲੀ ਗਰਦ, ਮਿੱਟੀ, ਧੂੜ ਲੈ ਗਈ ਤਾਂ ਉਹ ਆਪਣੇ ਆਪ ਵਾਧੇ ਪਾਉਣੀ ਸ਼ੁਰੂ ਹੋ ਜਾਵੇਗੀ। ਖੇਤੀਬਾੜੀ ਮਾਹਿਰਾਂ ਨੇ ਦਾਅਵਾ ਕੀਤਾ ਕਿ ਹਲਕੇ ਮੀਂਹ ਪੈਣ ਦੇ ਬਾਵਜੂਦ ਕਣਕ ਦੀ ਫ਼ਸਲ ਵਧੀਆ ਲਹਿਲਹਿਰਾ ਰਹੀ ਹੈ, ਪਰ ਜੇਕਰ ਹੁਣ ਇੱਕ ਵਰਖਾ ਪੈ ਜਾਵੇ ਤਾਂ ਕਿਸਾਨਾਂ ਦੇ ਵਾਰੇ-ਨਿਆਰੇ ਹੋ ਜਾਣਗੇ।
ਪੰਜਾਬੀ ਟ੍ਰਿਬਯੂਨ