ਸੰਗਰੂਰ ’ਚ 43 ਦਿਨਾਂ ਤੋਂ ਪੱਕੇ ਮੋਰਚੇ ’ਤੇ ਡਟੇ ਬੇਰੁਜ਼ਗਾਰ; ਸ਼ਹਿਰ ’ਚ ਰੋਸ ਮਾਰਚ
06 ਫਰਵਰੀ, 2026 – ਸੰਗਰੂਰ : ਇਥੇ ਡੀ ਸੀ ਦਫ਼ਤਰ ਅੱਗੇ 43 ਦਿਨਾਂ ਤੋਂ ਅਣਮਿਥੇ ਸਮੇਂ ਲਈ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਪੂਨੀਆਂ ਟਾਵਰ ਕੋਲ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਬੇਰੁਜ਼ਗਾਰ ਕੈਬਨਿਟ ਸਬ-ਕਮੇਟੀ ਨਾਲ 5 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਅੱਜ ਰੱਦ ਹੋਣ ਤੋਂ ਖਫ਼ਾ ਸਨ। ਅੱਜ ਬਾਅਦ ਦੁਪਹਿਰ ਪੱਕੇ ਮੋਰਚੇ ਵਾਲੇ ਸਥਾਨ ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਰੋਸ ਮਾਰਚ ਕਰਦੇ ਹੋਏ ਦਿੱਲੀ-ਲੁਧਿਆਣਾ ਰਾਜ ਮਾਰਗ ’ਤੇ ਪੂਨੀਆਂ ਟਾਵਰ ਨਜ਼ਦੀਕ ਪੁੱਜੇ ਜਿੱਥੇ ਆਵਾਜਾਈ ਠੱਪ ਕਰ ਕੇ ਉਨ੍ਹਾਂ ਸਰਕਾਰ ਦੀ ਅਰਥੀ ਫ਼ੂਕਦਿਆਂ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ, ਉਮਰ ਹੱਦ ਛੋਟ, ਮਾਸਟਰ ਕੇਡਰ ਵਿੱਚ ਲਾਜ਼ਮੀ ਅੰਕਾਂ ਦੀ ਸ਼ਰਤ 55 ਫੀਸਦੀ ਰੱਦ ਕਰਵਾਉਣ ਵਰਗੀਆਂ ਮੰਗਾਂ ਮਨਵਾਉਣ ਲਈ 43 ਦਿਨਾਂ ਤੋਂ ਪੱਕੇ ਮੋਰਚੇ ’ਤੇ ਬੈਠੇ ਹਨ ਪਰ ਇਸ ਡੇਢ ਮਹੀਨੇ ਦੌਰਾਨ ਮੁੱਖ ਮੰਤਰੀ, ਸਿੱਖਿਆ ਮੰਤਰੀ ਜਾਂ ਸਿਹਤ ਮੰਤਰੀ ਵੱਲੋਂ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨੇਕਾਂ ਵਾਰ ਮੀਟਿੰਗਾਂ ਦੇ ਲਿਖਤੀ ਅਤੇ ਜ਼ੁਬਾਨੀ ਭਰੋਸੇ ਦਿੱਤੇ ਗਏ ਪਰ ਸਭ ਲਾਰੇ ਸਾਬਤ ਹੋਏ ਹਨ।
ਪਿਛਲੇ ਦਿਨੀਂ ਬੇਰੁਜ਼ਗਾਰਾਂ ਨੂੰ 5 ਫਰਵਰੀ ਦੀ ਸਬ-ਕਮੇਟੀ ਨਾਲ ਪੈਨਲ ਮੀਟਿੰਗ ਸਬੰਧੀ ਭਰੋਸਾ ਮਿਲਿਆ ਸੀ ਜੋ ਕਿ ਮੁੜ ਲਾਰਾ ਹੀ ਨਿਕਲਿਆ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਸਿੱਖਿਆ ਅਤੇ ਸਿਹਤ ਵਿਭਾਗਾਂ ਵਿੱਚ ਕ੍ਰਾਂਤੀ ਦੇ ਕੀਤੇ ਜਾ ਰਹੇ ਦਾਅਵੇ ਕੋਰਾ ਝੂਠ ਹਨ। ਉਨ੍ਹਾਂ ਕਿਹਾ ਕਿ ਜੇ ਆਉਂਦੇ ਦਿਨਾਂ ਵਿੱਚ ਬੇਰੁਜ਼ਗਾਰਾਂ ਦੀ ਸਾਰ ਨਾ ਲਈ ਗਈ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨਗੇ।
ਪੰਜਾਬੀ ਟ੍ਰਿਬਯੂਨ